ਅਮਰਿੰਦਰ ਦੇ ਬਿਆਨ ਨੇ ਦਿੱਲੀ 'ਚ ਕਾਂਗਰਸ ਦੀ ਚਿੰਤਾ ਤੇ ਘਬਰਾਹਟ ਦੀ ਪੋਲ ਖੋਲ•ੀ : ਡਾ. ਚੀਮਾ
ਚੰਡੀਗੜ•, 30 ਜਨਵਰੀ : ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਦਲ ਤੇ ਭਾਜਪਾ ਦੀ ਏਕਤਾ ਬਾਰੇ ਜਾਰੀ ਕੀਤੇ ਬਿਆਨ 'ਤੇ ਪਲਟਵਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਦਾ ਸੁਰ ਹੀ ਕਾਂਗਰਸ ਪਾਰਟੀ ਦੀ ਚਿੰਤਾ ਤੇ ਘਬਰਾਹਟ ਸਾਬਤ ਕਰਦੀ ਹੈ ਤੇ ਇਸਨੇ ਦਰਸਾ ਦਿੱਤਾ ਹੈ ਕਿ ਸਾਡੇ ਗਠਜੋੜ ਕਾਰਨ ਕਾਂਗਰਸ ਪਾਰਟੀ ਨੂੰ ਦਿੱਲੀ ਚੋਣਾਂ ਵਿਚ ਭਾਰੀ ਨੁਕਸਾਨ ਹੋਣ ਵਾਲਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੂੰ ਇਹ ਪੁੱਛਣ ਕਿ ਉਸਨੇ ਪੁਰਾਣੇ ਤੇ ਭਰੋਸੇਯੋਗ ਸਾਥੀ ਭਾਜਪਾ ਨੂੰ ਹਮਾਇਤ ਕਿਉਂ ਦਿੱਤੀ, ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਉਹ ਉਸ ਕਾਂਗਰਸ ਪਾਰਟੀ ਦੀ ਹਮਾਇਤ ਕਿਉਂ ਕਰ ਰਹੇ ਹਨ ਜਿਸਨੇ ਦਿੱਲੀ ਦੀਆਂ ਗਲੀਆਂ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਜ਼ਾਰਾਂ ਮਾਸੂਸ ਤੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ।
ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇਕਰ ਉਹਨਾਂ ਨੇ 1984 ਦੇ ਸਿੱਖ ਕਤਲੇਆਮ ਬਾਰੇ ਜਸਟਿਸ ਢੀਂਗਰਾ ਦੀ ਤਾਜ਼ਾ ਰਿਪੋਰਟ ਪੜੀ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗਣਾ ਸੀ ਕਿ ਕਾਂਗਰਸ ਆਗੂਆਂ ਦੀ ਅਗਵਾਈ ਹੇਠ ਗੁੰਡਿਆਂ ਨੇ ਨਾ ਸਿਰਫ ਸਿੱਖਾਂ ਦਾ ਕਤਲੇਆਮ ਕੀਤਾ ਬਲਕਿ ਕਾਂਗਰਸ ਪਾਰਟੀ ਨੇ ਇਸ ਕਤਲੇਆਮ ਦੇ ਕੇਸ ਵੀ ਬੰਦ ਕਰਵਾਏ ਤੇ ਪੁਲਿਸ ਤੇ ਨਿਆਂਪਾਲਿਕਾ ਦੀ ਦੁਰਵਰਤੋਂ ਵੀ ਕੀਤੀ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਉਹ ਨਾਗਰਿਕਤਾ ਸੋਧ ਕਾਨੂੰਨ ਦੇ ਇੰਨਾ ਖਿਲਾਫ ਹਨ ਤਾਂ ਫਿਰ ਉਹ ਧਾਰਮਿਕ ਵਿਤਕਰੇ ਕਾਰਨ ਆਪਣੀ ਧਰਤੀ ਮਾਂ ਛੱਡ ਕੇ ਦਿੱਲੀ ਵਿਚ ਆ ਵਸੇ 30 ਹਜ਼ਾਰ ਅਫਗਾਨਿਸਤਾਨੀ ਸਿੱਖਾਂ ਦੇ ਪਰਿਵਾਰਾਂ ਕੋਲ ਜਾ ਕੇ ਆਉਣ, ਇਸ ਤੋਂ ਉਹਨਾਂ ਨੂੰ ਚਾਨਣ ਹੋ ਜਾਵੇਗਾ ਕਿ ਅਕਾਲੀ ਦਲ ਨੇ ਇਸ ਐਕਟ ਦੀ ਹਮਾਇਤ ਕਿਉਂ ਕੀਤੀ ।