ਸਿੱਧੂ ਮੁੱਖ ਮੰਤਰੀ ’ਤੇ ਹਾਵੀ ਹੋਣ ਦੇ ਚੱਕਰ ਵਿਚ ਪਏ, ਕਿਸਾਨਾਂ ਦੀ ਮਦਦ ਕਰਨ ਦਾ ਕੋਈ ਇਰਾਦਾ ਨਹੀਂ : ਡਾ. ਦਲਜੀਤ ਸਿੰਘ ਚੀਮਾ
ਪੁੱਛਿਆ ਕਿ ਉਹ ਹੁਣ ਤੱਕ 2017 ਦੀਆਂ ਸੋਧਾਂ ਜਾਂ ਗਾਂਧੀ ਪਰਿਵਾਰ ਵੱਲੋਂ ਏ ਪੀ ਐਮ ਸੀ ਮੰਡੀਆਂ ਖਤਮ ਕਰਨ ਦੀ ਕੀਤੀ ਹਮਾਇਤ ਵਿਰੁੱਧ ਕਿਉਂ ਨਹੀਂ ਬੋਲਿਆ
ਚੰਡੀਗੜ੍ਹ, 15 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਆਖਿਆ ਕਿ ਉਹ ਪੁਰਾਣੇ ਮੁੱਦੇ ਚੁੱਕ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰੇ ਤੇ ਚੁਣੌਤੀ ਦਿੱਤੀ ਕਿ ਜੇਕਰ ਉਹ ਕਿਸਾਨਾਂ ਦੀ ਮਦਦ ਵਾਸਤੇ ਸਚਮੁੱਚ ਸੰਜੀਦਾ ਹਨ ਤਾਂ ਫਿਰ ਉਹ ਆਪਣੀ ਹੀ ਸਰਕਾਰ ਵੱਲੋਂ 2017 ਵਿਚ ਸੋਧੇ ਗਏ ਏ ਪੀ ਐਮ ਸੀ ਐਕਟ ਨੂੰ ਰੱਦ ਕਰਵਾਉਣ ਦੀ ਦਲੇਰੀ ਵਿਖਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਵੱਲੋਂ ਅੱਜ ਕੀਤੀ ਗਈ ਬਿਆਨਬਾਜ਼ੀ ਦਰਸਾਉਂਦੀ ਹੈ ਕਿ ਉਹ ਮੁੱਖ ਮੰਤਰੀ ’ਤੇ ਹਾਵੀ ਹੋਣ ਦਾ ਯਤਨ ਕਰ ਰਹੇ ਹਨ ਅਤੇ ਉਹਨਾਂ ਦਾ ਤਿੰਨ ਖੇਤੀ ਕਾਨੁੰਨ ਰੱਦ ਹੋਣੇ ਯਕੀਨੀ ਬਣਾਉਣ ਵਾਸਤੇ ਕੁਝ ਵੀ ਕਰਨ ਦਾ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਜਾਗ ਗਏ ਹਨ ਤੇ ਉਹਨਾਂ ਨੂੰ ਤਿੰਨ ਕਾਨੂੰਨਾਂ ਕਾਰਨ ਪੰਜਾਬ ਵਿਚ ਹੋ ਰਹੇ ਨੁਕਸਾਨ ਬਾਰੇ ਦੋ ਦਿਨ ਪਹਿਲਾਂ ਹੀ ਪਤਾ ਲੱਗਾ ਹੈ ਜਦੋਂ ਕਿ ਸੰਸਦ ਵੱਲੋਂ ਇਹ ਕਾਨੂੰਨ ਬਣਾਏ ਨੁੰ ਇਕ ਸਾਲ ਬੀਤ ਗਿਆ ਹੈ। ਉਹਨਾਂ ਕਿਹਾ ਕਿ ਸਿੱਧੂ ਹੁਣ ਗੂੜ੍ਹੀ ਨੀਂਦ ਵਿਚੋਂ ਜਾਗ ਗਏ ਹਨ ਤੇ ਆਪਣੇ ਆਪ ਨੂੰ ਕਿਸਾਨਾਂ ਦਾ ਹਮਦਰਦ ਸਾਬਤ ਕਰਨ ’ਤੇ ਲੱਗੇ ਹਨ ਹਾਲਾਂਕਿ ਉਹਨਾਂ ਪਿਛਲੇ ਇਕ ਸਾਲ ਵਿਚ ਇਸ ਮਾਮਲੇ ਵਿਚ ਕੁਝ ਵੀ ਨਹੀਂ ਕੀਤਾ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੱਡੀ ਤਾਂ ਪਹਿਲਾਂ ਹੀ ਲੰਘ ਗਈ ਹੈ ਤੇ ਉਹਨਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੁੰ ਕਿਹਾ ਕਿ ਉਹ ਸਿਆਣਪ ਵਿਖਾਉਣ ਅਤੇ ਥੋਥੇ ਦਾਅਵਿਆਂ ਨਾਲ ਪੰਜਾਬੀਆਂ ਦੀ ਸਿਆਣਪ ਦਾ ਅਪਮਾਨ ਨਾ ਕਰਨ।
