ਚੰਡੀਗੜ੍ਹ, 15 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਨੇ ਅੱਜ ਪ੍ਰਾਈਵੇਟ ਖਿਡਾਰੀਆਂ ਨਾਲ ਰਲ ਕੇ ਸਥਾਨਕ ਸਰਕਾਰ ਵਿਭਾਗ ਵਿਚ ਕੀਤਾ ਜਾ ਰਿਹਾ ਐਲ ਈ ਡੀ ਖਰੀਦ ਸਮਝੌਤੇ ਦਾ 1500 ਕਰੋੜ ਰੁਪਏ ਦਾ ਘੁਟਾਲਾ ਬੇਨਕਾਬ ਕੀਤਾ ਜਿਸ ਤਹਿਤ ਸੂਬੇ ਭਰ ਵਿਚ 74944 ਐਲ ਈ ਡੀ ਲਾਈਟਾਂ ਵਧੇ ਹੋਏ ਰੇਟਾਂ ’ਤੇ ਲਗਾਈਆਂ ਜਾ ਰਹੀਆਂ ਸਨ।
ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਘੁਟਾਲੇ ਦੀ ਸ਼ੁਰੂਆਤ ਤਤਕਾਲੀ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੀ ਤੇ ਮੌਜੂਦਾ ਸਥਾਨਕ ਸਰਕਾਰ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਇਸਨੁੰ ਪ੍ਰਵਾਨ ਚੜ੍ਹਾਇਆ। ਉਹਨਾਂ ਕਿਹਾ ਕਿ ਸੁਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਸਰਕਾਰ ਨੇ 60 ਕਰੋੜ ਰੁਪਏ ਦਾ ਨਿਵੇਸ਼ ਕਰਨ ਵਾਲੀਆਂ ਪ੍ਰਾਈਵੇਟ ਕੰਪਨੀਆਂ ਨੂੰ ਅਗਲੇ 10 ਸਾਲਾਂ ਵਿਚ 1520 ਕਰੋੜ ਰੁਪਏ ਅਦਾ ਕਰਨ ਲਈ ਸਹਿਮਤੀ ਦਿੱਤੀ ਹੈ।
ਸ੍ਰੀ ਐਨ ਕੇ ਸ਼ਰਮਾ, ਜਿਹਨਾ ਨੇ ਇਸ ਮਾਮਲੇ ਦੀ ਸੂਬਾ ਵਿਜੀਲੈਂਸ ਵਿਭਾਗ ਨੁੰ ਸ਼ਿਕਾਇਤ ਵੀ ਕੀਤੀ ਹੈ ਨੇ ਮੰਗ ਕੀਤੀ ਕਿ ਇਸ ਘੁਟਾਲੇ ਵਿਚ ਸਥਾਨਕ ਸਰਕਾਰ ਵਿਭਾਗ ਦੇ ਪਿਛਲੇ ਸਮੇਂ ਦੇ ਅਤੇ ਮੌਜੂਦਾ ਮੰਤਰੀ ਸਮੇਤ ਕਾਂਗਰਸ ਦੇ ਸਿਖ਼ਰਲੇ ਅਹੁਦੇਦਾਰਾਂ ਨੁੰ ਮਿਲੀ ਰਿਸ਼ਵਤ ਦੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਇਸ ਭ੍ਰਿਸ਼ਟ ਸਰਕਾਰ ਤੋਂ ਨਿਆਂ ਮਿਲਣ ਦੀ ਉਮੀਦ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਅਸੀਂ ਨਾ ਸਿਰਫ ਇਸ ਮਾਮਲੇ ਵਿਚ ਕੇਸ ਦਰਜ ਕਰਾਂਗੇ ਬਲਕਿ ਇਹ ਕੇਸ ਸੀ ਬੀ ਆਈ ਜਾਂ ਕੇਂਦਰੀ ਵਿਜੀਲੈਂਸ ਕਮਿਸ਼ਨ ਕੋਲ ਜਾਂਚ ਵਾਸਤੇ ਵੀ ਭੇਜਾਂਗੇ। ਉਹਨਾਂ ਕਿਹਾ ਕਿ ਜੋ ਵੀ ਸੁਬੇ ਦੇ ਖ਼ਜ਼ਾਨੇ ਨੁੰ ਲੁੱਟੇਗਾ, ਉਸਨੁੰ ਬਖਸ਼ਿਆ ਨਹੀਂ ਜਾਵੇਗਾ ਤੇ ਸਾਰੇ ਦੋਸ਼ੀ ਸਲਾਖ਼ਾਂ ਪਿੱਛੇ ਸੁੱਟੇ ਜਾਣਗੇ।
