ਕਿਹਾ ਕਿ ਉਹ ਕਿਸਾਨਾਂ ਸੰਗਠਨਾਂ ਕੋਲ ਪਹੁੰਚ ਕਰ ਕੇ ਕੇਂਦਰੀ ਆਰਡਨੈਂਸਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਤਿਆਰ
ਚੰਡੀਗੜ•, 22 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਆਏ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਅਜਿਹਾ ਜਾਪਦਾ ਹੈ ਕਿ ਇਹ ਕਾਰਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਸ਼ੀਰਵਾਦ ਨਾਲ ਡੀ ਜੀ ਪੀ ਦਿਨਕਰ ਗੁਪਤਾ ਦੇ ਇਸ਼ਾਰੇ 'ਤੇ ਹੋਈ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂ ਉਹਨਾਂ ਨੇ ਮੁਕਤਸਰ ਪੁਲਿਸ ਨੂੰ ਆਖਿਆ ਸੀ ਕਿ ਕਿਸਾਨਾਂ ਨੂੰ ਉਹਨਾਂ ਦੇ ਘਰ ਕੋਲ ਇਕੱਤਰ ਹੋ ਕੇ ਉਹਨਾਂ ਨਾਲ ਮੀਟਿੰਗ ਕਰਨ ਦੀ ਆਗਿਆ ਦਿੱਤੀ ਜਾਵੇ ਪਰ ਇਸ ਮੌਕੇ ਜਾਣ ਬੁੱਝ ਕੇ ਟਕਰਾਅ ਕੀਤਾ ਗਿਆ ਤੇ ਕਿਸਾਨਾਂ ਨੂੰ ਭੜਕਾਇਆ ਗਿਆ ਜਿਸ ਵਿਚ ਕੁਝ ਕਿਸਾਨ ਫੱਟੜ ਵੀ ਹੋ ਗਏ। ਉਹਨਾਂ ਕਿਹਾ ਕਿ ਕਿਸਾਨ ਸੂਬੇ ਵਿਚ ਸਾਰੇ ਐਮ ਪੀਜ਼ ਦੇ ਘਰਾਂ ਮੂਹਰੇ ਇਕੱਤਰ ਹੋ ਰਹੇ ਸਨ ਪਰ ਸਿਰਫ ਉਹਨਾਂ ਦੇ ਘਰ ਮੂਹਰੇ ਹੀ ਅਜਿਹੀ ਮੰਦਭਾਗੀ ਘਟਨਾ ਵਾਪਰਨ ਦਿੱਤੀ ਗਈ। ਉਹਨਾਂ ਕਿਹਾ ਕਿ ਕਿਸਾਨਾਂ ਖਿਲਾਫ ਅਜਿਹੀ ਸੌੜੀ ਸਿਆਸਤ ਵਰਗੀ ਕਾਰਵਾਈ ਵਾਪਰਨ ਦੇਣਾ ਬਹੁਤ ਹੀ ਨਿਖੇਧੀਯੋਗ ਹੈ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਸਾਰੇ ਮਾਮਲ ਦੀ ਜਾਂਚ ਕਰਵਾਉਣ। ਉਹਨਾਂ ਕਿਹਾ ਕਿ ਇਹ ਸਾਹਮਣੇ ਆਉਣਾ ਚਾਹੀਦਾ ਹੈ ਕਿ ਕਿਸਨੇ ਕਿਸਾਨਾਂ ਨੂੰ ਉਹਨਾਂ ਦੀ ਰਿਹਾਇਸ਼ ਤੱਕ ਆਉਣ ਤੋਂ ਰੋਕਿਆ ਹਾਲਾਂਕਿ ਉਹਨਾਂ ਨੇ ਵਾਰ ਵਾਰ ਆਖਿਆ ਸੀ ਕਿ ਕਿਸਾਨਾਂ ਨਾਲ ਉਹਨਾਂ ਦੀ ਮੁਲਾਕਾਤ ਹੋਣ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਹ ਵੀ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਕਿਸਨੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਤੇ ਇਸ ਲਈ ਜ਼ਿੰੰਮੇਵਾਰੀ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਕਿਸਾਨਾਂ ਦੇ ਖਿਲਾਫ ਦੋ ਕੇਸ ਦਰਜ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸਦੀ ਬਦੌਲਤ ਕਿਸਾਨਾਂ ਨੂੰ ਲੰਬੇ ਸਮੇਂ ਤੱਕ ਮੁਸ਼ਕਿਲਾਂ ਹੀ ਝੱਲਣੀਆਂ ਪੈਣਗੀਆਂ। ਉਹਨਾਂ ਕਿਹ ਕਿ ਮੈਂ ਐਸ ਐਸ ਪੀ ਮੁਕਤਸਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਖਿਲਾਫ ਕੇਸ ਵਾਪਸ ਲਏ ਜਾਣ ਨਹੀਂ ਤਾਂ ਸ੍ਰੋਮਣੀ ਅਕਾਲੀ ਦਲ ਇਹਨਾਂ ਨੂੰ ਵਾਪਸ ਕਰਵਾਉਣ ਲਈ ਉਹਨਾਂ ਦੇ ਦਫਤਰ ਮੂਹਰੇ ਧਰਨਾ ਦੇਣ ਲਈ ਮਜਬੂਰ ਹੋਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਲ ਵੀ ਪਹੁੰਚ ਕੀਤੀ ਜਿਸਦੇ ਮੈਂਬਰ ਕੱਲ• ਉਹਨਾਂ ਦੇ ਘਰ ਮੂਹਰੇ ਇਕੱਤਰ ਹੋਏ ਸਨ ਤੇ ਕਿਹਾ ਕਿ ਉਹ ਉਹਨਾਂ ਵੱਲੋਂ ਕੇਂਦਰੀ ਆਰਡੀਨੈਂਸਾਂ ਸਬੰਧੀ ਉਠਾਏ ਹਰ ਨੁਕਤੇ 'ਤੇ ਗੱਲਬਾਤ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਉਹ ਕਿਸਾਨਾਂ ਸੰਗਠਨਾਂ ਦੇ ਨਾਲ ਜਦੋਂ ਵੀ ਲੋੜ ਪਵੇ ਚੱਲਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਉਹ ਕਿਸਾਨਾਂ ਸੰਗਠਨਾਂ ਦੇ ਨਾਲ ਚੱਲ ਕੇ ਕੇਂਦਰੀ ਖੇਤਬਾੜੀ ਮੰਤਰੀ ਤੋਂ ਕੇਂਦਰੀ ਆਰਡੀਨੈਂਸਾਂ ਬਾਰੇ ਹਰ ਤਰੀਕੇ ਦਾ ਸਪਸ਼ਟੀਕਰਨ ਲੈਣ ਲਈ ਤਿਆਰ ਬਰ ਤਿਆਰ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਕਿਸਾਨੀ ਸਭ ਤੋਂ ਉਪਰ ਹੈ। ਉਹਨਾਂ ਕਿਹਾ ਕਿ ਕਿਸਾਨ ਹਮੇਸ਼ਾ ਉਹਨਾਂ ਲਈ ਸਭ ਤੋਂ ਪਹਿਲਾਂ ਹਨ। ਉਹਨਾਂ ਕਿਹਾ ਕਿ ਇਸੇ ਕਾਰਨ ਉਹਨ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਵੰਤ ਸਿੰਘ ਪੰਨ ਤੇ ਸਵਰਨ ਸਿੰਘ ਪੰਧੇਰ ਸਮੇਤ ਹੋਰ ਲੀਡਰਸ਼ਿਪ ਨੂੰ ਇਸ ਮਾਮਲੇ 'ਤੇ ਵਿਸਥਾਰ ਵਿਚ ਵਿਚਾਰ ਵਟਾਂਦਰਾ ਕਰਨ ਵਾਸਤੇ ਆਪਣੀ ਰਿਹਾਇਸ਼ 'ਤੇ ਸੱਦਿਆ ਸੀ ਤੇ ਘਰ ਮੂਹਰੇ ਇਕੱਤਰ ਹੋਏ ਕਿਸਾਨਾਂ ਨੂੰ ਵੀ ਸੰਬੋਧਨ ਕੀਤਾ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਦੀ ਹੈ ਤੇ ਹਮੇਸ਼ਾ ਇਸਨੇ ਕਿਸਾਨਾਂ ਦੇ ਹੱਕਾਂ ਵਾਸਤੇ ਸੰਘਰਸ਼ ਕੀਤਾ ਹੈ। ਉਹਨਾਂ ਕਿਹਾ ਕਿ ਕਣਕ ਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਜਾਰੀ ਰਹੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਉਹ ਵਾਅਦਾ ਕਰਦੇ ਹਨ ਕਿ ਇਹਨਾਂ ਦੋ ਵਿਵਸਥਾਵਾਂ ਨਾਲ ਉਹ ਕਦੇ ਛੇੜਛਾੜ ਨਹੀਂ ਹੋਣ ਦੇਣਗੇ ਭਾਵੇਂ 20 ਸਾਲ ਬਾਅਦ ਵੀ ਇਸ ਲਈ ਸੰਘਰਸ਼ ਕਰਨਾ ਪਵੇ। ਉਹਨਾਂ ਕਿਹਾ ਕਿ ਉਹ ਘੱਟੋ ਘੱਟ ਸਮਰਥਨ ਮੁੱਲ ਤੇ ਯਕੀਨੀ ਮੰਡੀਕਰਣ ਦੇ ਮਾਮਲੇ 'ਤੇ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਬਰ ਤਿਆਰ ਹਨ।