2013 ਵਿਚ ਅਕਾਲੀ ਦਲ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਐਕਟ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਜਾਪਦਾਹੈ ਕਿ ਸਿੱਧੂ ਭੁੱਲ ਗਏ ਹਨ ਕਿ ਉਹਨਾਂ ਦੀ ਪਤਨੀ ਉਸ ਵੇਲੇ ਦੀ ਸਰਕਾਰ ਵਿਚ ਮੁੱਖ ਪਾਰਲੀਮਾਨੀ ਸਕੱਤਰ ਸੀ। ਉਹਨਾਂ ਕਿਹਾ ਕਿ ਸਿੱਧੂ ਪੁਰਾਣੀਆਂ ਫਾਈਲਾਂ ਖੋਲ੍ਹ ਕੇ ਐਕਟ ਪ੍ਰਤੀ ਕਾਂਗਰਸ ਪਾਰਟੀ ਦੇ ਹੁੰਗਾਰੇ ਨੂੰ ਵੇਖਣ ਵਿਚ ਨਾਕਾਮ ਰਹੇ ਹਨ। ਉਹਨਾਂ ਨੇ ਸਿੱਧੂ ਨੂੰ ਇਹ ਵੀ ਆਖਿਆ ਕਿ ਕੀ ਉਹਨਾਂ ਨੇ 2017 ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜਾਂ ਬਾਅਦ ਵਿਚ ਵੀ 2013 ’ਤੇ ਬਣੇ ਐਕਟ ’ਤੇ ਇਤਰਾਜ਼ ਕੀਤਾ ਸੀ ? ਉਹਨਾਂ ਕਿਹਾ ਕਿ ਹੁਣ ਜਦੋਂ ਚੋਣਾਂ ਸਿਰ ’ਤੇ ਆ ਗਈਆਂ ਹਨ ਤਾਂ ਤੁਸੀਂ ਆਪਣੀਆਂ ਨਾਕਾਮੀਆਂ ਛੁਪਾਉਣ ਵਾਸਤੇ ਇਹ ਮੁੱਦਾ ਚੁੱਕ ਰਹੇ ਹੋ ।
ਨਵਜੋਤ ਸਿੱਧੂ ’ਤੇ ਗਾਂਧੀ ਪਰਿਵਾਰ ਦੀ ਖੇਡ ਖੇਡਦਿਆਂ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਦਾ ਦੋਸ਼ ਲਾਉਂਦਿਆਂ ਡਾ.ਚੀਮਾ ਨੇ ਉਹਨਾਂ ਨੁੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਏ ਪੀ ਐਮ ਸੀ ਮੰਡੀਆਂ ਖਤਮ ਕਰਨ ਅਤੇ ਜ਼ਰੂਰੀ ਵਸਤਾਂ ਐਕਟ ਵੀ ਖਤਮ ਕਰਨ ਦੇ ਕਾਂਗਰਸ ਪਾਰਟੀ ਦੇ ਸਿਧਾਂਤਕ ਸਟੈਂਡ ਬਾਰੇ ਕਿਉਂ ਚੁੱਪ ਹਨ ? ਉਹਨਾਂ ਕਿਹਾ ਕਿ 2019 ਦੀਆਂ ਚੋਣਾਂ ਦੇ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਇਹ ਗੱਲਾਂ ਦਰਜ ਹਨ ਪਰ ਸਿੱਧੂ ਨੇ ਕਦੇ ਵੀ ਇਸ ਕਿਸਾਨ ਵਿਰੋਧੀ ਸਟੈਂਡ ਦਾ ਵਿਰੋਧ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸ ਤੋਂ ਉਹਨਾਂ ਦੇ ਅਸਲ ਰੰਗ ਪਤਾ ਲੱਗਦੇ ਹਨ। ਉਹਨਾਂ ਸਿੱਧੂ ਨੁੰ ਇਹ ਵੀ ਪੁੱਛਿਆ ਕਿ ਕੀ ਉਹਨਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਕਮੇਟੀ ਦੇ ਮੈਂਬਰ ਸਨ ਜਿਸਨੇ ਤਿੰਨ ਖੇਤੀ ਕਾਨੂੰਨਾਂ ਦੇ ਖਰੜੇ ਤਿਆਰ ਕੀਤੇ ਤੇ ਕਿਸਾਨਾਂ ਸਿਰ ਇਹ ਕਾਨੂੰਨ ਮੜ੍ਹੇ ? ਇਸ ਬਾਰੇ ਸਿੱਧੂ ਆਪਣਾ ਮੂੰਹ ਕਿਉਂ ਨਹੀਂ ਖੋਲ੍ਹ ਰਹੇ। ਉਹਨਾਂ ਕਿਹਾ ਕਿ ਇਸ ਤੋਂ ਹੀ ਸਿੱਧੂ ਦੇ ਅਸਲ ਰੰਗ ਪਤਾ ਲੱਗਦੇ ਹਨ ਤੇ ਇਹ ਸਾਬਤ ਹੁੰਦਾ ਹੈ ਕਿ ਉਹ ਕਿਵੇਂ ਗਾਂਧੀ ਪਾਰਟੀ ਦੀ ਜੀ ਹਜ਼ੂਰੀ ਵਿਚ ਲੱਗਾ ਹੈ।
ਡਾ. ਚੀਮਾ ਨੇ ਕਿਹਾ ਕਿ ਸਿੱਧੂ ਨੂੰ ਇਹ ਵੀ ਪੁੱਛਿਆ ਕਿ ਉਹ 2017 ਵਿਚ ਆਪਣੀ ਹੀ ਸਰਕਾਰ ਵੱਲੋਂ ਏ ਪੀ ਐਮ ਸੀ ਐਕਟ ਸੋਧ ਕੇ ਤਿੰਨ ਕਾਲੇ ਕਾਨੂੰਨਾਂ ਵਾਲੀ ਵਿਵਸਥਾ ਇਸ ਵਿਚ ਸ਼ਾਮਲ ਕਰਨ ਬਾਰੇ ਕਿਉਂ ਨਹੀਂ ਬੋਲ ਰਹੇ ? ਉਹਨਾਂ ਕਿਹਾ ਕਿ ਇਹ ਸੋਧਾਂ ਪ੍ਰਾਈਵੇਟ ਮੰਡੀਆਂ ਦੀ ਸਿਰਜਣਾਂ, ਕਿਸਾਨਾਂ ਤੋਂ ਸਿੱਧੀ ਖਰੀਦ, ਇਕਸਾਰ ਲਾਇਸੰਸ ਪ੍ਰਣਾਲੀ ਤੇ ਈ ਟਰੇਡਿੰਗ ਪਲੈਟਫਾਰਮ ਸਥਾਪਿਤ ਕਰਨ ਦੀ ਗੱਲ ਕਰਦੀਆਂ ਹਨ। ਉਹਨਾਂ ਕਿਹਾ ਕਿ ਇਸ ਬਾਰੇ ਤੁਸੀਂ ਹਾਲੇ ਤੱਕ ਆਵਾਜ਼ ਨਹੀਂ ਚੁੱਕੀ ਤੇ ਸਿਰਫ ਡਰਾਮੇਬਾਜ਼ੀ ਕਰਨ ਤੇ ਮਾੜੇ ਦੋਸ਼ ਲਾਉਣ ‘ਤੇ ਲੱਗੇ ਹੋ।
ਅਕਾਲੀ ਆਗੂ ਨੇ ਸਿੱਧੂ ਨੁੰ ਆਖਿਆ ਕਿ ਉਹ ਸਿਆਣਪ ਵਿਖਾਉਣ ਅਤੇ ਰੌਲਾ ਪਾਉਣ ਵਾਲੇ ਦੀ ਥਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਪੇਸ਼ ਆਉਣ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਕਾਲੇ ਕਾਨੂੰਨਾਂ ਨੁੰ ਖਾਰਜ ਕਰਨ ਦੀ ਮੰਗ ਪ੍ਰਧਾਨ ਮੰਤਰੀ ਕੋਲ ਚੁੱਕਣ ਲਈ ਵਫਦ ਦੀ ਅਗਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਹੀ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਚੁੰਗਲ ਵਿਚੋਂ ਛੁਡਾ ਸਕਦੀਆਂ ਹਨ ਨਾ ਕਿ ਬੇਤੁਕੀਆਂ ਗੱਲਾਂ ਜਿਹਨਾਂ ਦਾ ਕੋਈ ਮਤਲਬ ਹੀ ਨਾ ਹੋਵੇ। ਉਹਨਾਂ ਕਿਹਾ ਸਿੱਧੂ ਨੁੰ ਇਹ ਗੱਲ ਸਮਝ ਕੇ ਕਿਸਾਨਾਂ ਦੇ ਹਿੱਤ ਵਿਚ ਦਰੁੱਸਤ ਕਦਮ ਚੁੱਕਣੇ ਚਾਹੀਦੇ ਹਨ।