ਚੰਡੀਗੜ• 23 ਅਪ੍ਰੈਲ-- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਦੀ ਇੱਛਾ ਅਨੁਸਾਰ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜਪੁਰ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ।
ਅੱਜ ਚੰਡੀਗੜ• ਵਿੱਚ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਫਿਰੋਜਪੁਰ ਲੋਕ ਸਭਾ ਹਲਕੇ ਨਾਲ ਸਬੰਧਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ, ਸਬੰਧਤ ਜਥੇਬੰਦੀਆਂ ਅਤੇ ਵਰਕਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਾਰਟੀ ਉਪਰ ਇਸ ਸਬੰਧ ਵਿੱਚ ਦਬਾਅ ਬਣਾਇਆ ਜਾ ਰਿਹਾ ਸੀ ਕਿ ਪ੍ਰਧਾਨ ਸਾਹਿਬ ਖੁਦ ਆਪ ਫਿਰੋਜਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ। ਉਹਨਾਂ ਕਿਹਾ ਕਿ ਆਗੁਆਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਸ. ਬਾਦਲ ਵੱਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਕੋਰ ਕਮੇਟੀ ਮੈਬਰਾਂ ਦੀ ਜਾਤੀ ਤੌਰ ਤੇ ਰਾਏ ਵੀ ਲਈ ਗਈ। ਪਾਰਟੀ ਦੇ ਕੋਰ ਕਮੇਟੀ ਦੇ ਮੈਬਰਾਂ ਨੇ ਵੀ ਇਹ ਇੱਛਾ ਜ਼ਾਹਰ ਕੀਤੀ ਕਿ ਸ. ਸੁਖਬੀਰ ਸਿੰਘ ਬਾਦਲ ਦੇ ਆਪ ਚੋਣ ਲੜਨ ਨਾਲ ਸਾਰੇ ਪੰਜਾਬ ਦੇ ਵਰਕਰਾਂ ਵਿੱਚ ਉਸਾਰੂ ਸੰਦੇਸ਼ ਜਾਵੇਗਾ ਅਤੇ ਇਸ ਨਾਲ ਪਾਰਟੀ ਦੀ ਸਥਿਤੀ ਹੋਰ ਬਿਹਤਰ ਹੋਵੇਗੀ। ਬੀਤੀ ਸ਼ਾਮ ਸ. ਪਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫਿਰ ਫਿਰੋਜਪੁਰ ਲੋਕ ਸਭਾ ਹਲਕੇ ਦੇ ਦੋਵਾਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਦੁਬਾਰਾ ਮੀਟਿੰਗ ਕਰਨ ਪਿੱਛੋਂ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸ. ਸੁਖਬੀਰ ਸਿੰਘ ਬਾਦਲ ਨੂੰ ਫਿਰੋਜਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ।
ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਇਸੇ ਤਰਾਂ ਬਠਿੰਡਾ ਲੋਕ ਸਭਾ ਹਲਕੇ ਦੇ ਦੋਵਾਂ ਪਾਰਟੀਆਂ ਦੇ ਆਗੁਆਂ ਅਤੇ ਵਰਕਰਾਂ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਲਾਮਿਸਾਲ ਕਾਰਗੁਜਾਰੀ, ਹਲਕੇ ਦੀ ਅਥਾਹ ਸੇਵਾ ਅਤੇ ਹਰਮਨਪਿਆਰਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਦੁਬਾਰਾ ਉਮੀਦਵਾਰ ਬਣਾਉਣ ਦਾ ਫੈਸਲਾ ਹੋਇਆ।