ਅੰਮ੍ਰਿਤਸਰ, 14 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਵਿਚ ਸਹੀ ਸੰਘੀ ਢਾਂਚੇ ਸਥਾਪਿਤ ਕੀਤੇ ਜਾਣ ਦੀ ਵਕਾਲਤ ਕੀਤੀ ਜਿਸ ਵਿਚ ਰਾਜਾਂ ਨੂੰ ਸਹੀ ਅਰਥਾਂ ਵਿਚ ਸਿਆਸੀ, ਆਰਥਿਕ ਤੇ ਕਾਰਜਕਾਰੀ ਖੁਦਮੁਖ਼ਤਿਆਰੀ ਹਾਸਲ ਹੋਵੇ।
ਇਥੇ ਸ੍ਰੀ ਅਕਾਲ ਤਖਤ ਸਾਹਿਬ ਕੰਪਲੈਕਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਸਮਾਗਮਾਂ ਦੀ ਸ਼ੁਰੂਆਤ ਕਰਵਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਮਾਜਿਕ, ਸਿਆਸੀ ਤੇ ਆਰਥਿਕ ਗੜਬੜ ਦਾ ਦੇਸ਼ ਪਿਛਲੇ ਕੁਝ ਸਾਲਾਂ ਤੋਂ ਸਾਹਮਣਾ ਕਰ ਰਿਹਾ ਹੈ, ਅਜਿਹੇ ਵਿਚ ਇਹੀ ਸਭ ਤੋਂ ਉਤਮ ਤੇ ਟਿਕਾਊ ਗਰੰਟੀ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਤਿੰਨ ਕਿਸਾਨ ਵਿਰੋਧੀ ਐਕਟ ਬਣਨ ਤੋਂ ਉਪਜਿਆ ਸੰਕਟ ਨਾ ਉਭਰਦਾ ਜੇਕਰ ਸਰਕਾਰ ਨੇ ਸਲਾਹ ਮਸ਼ਵਰਾ, ਰਾਜ਼ੀਨਾਮੇ ਤੇ ਆਮ ਸਹਿਮਤੀ ਦੀ ਸੰਘੀ ਪਹੁੰਚ ਅਪਣਾਈ ਹੁੰਦੀ। ਉਹਨਾਂ ਕਿਹਾ ਕਿ ਕਿਸਾਨ ਸੰਕਟ ਨੂੰ ਦੇਸ਼ ਵਿਚ ਚਲ ਰਹੇ ਮਾੜੀ ਸਲਾਹ ਵਾਲੇ ਇਕਪਾਸੜ ਤੇ ਤਾਨਾਸ਼ਾਹੀ ਰੁਝਾਨਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਜੇਕਰ ਸੰਘੀ ਸਿਧਾਂਤਾਂ ’ਤੇ ਆਧਾਰਿਤ ਪਹੁੰਚ ਅਪਣਾਈ ਗਈ ਹੁੰਦੀ ਤਾਂ ਫਿਰ ਇਹ ਸੰਕਟ ਟੱਲ ਸਕਦਾ ਸੀ।
ਸ੍ਰੀ ਬਾਦਲ ਨੇ ਅਫਸੋਸ ਪ੍ਰਗਟ ਕੀਤਾ ਕਿ ਮੌਜੂਦਾ ਭਾਜਪਾ ਸਰਕਾਰ ਦੇ ਦੌਰਾਨ ਦੇਸ਼ ਖ਼ਤਰਨਾਕ ਢੰਗ ਨਾਲ ਤਾਨਾਸ਼ਾਹੀ ਤੇ ਇਕਪਾਸੜ ਪ੍ਰਣਾਲੀ ਵੱਲ ਵਧਿਆ ਹੈ ਜਿਸ ਵਿਚ ਤਾਕਤ ਦਾ ਕੇਂਦਰੀਕਰਨ ਕੁਝ ਹੀ ਹੱਥਾਂ ਵਿਚ ਲਗਾਤਾਰ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਭਾਰਤ ਨੂੰ ਇਕ ਅਸਲ ਸੰਘੀ ਮੁਲਕ ਬਣਾਉਣ ਲਈ ਹਮ ਖਿਆਲੀ ਪਾਰਟੀਆਂ ਨਾਲ ਰਲ ਕੇ ਕੰਮ ਕਰੇਗੀ।
ਕਿਸਾਨਾਂ ਦੇ ਚਲ ਰਹੇ ਸ਼ਾਂਤੀਪੂਰਨ ਤੇ ਲੋਕਤੰਤਰੀ ਅੰਦੋਲਨ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਖੇਤੀ ਐਕਟ ਖਾਰਜ ਕੀਤੇ ਜਾਣ ਦੀ ਕਿਸਾਨਾਂ ਦੀ ਮੰਗ ਦੀ ਡਟਵੀਂ ਹਮਾਇਤ ਕਰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਹਊਮੈ ਦਾ ਮੁੱਦਾ ਨਾ ਬਣਾ ਕੇ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਐਕਟ ਉਹਨਾਂ ਦੀ ਹੋਂਦ ਲਈ ਖ਼ਤਰਾ ਹਨ।
ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਦੇ 100 ਸਾਲਾ ਸਥਾਪਨ ਦਿਵਸ ਲਈ ਪੰਜ ਨੁਕਾਤੀ ਮਿਸ਼ਨ ਜਾਰੀ ਕਰਦਿਆਂ ਸਰਦਾਰ ਬਾਦਲ ਨੈ ਕਿਹਾ ਕਿ ਪਾਰਟੀ ਲਈ ਪੰਥਕ ਸਿਧਾਂਤਾਂ ਅਤੇ ਕਦਰਾਂ ਕੀਮਤਾਂ ’ਤੇ ਚੱਲਣਾ ਸਭ ਤੋਂ ਵੱਡੀ ਤਰਜੀਹ ਹੈ ਕਿਉਂਕਿ ਇਹ ਅਕਾਲੀ ਦਲ ਹੀ ਖਾਲਸਾ ਅਤੇ ਦੁਨੀਆਂ ਭਰ ਦੇ ਪੰਜਾਬੀਆਂ ਦੀ ਵਾਹਿਦ ਨੁਮਾਇੰਦਾ ਜਥੇਬੰਦੀ ਹੈ। ਉਹਨਾਂ ਕਿਹਾ ਕਿ ਸਾਡੇ ’ਤੇ ਇਹ ਭੂਮਿਕਾ ਅਦਾ ਕਰਨ ਲਈ ਇਤਿਹਾਸਕ ਜ਼ਿੰਮੇਵਾਰੀ ਹੈ।
ਸ੍ਰੀ ਬਾਦਲ ਨੇ ਆਪਣੇ ਆਪ ਨੂੰ ਅਤੇ ਪਾਰਟੀ ਨੂੰ ਹਲੀਮੀ ਰਾਜ ਦੇ ਪੰਥਕ ਸਿਧਾਂਤਾ ਪ੍ਰਤੀ ਮੁੜ ਸਮਰਪਿਤ ਕੀਤਾ ਜਿਸ ਵਿਚ ਗਰੀਬ, ਖਾਸ ਤੌਰ ’ਤੇ ਗਰੀਬ ਕਿਸਾਨ, ਮਜ਼ਦੂਰ ਤੇ ਘੱਟ ਆਮਦਨ ਵਾਲੇ ਪ੍ਰਾਈਵੇਟ ਤੇ ਸਰਕਾਰੀ ਮੁਲਾਜ਼ਮ, ਹੋਰ ਮੁਲਾਜ਼ਮ, ਛੋਟੇ ਵਪਾਰੀ ਅਤੇ ਦੁਕਾਨਦਾਰਾਂ ਨੂੰ ਇਕਜੁੱਟ ਹੋ ਕੇ ਅਮੀਰ ਤੇ ਤਾਕਤਵਰਾਂ ਦੇ ਬਰਾਬਰ ਪ੍ਰਗਤੀ ਤੇ ਤਰੱਕੀ ਦੇ ਮੌਕੇ ਮਿਲਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਸਾਨੂੰ ਭਲਾਈ ਕਾਰਜਾਂ ਵਿਚ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਦੀ ਜ਼ਰੂਰਤ ਹੈ ਪਰ ਇਹ ਗਰੀਬ ਤੇ ਮਿਹਨਤੀ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਤੇ ਹੋਰ ਕੰਮਕਾਜੀ ਜਮਾਤ ਦੀ ਕੀਮਤ ’ਤੇ ਨਹੀਂ ਹੋਣੀ ਚਾਹੀਦੀ।
ਸ੍ਰੀ ਬਾਦਲ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਕਿ ਦੇਸ਼ ਦੇ ਧਰਮ ਨਿਰਪੱਖ ਸਰੂਪ ਨੂੰ ਕੁਝ ਲਗਾਤਾਰ ਵੱਧ ਰਹੀ ਫਿਰਕੂ ਤੇ ਸਿਆਸੀ ਹਿੰਸਾ ਦੀ ਪ੍ਰਵਿਰਤੀ ਤੋਂ ਖ਼ਤਰਾ ਪੈਦਾ ਹੋਇਆਹ ੈ। ਵੁਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਸਰਬੱਤ ਦਾ ਭਲਾ ਦੇ ਪਵਿੱਤਰ ਟੀਚੇ ਵਿਚ ਵਿਸ਼ਵਾਸ ਰੱਖਦੀ ਹੈ। ਉਹਨਾਂ ਕਿਹਾ ਕਿ ਇਹ ਹਰ ਨਾਗਰਿਕ ਨਾਲ ਬਰਾਬਰ ਮਾਣ ਸਨਮਾਨ ਤੇ ਗੌਰਵ ਨਾਲ ਪੇਸ਼ ਆਉਣ ਨੂੰ ਉਚ ਤਰਜੀਹ ਦਿੰਦੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਫਿਰਕੂਵਾਦ ਦਾ ਟਾਕਰਾ ਕਰਨ ਅਤੇ ਦੇਸ਼ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾਂ ਨੂੰ ਬਚਾ ਕੇ ਰੱਖਣ ਤੇ ਉਤਸ਼ਾਹਿਤ ਕਰਨ ਵਾਸਤੇ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸ਼ਾਂਤੀ ਤੋਂ ਬਗੈਰ ਕੋਈ ਤਰੱਕੀ ਨਹੀਂ ਹੋ ਸਕਦੀ।
ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਦੇਸ਼ ਦੀਆਂ ਆਰਥਿਕ ਨੀਤੀਆਂ ਤੇ ਯੋਜਨਾਬੰਦੀ ਵਿਚ ਕਿਸਾਨ ਵਿਰੋਧੀ ਤੇ ਗਰੀਬ ਵਿਰੋਧੀ ਰੁਝਾਨਾਂ ਦਾ ਡੱਟ ਕੇ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਇਹ ਰੁਝਾਨ ਕਿਸਾਨਾਂ ਅਤੇ ਦੇਸ਼ ਦੀ ਹੋਰ ਗਰੀਬ ਜਨਤਾ ਦੀ ਰੋਜ਼ੀ ਰੋਟੀ ਦੇ ਸਾਧਨਾਂ ਲਈ ਖ਼ਤਰਾ ਬਣ ਗਏ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮਖਿਆਲੀ ਖੇਤਰੀ ਅਤੇ ਰਾਸ਼ਟਰੀ ਪਾਰਟੀਆਂ ਨਾਲ ਸਹਿਯੋਗ ਤੇ ਤਾਲਮੇਲ ਕਰ ਕੇ ਯਕੀਨੀ ਬਣਾਵੇਗਾ ਕਿ ਰਾਜਾਂ ਅਤੇ ਕੇਂਦਰ ਵਿਚਲੀਆਂ ਸਰਕਾਰਾਂ ਪੰਜਾਬ ਅਤੇ ਭਾਰਤ ਨੁੰ ਸਰਬੱਤ ਦਾ ਭਲਾ, ਜੋ ਕਿ ਮਹਾਨ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ, ਦੇ ਦ੍ਰਿਸ਼ਟੀਕੋਣ ਅਨੁਸਾਰ ਭਲਾਈ ਰਾਜ ਵਿਚ ਤਬਦੀਲ ਕਰਨਾ ਯਕੀਨੀ ਬਣਾਉਣ।
ਖੁਸ਼ਹਾਲ ਪੰਜਾਬ ਲਈ ਆਪਣੇ ਦ੍ਰਿਸ਼ਟੀਕੋਣ ਦਾ ਖੁਲ੍ਹਾਸਾ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਗਰੀਬਾਂ ਲਈ ਸਿੱਖਿਆ ਤੇ ਸਿਹਤ ਸੰਭਾਲ ਨੂੰ ਸਰਵਉਚ ਤਰਜੀਹ ਦੇਵੇਗੀ। ਉਹਨਾਂ ਕਿਹਾ ਕਿ ਇਸ ਨਾਲ ਹੀ ਨੌਜਵਾਨ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਰੋਜ਼ਗਾਰ ਹਾਸਲ ਕਰਨ ਵਾਸਤੇ ਸਮਰਥ ਤੇ ਯੋਗ ਬਣਾਏ ਜਾ ਸਕਦੇ ਹਨ।
ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਅੱਜ ਆਪਣੇ ਆਪ ਨੂੰ ਪੰਜਾਬ ਤੇ ਪੰਜਾਬੀਆਂ ਗੁਆਚੀ ਆਨ ਬਾਨ ਤੇ ਸ਼ਾਨ ਨੂੰ ਮੁੜ ਲਿਆਉਣ ਅਤੇ ਸੂਬੇ ਨੂੰ ਦੇਸ਼ ਭਰ ਵਿਚ ਨੰਬਰ ਇਕ ਸੂਬਾ ਬਣਾਉਣ ਤੇ ਵਿਸ਼ਵ ਪੱਧਰ ’ਤੇ ਨਿਵੇਸ਼ ਲਈ ਆਦਰਸ਼ ਸਥਾਨ ਬਣਾਉਣ ਦੇ ਕੰਮ ਲਈ ਆਪਣੇ ਆਪ ਨੂੰ ਸਮਰਪਿਤ ਕਰਦੀ ਹੈ।
ਉਹਨਾਂ ਕਿਹਾ ਕਿ ਜਦੋਂ ਲੋਕਾਂ ਨੇ ਉਹਨਾਂ ਦੀ ਪਾਰਟੀ ਨੂੰ ਸਰਕਾਰ ਬਣਾ ਕੇ ਸੇਵਾ ਕਰਨ ਦਾ ਮੌਕਾ ਬਖਸ਼ਿਆ ਤਾਂ ਉਹਨਾਂ ਦੀ ਪਾਰਟੀ ਵਿਸ਼ਵ ਪੱਧਰੀ ਸਮਾਜਿਕ ਤੇ ਜ਼ਮੀਨੀ ਪੱਧਰ ’ਤੇ ਬੁਨਿਆਦੀ ਢਾਂਚਾ ਬਣਾਉਣ ਨੁੰ ਤਰਜੀਹ ਦੇਵੇਗੀ। ਉਹਨਾਂ ਕਿਹਾ ਕਿ ਇਸ ਨਾਲ ਹੀ ਸੂਬੇ ਨੂੰ ਰਵਾਇਤੀ ਤੇ ਆਈ ਟੀ ਇੰਡਸਟਰੀ ਖੇਤਰਾਂ ਵਿਚ ਨਿਵੇਸ਼ ਲਈ ਸਭ ਤੋਂ ਆਕਰਸ਼ਕ ਥਾਂ ਬਣਾਇਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਆਪਣੇ ਪਿੱਛਲੇ ਕਾਰਜਕਾਲ ਦੌਰਾਨ ਅਸੀਂ ਪੰਜਾਬ ਨੁੰ ਅਜਿਹੇ ਮੁਕਾਮ ’ਤੇ ਲਿਆਂਦਾ ਜਿਥੇ ਇਹ ਦੁਨੀਆਂ ਵਿਚ ਨਵੀਂ ਪ੍ਰਗਤੀ ਤੇ ਵਿਕਾਸ ਵਿਚ ਸ਼ਾਮਲ ਹੋਇਆ। ਇਸ ਸਦਕਾ ਹੀ ਪੰਜਾਬ ਬਾਕੀ ਦੇ ਦੇਸ਼ ਨਾਲੋਂ ਕਿਤੇ ਅੱਗੇ ਲੰਘ ਗਿਆ ਅਤੇ ਇਹ ਨਵੇਂ ਯੁੱਗ ਦੀ ਪ੍ਰਗਤੀ ਵਾਸਤੇ ਉਡਾਣ ਭਰਨ ਅਤੇ ਇਸਨੂੰ ਆਧੁਨਿਕ ਵਿਸ਼ਵ ਵਿਚ ਗਿਣੇ ਜਾਣ ਲਈ ਤਿਆਰ ਸੀ। ਉਹਨਾਂ ਕਿਹਾ ਕਿ ਜਿਸ ਸੂਬੇ ਵਿਚ ਕਦੇ ਰੋਜ਼ਾਨਾ 14 ਘੰਟੇ ਦੇ ਬਿਜਲੀ ਕੱਟ ਲੱਗਦੇ ਸਨ, ਅਸੀਂ ਉਸ ਸੂਬੇ ਨੂੰ ਬਿਜਲੀ ਸਰਪਲੱਸ ਰਾਜ ਬਣਾ ਦਿੱਤਾ। ਅਸੀਂ ਪੁਰਾਣੀਆਂ, ਸੌੜੀਆਂ ਤੇ ਟੁੱਟੀਆਂ ਭੱਜੀਆਂ ਸੜਕਾਂ ਨੂੰ ਵਿਸ਼ਵ ਪੱਧਰ ਦੀਆਂ 4 ਅਤੇ 6 ਮਾਰਗੀ ਐਕਸਪ੍ਰੈਸ ਵੇਅ ਵਿਚ ਤਬਦੀਲ ਕਰ ਦਿੱਤਾ ਜਿਸ ਸਦਕਾ ਸਫਰ ਕਰਨ ਦਾ ਸਮਾਂ ਅੱਧਾ ਹੀ ਰਹਿ ਗਿਆ। ਅਸੀਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੀ ਸਥਾਪਨਾ ਨਾਲ ਪੰਜਾਬ ਨੂੰ ਵਿਸ਼ਵ ਹਵਾਬਾਜ਼ੀ ਨਕਸ਼ੇ ’ਤੇ ਲੈ ਆਉਂਦਾ।
ਸ੍ਰੀ ਬਾਦਲ ਨੇ ਅਫਸੋਸ ਪ੍ਰਗਟ ਕੀਤਾ ਕਿ ਪਿਛਲੇ 4 ਸਾਲਾਂ ਦੌਰਾਨ, ਚੀਜ਼ਾਂ ਜਿਥੇ ਸਨ, ਉਥੇ ਹੀ ਰਹਿ ਗਈਆਂ ਹਨ। ਉਹਨਾਂ ਕਿਹਾ ਕਿ ਬਹੁਤੇ ਪ੍ਰਮੁੱਖ ਖੇਤਰਾਂ ਵਿਚ ਸੂਬਾ ਅਸਲ ਵਿਚ ਪ੍ਰਗਤੀ ਦੇ ਮੁੱਖ ਪੈਮਾਨਿਆਂ ਵਿਚ ਹੇਠਾਂ ਆ ਗਿਆ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਆਪਣੇ ਆਪ ਨੁੰ ਮੁੜ ਸਮਰਪਿਤ ਕਰਦੇ ਹਾਂ ਕਿ ਜਿਥੇ ਅਸੀਂ ਛੱਡਿਆ ਸੀ, ਉਥੋਂ ਹੀ ਮੁੜ ਸ਼ੁਰੂ ਕਰਾਂਗੇ ਤੇ ਪੰਜਾਬ ਨੂੰ ਵਿਕਾਸ ਤੇ ਤਰੱਕੀ ਦੇ ਅਗਲੇ ਪੜਾਅ ਵਿਚ ਲੈ ਕੇ ਜਾਵਾਂਗੇ।