ਚੰਡੀਗੜ੍ਹ/02 ਮਈ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਬੀਬੀ ਅਮਰਪਾਲ ਕੌਰ ਦੀ ਅਚਾਨਕ ਹੋਈ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਬੀ ਲੌਂਗੋਵਾਲ ਦੀ ਸੰਖੇਪ ਬੀਮਾਰੀ ਮਗਰੋਂ ਅੱਜ ਸੰਗਰੂਰ ਵਿਖੇ ਦੇਹਾਂਤ ਹੋ ਗਿਆ। ਉਹ 60 ਸਾਲ ਦੇ ਸਨ।
ਆਪਣੇ ਸ਼ੋਕ ਸੁਨੇਹੇ ਵਿਚ ਸਾਬਕਾ ਮੁੱਖ ਮੰਤਰੀ ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਕਿਸੇ ਦਾ ਜੀਵਨ ਸਾਥੀ ਇੰਨੀ ਛੋਟੀ ਉਮਰ ਵਿਚ ਵਿਛੜ ਜਾਂਦਾ ਹੈ ਤਾਂ ਉਸ ਦੁੱਖ ਨੂੰ ਬਿਆਨ ਕਰਨ ਲਈ ਸ਼ਬਦ ਥੋੜ੍ਹੇ ਪੈ ਜਾਂਦੇ ਹਨ। ਉਹਨਾਂ ਕਿਹਾ ਕਿ ਬੀਬੀ ਅਮਰਪਾਲ ਕੌਰ ਇੱਕ ਬਹੁਤ ਹੀ ਦਿਆਲੂ ਸੁਭਾਅ ਦੇ ਮਾਲਕ ਸਨ, ਜਿਹਨਾਂ ਨੂੰ ਹਮੇਸ਼ਾਂ ਲੋੜਵੰਦਾਂ ਅਤੇ ਗਰੀਬਾਂ ਦੀ ਮੱਦਦ ਕਰਨ ਵਿਚ ਖੁਸ਼ੀ ਮਿਲਦੀ ਸੀ। ਉਹਨਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਮਾਤਮਾ ਅੱਗੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।
ਇੱਕ ਹੋਰ ਸੁਨੇਹੇ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬੀਬੀ ਅਮਰਪਾਲ ਕੌਰ ਨੂੰ ਹਮੇਸ਼ਾਂ ਯਤੀਮਾਂ ਅਤੇ ਨਿਆਸਰਿਆਂ ਦੀ ਮੱਦਦ ਕਰਨ ਲਈ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਇਸ ਔਖੀ ਘੜੀ ਵਿਚ ਜਥੇਦਾਰ ਲੌਂਗੋਵਾਲ ਦੇ ਦੁੱਖ ਨੂੰ ਸਮਝਦੇ ਹਨ। ਉਹਨਾਂ ਪਰਮਾਤਮਾ ਅੱਗੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।