ਕਿਹਾ ਕਿ ਕਬੱਡੀ ਫੈਡਰੇਸ਼ਨ ਦੇ ਬਿਆਨ ਕਿ ਭਗਵਾਨਪੁਰੀਆ ਅਤੇ ਉਸ ਦੇ ਸਾਥੀ ਕਬੱਡੀ ਪ੍ਰਬੰਧਕਾਂ ਨੂੰ ਧਮਕਾ ਅਤੇ ਟੂਰਨਾਮੈਂਟਾਂ ਉੱਤੇ ਕੰਟਰੋਲ ਕਰ ਰਹੇ ਹਨ, ਉੱਤੇ ਸੂਬਾ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ
ਆਈਜੀ ਕੁੰਵਰ ਵਿਜੈ ਪ੍ਰਤਾਪ ਵੱਲੋਂ ਭਗਵਾਨਪੁਰੀਆ ਨੂੰ ਦਿੱਤੀ ਕਲੀਨ ਚਿਟ ਦੇਣ ਦਾ ਸਖ਼ਤ ਨੋਟਿਸ ਲਿਆ
ਇਹ ਕਬੂਲ ਕਰਦੇ ਹੋਏ ਕਿ ਕਬੱਡੀ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਧਮਕਾਇਆ ਜਾ ਰਿਹਾ ਹੈ, ਉਹਨਾਂ ਦੀ ਵੇਦਨਾ ਸਮਝਣ ਲਈ ਰਾਣਾ ਸੋਢੀ ਦੀ ਸ਼ਲਾਘਾ ਕੀਤੀ
ਚੰਡੀਗੜ੍ਹ/29 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਹ ਕਹਿੰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਤੁਰੰਤ ਬਰਖ਼ਾਸਤਗੀ ਦੀ ਮੰਗ ਕੀਤੀ ਹੈ ਕਿ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ਵਿਚੋਂ ਨਸ਼ਾ ਕਾਰੋਬਾਰ ਦੇ ਪੈਸੇ ਨਾਲ ਕਬੱਡੀ ਟੂਰਨਾਮੈਂਟਾਂ ਉੱਤੇ ਕੰਟਰੋਲ ਕਰਨ ਵਾਲੇ ਰੈਕਟ ਦੀ ਤਦ ਤਕ ਜਾਂਚ ਨਹੀਂ ਹੋ ਸਕੇਗੀ, ਜਦ ਤਕ ਉਸ ਨੂੰ ਜੇਲ੍ਹ ਮੰਤਰੀ ਦੀ ਸਰਪ੍ਰਸਤੀ ਹਾਸਿਲ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਾਰਥ ਇੰਡੀਆ ਸਰਕਲ ਸਟਾਇਲ ਕਬੱਡੀ ਫੈਡਰੇਸ਼ਨ ਨੇ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਜੱਗੂ ਭਗਵਾਨਪੁਰੀਆ ਆਸਟਰੇਲੀਆ ਅਤੇ ਨਿਊਜ਼ਲੈਂਡ ਵਿਚ ਆਪਣੇ ਸਾਥੀਆਂ ਦੇ ਜ਼ਰੀਏ ਕਬੱਡੀ ਪ੍ਰਬੰਧਕਾਂ ਨੂੰ ਡਰਾ-ਧਮਕਾ ਕੇ ਨਸ਼ਾ ਕਾਰੋਬਾਰ ਦੇ ਪੈਸੇ ਦੀ ਮੱਦਦ ਨਾਲ ਕਬੱਡੀ ਟੂਰਨਾਮੈਂਟਾਂ ਉੱਤੇ ਕੰਟਰੋਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਫੈਡਰੇਸ਼ਨ ਨੇ ਇਸ ਸੰਬੰਧੀ ਸੂਬੇ ਦੇ ਡੀਜੀਪੀ ਨੂੰ ਲਿਖੇ ਪੱਤਰ ਵਿਚ ਭਗਵਾਨਪੁਰੀਆ ਦੇ ਸਾਥੀਆਂ ਦੇ ਫੋਨ ਨੰਬਰ ਦਿੱਤੇ ਹਨ ਅਤੇ ਦੱਸਿਆ ਹੈ ਕਿ ਇਹਨਾਂ ਵਿਅਕਤੀਆਂ, ਜਿਹਨਾਂ ਵਿਚ ਗੁਰਦਾਸਪੁਰ ਵਿਚ ਪੈਂਦੇ ਪਿੰਡ ਸੁੱਖਾ ਰਾਜੂ ਦਾ ਕੰਵਲ ਸਿੰਘ ਵੀ ਸ਼ਾਮਿਲ ਹੈ, ਨੂੰ ਸਿਆਸੀ ਪੁਸ਼ਤਪਨਾਹੀ ਹਾਸਿਲ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਬੱਡੀ ਫੈਡਰੇਸ਼ਨ ਵੱਲੋਂ ਕੀਤੇ ਖੁਲਾਸੇ ਨੇ ਅਕਾਲੀ ਦਲ ਅਤੇ ਸੱਿਭਅਕ ਸਮਾਜ ਦੇ ਉਹਨਾਂ ਖ਼ਦਸ਼ਿਆਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਬੇਰਹਿਮੀ ਨਾਲ ਕੀਤੇ ਕਤਲ ਲਈ ਮੰਤਰੀ-ਗੈਂਗਸਟਰ ਦਾ ਨਾਪਾਕ ਗਠਜੋੜ ਜ਼ਿੰਮੇਵਾਰ ਸੀ।
