ਪਾਕਿਸਤਾਨ ਸਰਕਾਰ ਨੂੰ ਸਿੱਖ ਦੇ ਜਜ਼ਬਾਤਾਂ ਦਾ ਸਨਮਾਨ ਕਰਦਿਆਂ ਭਾਰਤ ਦੇ ਉਪਰਾਲੇ ਦੇ ਜੁਆਬ ਵਿਚ ਹਾਂ-ਪੱਖੀ ਕਾਰਵਾਈ ਕਰਨ ਦੀ ਅਪੀਲ ਕੀਤੀ
ਕਿਹਾ ਕਿ ਗੁਰੂ ਸਾਹਿਬਾਨ ਦੀ ਬ੍ਰਹਿਮੰਡੀ ਦ੍ਰਿਸ਼ਟੀ ਨੂੰ ਇਹ ਢੁੁੱਕਵੀਂ ਸ਼ਰਧਾਂਜ਼ਲੀ ਹੈ
ਚੰਡੀਗੜ੍ਹ/22 ਨਵੰਬਰ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸਿੱਖ ਸੰਗਤਾਂ ਨੂੰ ਪਾਕਿਸਤਾਨ ਵਿਚ ਪੈਂਦੇ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਦੇਣ ਖਾਤਿਰ ਆਧੁਨਿਕ ਕਿਸਮ ਦਾ ਲਾਂਘਾ ਤਿਆਰ ਕਰਨ ਵਾਸਤੇ ਕੀਤੇ ਉਪਰਾਲੇ ਲਈ ਐਨਡੀਏ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਪਵਿੱਤਰ ਸਥਾਨ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ 18 ਸਾਲ ਗੁਜ਼ਾਰੇ ਸਨ।
ਇਸ ਬਾਰੇ ਇੱਕ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮਨੁੱਖਾਂ ਵਿਚਕਾਰ ਹਰ ਕਿਸਮ ਦੇ ਜਾਤਾਂ, ਨਸਲਾਂ ਅਤੇ ਮੁੁਲਕਾਂ ਦੇ ਵਖਰੇਂਵਿਆਂ ਨੂੰ ਮਿਟਾਉਣ ਵਾਲੀ ਮਹਾਨ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬ੍ਰਹਿਮੰਡੀ ਦ੍ਰਿਸ਼ਟੀ ਨੂੰ ਇਹ ਇੱਕ ਸੱਚੀ ਸ਼ਰਧਾਂਜ਼ਲੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਐਨਡੀਏ ਸਰਕਾਰ ਵੱਲੋਂ ਆਪਣੀ ਪਾਕਿਸਤਾਨੀ ਹਮਰੁਤਬਾ ਨੂੰ ਕੀਤੀ ਰਸਮੀ ਬੇਨਤੀ ਰਾਹੀਂ ਇੱਕ ਚਿਰੋਕਣੇ ਸੁਫਨੇ ਨੂੰ ਪੂਰਾ ਕਰਨ ਅਤੇ ਪਾਕਿਸਤਾਨ ਵਿਚ ਪੈਂਦੇ ਇਤਿਹਾਸਕ ਗੁਰਧਾਮ ਦੇ ਦਰਸ਼ਨਾਂ ਲਈ ਹਰ ਸਿੱਖ ਵੱਲੋਂ ਕੀਤੀ ਜਾਂਦੀ ਅਰਦਾਸ ਦੇ ਰਾਹ ਵਿਚਲੀਆਂ ਸਾਰੀਆਂ ਰੁਕਾਵਟਾਂ ਖ਼ਤਮ ਹੋ ਜਾਣੀਆਂ ਚਾਹੀਦੀਆਂ ਹਨ।
ਸਰਦਾਰ ਬਾਦਲ ਨੇ ਦੁਨੀਆਂ ਭਰ ਦੇ ਸਿੱਖਾਂ ਦੇ ਜਜ਼ਬਾਤਾਂ ਅਤੇ ਇੱਛਾਵਾਂ ਦਾ ਸਨਮਾਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਉਹਨਾਂ ਸਿੱਖ ਜਜ਼ਬਾਤਾਂ ਨੂੰ ਇੱਕ ਇਤਿਹਾਸਕ ਅਤੇ ਬੇਮਿਸਾਲ ਸ਼ਰਧਾਂਜ਼ਲੀ ਹੈ, ਜਿਹਨਾਂ ਦਾ ਜ਼ਿਕਰ ਸਾਡੀ ਰੋਜ਼ਾਨਾ ਅਰਦਾਸ ਅੰਦਰ ਇਸ ਤਰ੍ਹਾਂ ਹੰੁਦਾ ਹੈ ਕਿ ਸਿੱਖਾਂ ਨੂੰ ਉਹਨਾਂ ਸਾਰੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਮਾਣ ਬਖਸ਼ਿਆ ਜਾਵੇ, ਜਿਹਨਾਂ ਕੋਲੋਂ 1947 ਦੀ ਭਾਰਤ-ਪਾਕਿਸਤਾਨ ਵੰਡ ਕਰਕੇ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ।
