ਮੁੱਖ ਮੰਤਰੀ ਤੇ ਡੀ ਜੀ ਪੀ ਵੱਲੋਂ ਸੂਬਾ ਭਾਜਪਾ ਪ੍ਰਧਾਨ ’ਤੇ ਹਮਲੇ ਲਈ 25 ਕਿਸਾਨ ਸੰਗਠਨਾਂ ਨੂੰ ਜ਼ਿੰਮੇਵਾਰ ਕਰਾਰ ਦੇਣ ਦੀ ਕੀਤੀ ਨਿਖੇਧੀ
ਚੰਡੀਗੜ੍ਹ, 15 ਅਕਤੂਬਰ, 2020 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਚੇਤਾਵਨੀ ਦਿੱਤੀ ਜੇਕਰ ਪੁਲਿਸ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਕਾਂਗਰਸੀਆਂ ਵੱਲੋਂ ਕੀਤੇ ਹਮਲੇ ਲਈ ਕਿਸੇ ਵੀ ਕਿਸਾਨ ਖਿਲਾਫ ਝੂਠਾ ਕੇਸ ਦਰਜ ਕੀਤਾ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਘਿਰਾਓ ਕਰੇਗਾ।
ਇਥੇ ਇਕ ਪ੍ਰੈਸ ਕਾਨਫਰੰਸ ਕਰਨ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਡੱਟ ਕੇ ਖੜ੍ਹਾ ਹੈ ਤੇ ਖੜ੍ਹੇਗਾ ਕਿਉਂਕਿ ਉਹ ਕਾਲੇ ਖੇਤੀ ਮੰਡੀਕਰਣ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਹਨ ਤੇ ਪਾਰਟੀ ਨੇ ਕਿਸਾਨਾਂ ਤੇ ਉਹਨਾਂ ਦੇ ਹਿੱਤਾਂ ਖਿਲਾਫ ਬੋਲਣ ਵਾਲਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀਜਨਕ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ ਜੀ ਪੀ ਦਿਨਕਰ ਗੁਪਤਾ ਨੇ ਬਿਆਨ ਦਿੱਤਾ ਹੈ ਕਿ ਭਾਜਪਾ ਪ੍ਰਧਾਨ ’ਤੇ ਦੋ ਦਿਨ ਪਹਿਲਾਂ ਹੋਏ ਹਮਲੇ ਬਾਰੇ ਭਾਵੇਂ ਪਹਿਲਾਂ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਰ ਹੁਣ 25 ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਹਮਲੇ ਵਿਚ ਸ਼ਮੂਲੀਅਤ ਬਾਰੇ ਸ਼ਨਾਖ਼ਤ ਹੋਈ ਹੈ। ਉਹਨਾਂ ਕਿਹਾ ਕਿ ਇਹ ਹੋਰ ਕੁਝ ਨਹੀਂ ਸਿਰਫ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਦਾ ਇਕ ਯਤਨ ਹੈ ਜਿਸਦੀ ਅਸੀਂ ਕਿਸੇ ਵੀ ਕੀਮਤ ’ਤੇ ਆਗਿਆ ਨਹੀਂ ਦਿਆਂਗੇ।
ਸ੍ਰੀ ਮਜੀਠੀਆ ਤੇ ਡਾ. ਚੀਮਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਭਾਜਪਾ ਪ੍ਰਧਾਨ ਨੇ ਆਪ ਆਖਿਆ ਹੈ ਕਿ ਉਹਨਾਂ ’ਤੇ ਹਮਲਾ ਕਾਂਗਰਸੀਆਂ ਨੇ ਕੀਤਾ ਹੈ। ਉਹਨਾਂ ਕਿਹਾ ਕਿ ਲੁਧਿਆਣਾ ਤੋਂ ਕਾਂਗਰਸ ਦੇ ਐਮ ਪੀ ਰਵਨੀਤ ਬਿੱਟੂ ਨੇ ਖੁਦ ਮੰਨਿਆ ਹੈ ਕਿ ਹਮਲੇ ਵਿਚ ਕਾਂਗਰਸੀ ਸ਼ਾਮਲ ਹਨ, ਫਿਰ ਸੂਬਾ ਸਰਕਾਰ ਮਾਸੂਮ ਕਿਸਾਨਾਂ ਦੀ ਥਾਂ ਬਿੱਟੂ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ ?
ਅਕਾਲੀ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਕਾਂਗਰਸ ਸਰਕਾਰ ਅਜਿਹਾ ਕੋਈ ਕਦਮ ਨਾ ਚੁੱਕੇ ਜਿਸ ਨਾਲ ਸੂਬੇ ਵਿਚ ਬਹੁਤ ਮੁਸ਼ਕਿਲ ਨਾਲ ਮਿਲੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਹੁੰਦੀ ਹੋਵੇ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨਾ ਟਲੀ ਅਤੇ ਉਹ ਅੱਗ ਨਾਲ ਹੀ ਖੇਡਣ ਦੀ ਇੱਛੁਕ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹਿਤਾਂ ਅਤੇ ਇਹਨਾਂ ਦੇ ਆਗੂਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਇਕ ’ਮੋਰਚੇ’ ਦੀ ਸ਼ੁਰੂਆਤ ਕਰੇਗਾ।