ਆਰ ਟੀ ਆਈ ਤਹਿਤ ਮਿਲੇ ਦਸਤਾਵੇਜ਼ ਜਾਰੀ ਕਰਦਿਆਂ ਹੋਏ ਘੁਟਾਲੇ ਦੇ ਵੇਰਵੇ ਸਾਂਝੇ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਕਲੱਸਟਰ ਜੋ ਕਿ ਉਹਨਾਂ 10 ਕਲੱਸਟਰਾਂ ਵਿਚੋਂ ਇਕ ਹੈ ਜਿਥੇ ਮੌਜੂਦਾ ਐਲ ਈ ਡੀ ਲਾਈਟਾਂ ਬਦਲਣ ਦਾ ਠੇਕਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਬੇਸ਼ਕ ਲਾਈਟਾਂ ਦੀ ਖਰੀਦ ਦੀ ਜ਼ਿੰਮੇਵਾਰ ਮਿਉਂਸਪਲ ਕਮੇਟੀਆਂ ਦੀ ਬਣਦੀ ਹੈ ਪਰ ਸਰਕਾਰ ਨੇ ਇਹ ਜ਼ਿੰਮੇਵਾਰੀ ਇਹ ਕਹਿ ਕੇ ਆਪ ਸੰਭਾਲ ਲਈ ਕਿ ਲਾਈਟਾਂ ਦੀ ਖਰੀਦ ਲਈ ਕੀਮਤ ਦੀ ਸੌਦੇਬਾਜ਼ੀ ਸਾਰੇ ਸੂਬੇ ਦੀ ਜ਼ਰੂਰਤ ਨੁੰ ਧਿਆਨ ਵਿਚ ਰੱਖਦਿਆਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਵੱਡੀ ਹੈਰਾਨੀ ਇਹ ਹੈ ਕਿ ਬਜਾਏ ਚੰਗੀ ਕਵਾਲਟੀ ਦੀਆਂ ਲਾਈਟਾਂ ਰਿਆਇਤੀ ਦਰਾਂ ’ਤੇ ਖਰੀਦਣ ਦੇ ਇਹ ਲਾਈਟਾਂ ਵਧੇ ਹੋਏ ਰੇਟਾਂ ’ਤੇ ਖਰੀਦੀਆਂ ਗਈਆਂ ਜਿਸ ਨਾਲ ਸੂਬੇ ਭਰ ਵਿਚ ਮਿਉਂਸਪਲ ਕਾਰਪੋਰੇਸ਼ਨਾ ਤੇ ਮਿਉਂਸਪਲ ਕਮੇਟੀਆਂ ’ਤੇ ਵਾਧੂ ਦਾ ਬੋਝ ਪਿਆ ਹੈ।
ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਸੂਰਿਆ ਰੋਸ਼ਨੀ ਲਿਮਟਿਡ ਤੋਂ ਕੁਟੇਸ਼ਨ ਲਈ ਸੀ ਜਿਸ ਮੁਤਾਬਕ ਸਰਕਾਰ ਦੇ ਆਰਡਰ ਮੁਤਾਬਕ ਲਾਈਟਾਂ ਦੀ ਕੀਮਤ ਸਿਰਫ 4.39 ਕਰੋੜ ਰੁਪਏ ਦੱਸੀ ਗਈ ਸੀ। ਉਹਨਾਂ ਕਿਹਾ ਕਿ ਜੇਕਰ ਸਵਿੱਚ ਬਦਲਣ ਅਤੇ ਫਿੱਟ ਕਰਨ ਅਤੇ ਸਾਲਾਨਾ ਰੱਖ ਰੱਖਾਅ ਸਮੇਤ ਹੋਰ ਦਰਾਂ ਦਾ ਹਿਸਾਬ ਵੀ ਲਾ ਲਿਆ ਜਾਵੇ ਤਾ ਫਿਰ ਪੁਰਾਣੀਆਂ ਲਾਈਟਾਂ ਦੀ ਕੀਮਤ ਘਟਾ ਕੇ ਕੁੱਲ ਨਿਵੇਸ਼ 6 ਕਰੋੜ ਰੁਪਏ ਦੇ ਕਰੀਬ ਬਣਦਾਹ ੈ। ਉਹਨਾਂ ਕਿਹਾ ਕਿ ਜੇਕਰ ਅਸੀਂ 10 ਕਲੱਸਟਰ ਜਿਥੇ ਇਹ ਲਾਈਟਾਂ ਲੱਗਣੀਆਂ ਹਨ, ਨੁੰ 10 ਨਾਲ ਗੁਣਾ ਕਰ ਲਈਏ ਤਾਂ ਫਿਰ ਇਹ ਲਾਈਆਂ 60 ਕਰੋੜ ਰੁਪਏ ਦੀਆਂ ਲੱਗਣਗੀਆਂ।
ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੰਲ ਹੈ ਕਿ ਸਰਕਾਰ ਨੇ 60 ਕਰੋੜ ਰੁਪਏ ਦਾ ਕੁੱਲ ਨਿਵੇਸ਼ ਕਰਨ ਵਾਲੀ ਕੰਪਨੀ ਨੂੰ ਅਗਲੇ 10 ਸਾਲਾਂ ਵਿਚ 1520 ਕਰੋੜ ਰੁਪਏ ਦੇਣ ਦਾ ਇਕਰਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਇਹ ਸੂਬੇ ਦੇ ਖ਼ਜ਼ਾਨੇ ਦੀ ਸਿੱਧੂ ਲੁੱਟ ਹੈ। ਉਹਨਾਂ ਕਿਹਾ ਕਿ ਇਸ ਵਾਸਤੇ ਪ੍ਰਵਾਨਗੀ ਸ੍ਰੀ ਨਵਜੋਤ ਸਿੱਧੂ ਤੇ ਬਾਅਦ ਵਿਚ ਸ੍ਰੀ ਬ੍ਰਹਮ ਮਹਿੰਦਰਾ ਨੇ ਦਿੱਤੀ ਹੈ।
ਸ੍ਰੀ ਸ਼ਰਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਕੀਤਾ ਕਿ ਉਹ ਮਾਮਲੇ ਵਿਚ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ ? ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਸਪਸ਼ਟੀਕਰਨ ਦੇਣ ਕਿ ਕੀ ਉਹ ਕੇਸ ਵਿਚ ਧਿਰ ਬਣ ਗਏ ਹਨ ਜਾਂ ਫਿਰ ਉਹ ਘੁਟਾਲੇ ਤੋਂ ਮਿਲਦੇ ਪੈਸੇ ਵਿਚੋਂ ਹਿੱਸਾ ਲੈ ਰਹੇ ਹਨ।
ਸ੍ਰੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਕਿਵੇਂ ਡੇਰਾ ਬੱਸੀ ਵਿਚ ਵੱਡੀ ਵੱਧਰ ’ਤੇ ਗੈਰ ਕਾਨੁੰਨੀ ਮਾਇਨਿੰਗ ਕਰਨ ਸਮੇਤ ਹੋਰ ਭ੍ਰਿਸ਼ਟ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਲਾਲੜੂ ਵਿਚ ਵੀ 90 ਏਕੜ ਜ਼ਮੀਨ ਵਿਚ ਖੜ੍ਹੇ ਖੈਰ ਦੇ ਦਰੁੱਖਤ ਕੱਟ ਦਿੱਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਜ਼ੀਰਕਪੁਰ ਵਿਚ ਤਾਇਲਾਤ ਭ੍ਰਿਸ਼ਟ ਅਫਸਰਾਂ ਨੇ ਮਿਉਂਸਪਲ ਕੌਂਸਲ ਕੋਲ ਜਮ੍ਹਾਂ ਹੋਇਆ 250 ਕਰੋੜ ਰੁਪਏ ਖੁਰਦ ਬੁਰਦ ਕਰਨ ਕਿਵੇਂ ਕੀਤਾ।