ਸਰਦਾਰ ਬਾਦਲ ਨੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਦੇ ਮਹਾਨ ਉਪਰਾਲੇ ਅਤੇ ਦੁਨੀਆਂ ਭਰ ਦੇ ਸਿੱਖਾਂ ਦੇ ਜਜ਼ਬਾਤਾਂ ਦਾ ਸਨਮਾਨ ਕਰਦਿਆਂ ਭਾਰਤ ਸਰਕਾਰ ਵੱਲੋ ਐਲਾਨੇ ਲਾਂਘੇ ਵਾਸਤੇ ਤੁਰੰਤ ਸਰਹੱਦ ਨੂੰ ਖੋਲ੍ਹਣ ਦਾ ਐਲਾਨ ਕਰੇ।
ਸਰਦਾਰ ਬਾਦਲ ਨੇ ਯਾਦ ਕੀਤਾ ਕਿ ਇਹ 1999 ਦੀ ਗੱਲ ਹੈ, ਜਦੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਅਕਾਲੀ-ਭਾਜਪਾ ਸਰਕਾਰ ਦੀ ਪੂਰੀ ਦੁਨੀਆਂ ਦੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਵਾਸਤੇ ਰੋਜ਼ਾਨਾ ਕੀਤੀ ਜਾਂਦੀ ਸਿੱਖ ਅਰਦਾਸ ਨੂੰ ਪੂਰਾ ਕਰਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ। ਸਵਰਗੀ ਪ੍ਰਧਾਨ ਮੰਤਰੀ ਨੇ ਇਹ ਮੁੱਦਾ ਉਸ ਸਮੇਂ ਦੇ ਆਪਣੇ ਪਾਕਿਸਤਾਨੀ ਹਮਰੁਤਬਾ ਕੋਲ ਉਠਾਇਆ ਸੀ, ਪਰ ਅਜੇ ਤੀਕ ਸਰਹੱਦ ਪਾਰੋਂ ਇਸ ਦਾ ਕੋਈ ਹੰੁਗਾਰਾ ਨਹੀਂ ਮਿਲਿਆ ਹੈ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਪਾਕਿਸਤਾਨ ਸਰਕਾਰ ਮਹਾਨ ਗੁਰੂ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਕਾਰਣ ਭਗਤੀ ਅਤੇ ਧਾਰਮਿਕ ਉਤਸ਼ਾਹ ਦੇ ਜਸ਼ਨਾਂ ਵਿਚ ਰੰਗੇ ਇਸ ਮਾਹੌਲ ਦਾ ਸਨਮਾਨ ਕਰਦੀ ਹੈ ਅਤੇ ਉਸ ਨੇ ਕਰਤਾਰਪੁਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਨਿਰਵਿਘਨ ਦਰਸ਼ਨਾਂ ਲਈ ਸਰਹੱਦ ਨੂੰ ਖੋਲ੍ਹ ਦੇਣਾ ਹੈ।
ਸਰਦਾਰ ਬਾਦਲ ਨੇ ਭਾਰਤੀ ਰੇਲਵੇ ਵੱਲੋਂ ਇੱਕ ਖਾਸ ਟਰੇਨ ਚਲਾਉਣ ਦੇ ਫੈਸਲੇ ਲਈ ਵੀ ਭਾਰਤ ਸਰਕਾਰ ਦਾ ਸਵਾਗਤ ਕੀਤਾ, ਜਿਹੜੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਸਾਰੇ ਪਵਿੱਤਰ ਸਥਾਨਾਂ ਕੋਲੋਂ ਦੀ ਲੰਘੇਗੀ। ਇਸ ਤੋਂ ਇਲਾਵਾ ਉਹਨਾਂ ਨੇ ਪਰਕਾਸ਼ ਉਤਸਵ ਦੇ ਪਵਿੱਤਰ ਮੌਕੇ ਉੱਤੇ ਯਾਦਗਾਰੀ ਸਿੱਕੇ ਅਤੇ ਡਾਕ ਟਿਕਟਾਂ ਜਾਰੀ ਕਰਨ ਦੇ ਫੈਸਲੇ ਲਈ ਵੀ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ।
ਇਸ ਤੋਂ ਪਹਿਲਾਂ ਅੱਜ ਕੇਂਦਰੀ ਕੈਬਨਿਟ ਨੇ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤਕ ਕਰਤਾਰਪੁਰ ਲਾਂਘਾ ਤਿਆਰ ਦੀ ਪ੍ਰਵਾਨਗੀ ਦੇ ਦਿੱਤੀ ਸੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਕਰਤਾਰਪੁਰ ਲਾਂਘਾ ਪ੍ਰਾਜੈਕਟ ਉੱਤੇ ਕੇਂਦਰ ਸਰਕਾਰ ਵੱਲੋਂ ਸਾਰੀਆਂ ਆਧੁਨਿਕ ਸਹੂਲਤਾਂ ਦਾ ਬੰਦੋਬਸਤ ਕੀਤਾ ਜਾਵੇਗਾ।