ਚੰਡੀਗੜ੍ਹ/28 ਫਰਵਰੀ: ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਤੋਂ ਜਬਰਦਸਤੀ ਚੁੱਕ ਕੇ ਅਤੇ ਮਾਰ ਕੁੱਟ ਕਰਕੇ ਥਾਣੇ ਡੱਕੇ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਦਿਲਾਸਾ ਦੇਣ ਲਈ ਸੈਕਟਰ 3 ਦੇ ਪੁਲਿਸ ਸਟੇਸ਼ਨ ਪੁੱਜੇ।
ਇਸ ਘਿਨੌਣੀ ਕਾਰਵਾਈ ਉੱਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਇਸ ਨੂੰ 'ਲੋਕਤੰਤਰ ਦਾ ਕਤਲ' ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਿਰਫ ਜਗੀਰਦਾਰੀ ਨਿਜ਼ਾਮ ਅੰਦਰ ਹੀ ਹਾਕਮ ਆਪਣੀ ਪਰਜਾ ਨਾਲ ਅਜਿਹਾ ਸਲੂਕ ਕਰਦੇ ਸਨ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹੀ ਘਟਨਾ ਕਦੇ ਵੀ ਨਹੀਂ ਵਾਪਰੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਾਰੇ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰ ਵਿੱਤ ਮੰਤਰੀ ਨੂੰ ਨਿੱਜੀ ਤੌਰ ਤੇ ਮਿਲਣਾ ਚਾਹੁੰਦੇ ਸਨ ਤਾਂ ਕਿ ਉਹ ਉਸ ਨੂੰ ਬੇਨਤੀ ਕਰ ਸਕਣ ਕਿ ਉਹ ਪੀੜਤ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਮੁਆਵਜ਼ਾ ਦੀ ਕਾਂਗਰਸ ਸਰਕਾਰ ਦੀ ਪ੍ਰਤੀਬੱਧਤਾ ਨੂੰ ਸੂਬੇ ਦੇ ਬਜਟ ਵਿਚ ਸ਼ਾਮਿਲ ਕਰ ਲੈਣ। ਵਿੱਤ ਮੰਤਰੀ ਬਾਹਰ ਆ ਕੇ ਉੁਹਨਾਂ ਦੀ ਮੰਗ ਸੁਣ ਸਕਦਾ ਸੀ। ਪਰ ਅਜਿਹਾ ਕਰਨ ਦੇ ਬਜਾਇ ਉਸ ਨੇ ਪੀੜਤਾਂ ਨਾਲ ਨਜਿੱਠਣ ਲਈ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ।
ਚੰਡੀਗੜ੍ਹ ਪੁਲਿਸ ਵੱਲੋਂ ਪੀੜਤ ਪਰਿਵਾਰਾਂ ਜਿਹਨਾਂ ਵਿਚ ਅਪਾਹਜ, ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ ਅਤੇ ਉਹਨਾਂ ਦਾ ਸਾਥ ਦੇ ਰਹੇ ਅਕਾਲੀ ਵਿਧਾਇਕਾਂ ਨਾਲ ਕੀਤੀ ਗਈ ਬਦਸਲੂਕੀ ਦੀ ਸਖ਼ਤ ਨਿੰਦਾ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਕਾਰਵਾਈ ਲੋਕਤੰਤਰ ਦੇ ਸਾਰੇ ਅਸੂਲਾਂ ਦੇ ਖ਼ਿਲਾਫ ਸੀ ਅਤੇ ਪਹਿਲਾਂ ਕਦੇ ਨਹੀਂ ਸੀ ਹੋਈ। ਉਹਨਾਂ ਨੇ ਅਕਾਲੀ ਵਿਧਾਇਕਾਂ ਨਾਲ ਕੀਤੀ ਧੱਕਾਮੁੱਕੀ, ਖਿੱਚਧੂਹ ਅਤੇ ਬਦਸਲੂਕੀ ਦੀ ਵੀ ਸਖ਼ਤ ਨਿਖੇਧੀ ਕੀਤੀ।
ਸਾਬਕਾ ਮੁੱਖ ਮੰਤਰੀ ਨੇ ਕਿਸਾਨ ਖੁਦਕੁæਸ਼ੀ ਪੀੜਤ ਪਰਿਵਾਰਾਂ ਦਾ ਸਾਥ ਦੇਣ ਵਾਲੇ ਅਕਾਲੀ ਵਿਧਾਇਕਾਂ ਖ਼ਿæਲਾਫ ਇੱਕ ਵਿਸ਼ੇਸ਼ ਅਧਿਕਾਰ ਮਤਾ ਲਿਆਉਣ ਲਈ ਕਾਂਗਰਸ ਸਰਕਾਰ ਨੂੰ ਸਖ਼ਤ ਫਟਕਾਰ ਲਾਈ। ਉਹਨਾਂ ਕਿਹਾ ਕਿ ਅਕਾਲੀ ਵਿਧਾਇਕ ਸਿਰਫ ਪੀੜਤ ਪਰਿਵਾਰਾਂ ਦੀ ਮੱਦਦ ਕਰ ਰਹੇ ਸਨ ਅਤੇ ਉਹਨਾਂ ਨੇ ਇੱਕ ਜਨਤਕ ਮੁੱਦਾ ਉਠਾਇਆ ਸੀ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਅਕਾਲੀ ਦਲ ਨੂੰ ਇਨਸਾਫ ਦੀ ਲੜਾਈ ਲੜਣ ਤੋਂ ਨਹੀਂ ਰੋਕ ਸਕਦੀਆਂ। ਗਰੀਬਾਂ, ਦੱਬੇ ਕੁਚਲਿਆਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਲੜਣ ਦਾ ਅਕਾਲੀ ਦਲ ਦਾ ਲੰਬਾ ਇਤਿਹਾਸ ਹੈ। ਇਸ ਵਿਸ਼ੇਸ਼ ਅਧਿਕਾਰ ਮਤੇ ਦਾ ਸਮਰਥਨ ਕਰਨ ਲਈ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਵੀ ਨਿਖੇਧੀ ਕੀਤੀ। ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਸਾਬਿਤ ਹੋ ਗਿਆ ਹੈ ਕਿ ਆਪ ਨਾ ਸਿਰਫ ਕਾਂਗਰਸ ਪਾਰਟੀ ਦੀ ਬੀ ਟੀਮ ਹੈ, ਸਗੋਂ ਅੰਦਰੋਂ-ਬਾਹਰੋਂ ਪੂਰੀ ਤਰ੍ਹਾਂ ਹੀ ਕਾਂਗਰਸ ਨਾਲ ਇੱਕਮਿੱਕ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਦਬਾਉਣ ਦੀ ਬਜਾਇ ਕਾਂਗਰਸ ਸਰਕਾਰ ਨੂੰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਜਿਵੇਂ ਮੁਕੰਮਲ ਕਿਸਾਨ ਕਰਜ਼ਾ ਮੁਆਫੀ, ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ, ਘਰ ਘਰ ਨੌਕਰੀ ਅਤੇ ਸਮਾਜ ਭਲਾਈ ਸਕੀਮਾਂ ਦੇ ਲਾਭ ਵਧਾਉਣਾ ਆਦਿ ਪੂਰੇ ਕਰਨੇ ਚਾਹੀਦੇ ਹਨ।