ਅੰਮ੍ਰਿਤਸਰ, 29 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਸੂਬੇ ਵਿਚ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ ਅਤੇ 25 ਕਰੋੜ ਰੁਪਏ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਬਣਾਇਆ ਜਾਵੇਗਾ। ਉਹਨਾਂ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਗਠਜੋੜ ਸਰਕਾਰ ਆਟੋ ਰਿਕਸ਼ਾ ਦੀ ਥਾਂ ’ਤੇ ਈ ਰਿਕਸ਼ਾ ਲਿਆਉਣ ਵਾਸਤੇ ਉਦਾਰ ਨੀਤੀ ਲਿਆਵੇਗੀ।
ਇਥੇ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਫਾਜ਼ਿਲਕਾ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਟਰੱਕ ਯੂਨੀਅਨਾਂ ਖਤਮ ਕਰ ਕੇ ਛੋਟੇ ਟਰੱਕ ਅਪਰੇਟਰਾਂ ਤੋਂ ਰੋਜ਼ੀ ਰੋਟੀ ਦਾ ਸਾਧਨ ਖੋਹ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਟਰੱਕ ਯੂਨੀਅਨਾਂ ਬਹਾਲ ਕਰ ਕੇ ਛੋਟੇ ਟਰੱਕ ਅਪਰੇਟਰਾਂ ਦੇ ਰੋਜ਼ਗਾਰ ਦੇ ਸਾਧਨ ਬਹਾਲ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਇਹ ਵੀ ਬਣਾਵਾਂਗੇ ਕਿ ਸਿਆਸੀ ਦਖਲ ਸਮੇਤ ਟਰੱਕ ਯੂਨੀਅਨਾਂ ਦੇ ਕੰਮ ਵਿਚ ਕੋਈ ਦਖਲ ਨਾ ਹੋਵੇ ਅਤੇ ਨਿਯਮ ਤੈਅ ਕੀਤੇ ਜਾਣਗੇ ਕਿ ਸਿਰਫ ਯੂਨੀਅਨ ਮੈਂਬਰ ਹੀ ਇਸਦੇ ਪ੍ਰਧਾਨ ਬਣ ਸਕਣਗੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਾਲ ਹੀ ਅਸੀਂ ਟਰੱਕ ਯੂਨੀਅਨਾਂ, ਵਪਾਰ ਦੇ ਪ੍ਰਤੀਨਿਧਾਂ ਤੇ ਸਰਕਾਰੀ ਪ੍ਰਤੀਨਿਧਾਂ ਨੁੰ ਲੈ ਕੇ ਤਾਲਮੇਲ ਕਮੇਟੀਆਂ ਬਣਾਵਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟਰੱਕ ਅਪਰੇਟਰਾਂ ਅਤੇ ਇੰਡਸਟਰੀ ਦੇ ਹਿੱਤਾਂ ਦੀ ਰਾਖੀ ਹੋ ਸਕੇ। ਉਹਨਾਂ ਨੇ 25 ਕਰੋੜ ਰੁਪਏ ਦੇ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਗਠਿਤ ਕਰਨ ਦਾ ਵੀ ਐਲਾਨ ਕੀਤਾ ਜਿਸ ਨਾਲ ਕੋਰੋਨਾ ਮਹਾਮਾਰੀ ਵਰਗੇ ਗੈਰ ਸਾਧਾਰਣ ਹਾਲਾਤਾਂ ਵਿਚ ਮੈਂਬਰਾਂ ਦੀ ਮਨੁੱਖਤਾ ਦੀ ਨਜ਼ਰ ਤੋਂ ਮਦਦ ਹੋ ਸਕੇਗੀ।
ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਟਰੱਕ ਸਨਅਛ ਦੀ ਭਲਾਈ ਵਾਸਤੇ ਹੋਰ ਕਦਮ ਵੀ ਚੁੱਕੇ ਜਾਣਗੇ ਜਿਵੇਂ ਲੋਕਲ ਟਰੱਕ ਯੂਨੀਅਨਾਂ ਨੁੰ ਟੈਂਡਰਾਂ ਵਿਚ ਪਹਿਲ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਸਾਲਾਨਾ ਸਟਿੱਕਰ ਜਾਰੀ ਕਰ ਕੇ ਟਰੱਕਾਂ ਵਾਲਿਆਂ ਦੀ ਹੁੰਦੀ ਖੱਜਲ ਖੁਆਰੀ ਵੀ ਬੰਦ ਕਰਾਂਗੇ ਤੇ ਇਹ ਯਕੀਨੀ ਬਣਾਵਾਂਗੇ ਕਿ ਕਿਸੇ ਵੀ ਟਰੱਕ ਵਾਲੇ ਨੁੰ ਰਸਤੇ ਵਿਚ ਕਾਗਜ਼ ਚੈਕ ਕਰਨ ਦੇ ਨਾਂ ’ਤੇ ਖਜੱਲ ਖੁਆਰ ਨਾ ਕੀਤਾ ਜਾਵੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਟਰੱਕ ਵਾਲਿਆਂ ਲਈ ਟੈਕਸਾਂ ਦੇ ਬਕਾਏ ਅਦਾ ਕਰਨ ਵਾਸਤੇ ਇਕ ਮੁਸ਼ਤ ਅਦਾਇਗੀ ਦੀ ਵਨ ਟਾਈਮ ਸੈਟੇਲਮੈਂਟ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੋਰਟੇਬਲ ਕੰਢੇ ਸ਼ੁਰੂ ਕੀਤੇ ਜਾਣਗੇ ਤਾਂ ਜੋ ਹਾਈਵੇ ’ਤੇ ਓਵਰਲੋਡਿੰਗ ਖਤਮ ਕੀਤੀ ਜਾ ਸਕੇ ਤੇ ਸੈਪਸ਼ਲ ਡਰਾਈਵਰ ਸਕੂਲ ਸਾਰੇ ਜ਼ਿਲ੍ਹਾ ਹੈਡਕੁਆਟਰਾਂ ਵਿਚ ਖੋਲ੍ਹੇ ਜਾਣਗੇ ਜਿਹਨਾਂ ਵਿਚ ਨੌਜਵਾਨਾਂ ਨੁੰ ਭਾਰੀ ਵਾਹਨ ਚਲਾਉਣ ਲਈ ਡਰਾਇਵਿੰਗ ਲਾਇਸੰਸ ਜਾਰੀ ਕੀਤੇ ਜਾਣਗੇ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਕੂਲ ਵੈਨਾਂ ਵਾਲਿਆਂ ਦੀਆਂ ਮੁਸ਼ਕਿਲਾਂ ਤੋਂ ਵੀ ਜਾਣੂ ਹੈ ਜਿਹਨਾਂ ਨੁੰ ਭਾਰੀ ਟੈਕਸ ਭਰਨੇ ਪੈਂਦੇ ਹਨ। ਉਹਨਾਂ ਕਿਹਾ ਕਿ ਅਸੀਂ ਕਮਰਸ਼ੀਅਲ ਵਾਹਨਾਂ ਦੇ ਮੁਕਾਬਲੇ ਸਕੂਲ ਵੈਨਾਂ ਲਈ ਰੋਡ ਟੈਕਸ ਘਟਾਵਾਂਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਆਟੋ ਰਿਕਸ਼ਾ ਡਰਾਈਵਰਾਂ ਵਾਸਤੇ ਵੀ ਵੱਡੀ ਰਾਹਤ ਦਾ ਐਲਾਨਕ ੀਤਾ ਤੇ ਕਿਹਾ ਕਿ ਅਗਲੀ ਸਰਕਾਰ ਇਕ ਉਦਾਰ ਸਕੀਮ ਲਿਆਵੇਗੀ ਤਾਂ ਜੋ ਆਟੋ ਰਿਕਸ਼ਾ ਦੀ ਥਾਂ ਈ ਰਿਕਸ਼ਾ ਸ਼ੁਰੂ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਅਸੀਂ ਅਜਿਹੀ ਵਿਵਸਥਾ ਲਿਆਵਾਂਗੇ ਕਿ ਆਟੋ ਰਿਕਸ਼ਾ ਸੌਖੇ ਵਿਕ ਸਕਣ ਤੇ ਉਹਨਾਂ ਦੀ ਥਾਂ ’ਤੇ ਮਾਲਕਾਂ ਨੁੰ ਸਿਰਫ ਨਾਂ ਮਾਤਰ ਵਿਆਜ਼ ’ਤੇ ਈ ਰਿਕਸ਼ਾ ਮਿਲ ਸਕਣ। ਈ ਰਿਕਸ਼ਾ ਲਈ ਕੋਈ ਵੀ ਰਜਿਸਟਰੇਸ਼ਨ ਫੀਸ ਨਹੀਂ ਲਈ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਡਰਾਈਵਰ, ਕੰਡਕਟਰ ਤੇ ਰਿਕਸ਼ਾ ਮਾਲਕਾਂ ਦਾ ਵੀ 10 ਲੱਖ ਰੁਪਏ ਦਾ ਐਕਸੀਡੈਂਟਲ ਤੇ ਸਿਹਤ ਬੀਮਾ ਕੀਤਾ ਜਾਵੇਗਾ ਤੇ ਨਾਲ ਹੀ ਕੁਦਰਤੀ ਮੌਤ ਹੋਣ ’ਤੇ ਤਿੰਨ ਲੱਖ ਰੁਪਏ ਤੇ ਹਾਦਸੇ ਵਿਚ ਮੌਤ ਹੋਣ ’ਤੇ 4 ਲੱਖ ਰੁਪਏ ਦਾ ਬੀਮਾ ਹੋਵੇਗਾ।