ਸਾਬਕਾ ਮੰਤਰੀ ਨੇ ਕਿਹਾ ਕਿ ਇਹਨਾਂ ਖੁਲਾਸਿਆਂ ਤੋਂ ਇਲਾਵਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਕਿ ਜੱਗੂ ਭਗਵਾਨਪੁਰੀਆ ਜੇਲ੍ਹ ਵਿਚ ਬੈਠਾ ਫਿਰੌਤੀ ਰੈਕਟ ਚਲਾ ਰਿਹਾ ਹੈ, ਦੇ ਬਾਵਜੂਦ ਵੀ ਇਸ ਮਾਮਲੇ ਉੱਤੇ ਪਰਦਾ ਪਾਇਆ ਜਾ ਰਿਹਾ ਹੈ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਸਮੇਤ ਨਾਮੀ ਬਦਮਾਸ਼ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਅਕਾਲੀ ਵਿਧਾਇਕਾਂ ਦੁਆਰ ਸੂਬੇ ਦੇ ਡੀਜੀਪੀ ਨਾਲ ਮੁਲਾਕਾਤ ਕਰਨ ਅਤੇ ਉਹਨਾਂ ਨੂੰ ਭਗਵਾਨਪੁਰੀਆ ਵੱਲੋਂ ਜੇਲ੍ਹ ਵਿਚੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਦਸਤਾਵੇਜ਼ੀ ਸਬੂਤ ਸੌਂਪਣ ਤੋਂ ਕੁੱਝ ਹੀ ਘੰਟਿਆਂ ਮਗਰੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ 'ਏ' ਕੈਟਾਗਰੀ ਗੈਂਗਸਟਰ ਨੂੰ ਕਲੀਨ ਚਿੱਟ ਦੇਣ ਵਾਲਾ ਬਿਆਨ ਜਾਰੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸੂਬੇ ਦੇ ਡੀਜੀਪੀ ਨੂੰ ਪੁਲਿਸ ਅਧਿਕਾਰੀ ਦੀ ਇਸ ਗੈਰਪੇਸ਼ਾਵਰਾਨਾ ਪਹੁੰਚ ਦਾ ਨੋਟਿਸ ਲੈਂਦਿਆਂ ਉਸ ਖ਼ਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਜੇਲ੍ਹ ਵਿੱਚੋਂ ਜਾਰੀ ਕੀਤੀਆਂ ਜਾ ਰਹੀਆਂ ਵੀਡਿਓਜ਼ ਵਿਚ ਇੱਕ ਨਵੀਂ ਵੀਡਿਓ ਆਈ ਹੈ, ਜਿਸ ਵਿਚ ਭਗਵਾਨਪੁਰੀਆ ਅਤੇ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਗੁਣਗਾਣ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਦਾ ਇਸ ਬਾਰੇ ਕੀ ਕਹਿਣਾ ਹੈ? ਉਹਨਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਉਹ ਕਿਸੇ ਗੈਂਗਸਟਰ ਦੀ ਪੁਸ਼ਤਪਨਾਹੀ ਕਰਨ। ਇਸੇ ਦੌਰਾਨ ਉਹਨਾਂ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਸ਼ਲਾਘਾ ਕੀਤੀ, ਜਿਹਨਾਂ ਨੇ ਇਹ ਬਿਆਨ ਦੇ ਕੇ ਕਿ ਕਬੱਡੀ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਧਮਕਾਇਆ ਜਾ ਰਿਹਾ ਹੈ, ਉਹਨਾਂ ਦੀ ਵੇਦਨਾ ਸਮਝਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਖੇਡ ਮੰਤਰੀ ਨੇ ਇਹ ਬਿਆਨ ਖੁਦ ਵੇਖੀ-ਸੁਣੀ ਸੱਚਾਈ ਮਗਰੋਂ ਜਾਰੀ ਕੀਤਾ ਹੈ। ਸਰਕਾਰ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕਬੱਡੀ ਖਿਡਾਰੀਆਂ ਅਤੇ ਪ੍ਰਬੰਧਕਾਂ ਦੇ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਸੋਸ਼ਣ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ।