ਕਿਹਾ ਕਿ ਉਹ ਅਕਾਲੀ ਦਲ ਦੇ ਸੱਚੇ ਸਿਪਾਹੀ ਹਨ ਅਤੇ ਸੁਫਨੇ ਵਿਚ ਇਸ ਪਾਰਟੀ ਨੂੰ ਧੋਖਾ ਦੇਣ ਬਾਰੇ ਨਹੀਂ ਸੋਚ ਸਕਦੇ
ਚੰਡੀਗੜ•/08 ਜਨਵਰੀ: ਹਰਿਆਣਾ ਦੇ ਸਿਰਸਾ ਵਿਚ ਪੈਂਦੇ ਹਲਕਾ ਕਾਲਾਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਰਦਾਰ ਬਲਕੌਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਹ ਅਕਾਲੀ ਦਲ ਦੇ ਇੱਕ ਸੱਚੇ ਸਿਪਾਹੀ ਹਨ ਅਤੇ ਉਹ ਪਾਰਟੀ ਛੱਡ ਕੇ ਕਿਸੇ ਹੋਰ ਸਿਆਸੀ ਪਾਰਟੀ ਵਿਚ ਸ਼ਾਮਿਲ ਨਹੀਂ ਹੋਏ ਹਨ।
ਕੁੱਝ ਦਿਨ ਪਹਿਲਾਂ ਉਹਨਾਂ ਦੇ ਅਕਾਲੀ ਦਲ ਨੂੰ ਛੱਡ ਕੇ ਹਰਿਆਣਾ ਵਿਚ ਨਵੀ ਬਣੀ ਸਿਆਸੀ ਪਾਰਟੀ ਜੇਜੇਪੀ ਵਿਚ ਸ਼ਾਮਿਲ ਹੋਣ ਸੰਬੰਧੀ ਛਪੀਆਂ ਰਿਪੋਰਟਾਂ ਨੂੰ ਮੁੱਢੋਂ ਖਾਰਿਜ ਕਰਦਿਆਂ ਸਰਦਾਰ ਬਲਕੌਰ ਸਿੰਘ ਨੇ ਕਿਹਾ ਕਿ ਜੇਜੇਪੀ ਪਾਰਟੀ ਦੇ ਆਗੂ ਉਹਨਾਂ ਦੇ ਘਰ ਚਾਹ ਪੀਣ ਆਏ ਸਨ ਅਤੇ ਮੀਡੀਆ ਨੇ ਇਸ ਸਨਸਨੀਖੇਜ਼ ਬਣਾਉਣ ਲਈ ਅਜਿਹਾ ਗਲਤ ਦਾਅਵਾ ਕਰ ਦਿੱਤਾ ਕਿ ਉਹ ਅਕਾਲੀ ਦਲ ਨਾਲ ਆਪਣੀ ਵਰਿ•ਆਂ ਪੁਰਾਣੀ ਸਾਂਝ ਤੋੜ ਕੇ ਜੇਜੇਪੀ ਵਿਚ ਸ਼ਾਮਿਲ ਹੋ ਗਏ ਹਨ। ਉਹਨਾਂ ਕਿਹਾ ਕਿ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਮੇਰੀ ਸਿਆਸੀ ਸਾਂਝੇਦਾਰੀ ਪ੍ਰਤੀ ਕੂੜ ਪ੍ਰਚਾਰ ਕੀਤਾ ਗਿਆ ਹੈ। ਮੈਂ ਸਾਰਿਆਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਅਕਾਲੀ ਦਲ ਮੇਰੇ ਲਈ ਇੱਕ ਬਹੁਤ ਹੀ ਪਵਿੱਤਰ ਰੁਤਬਾ ਰੱਖਦਾ ਹੈ ਅਤੇ ਮੈਂ ਸੁਫਨੇ ਵਿਚ ਵੀ ਇਸ ਪਾਰਟੀ ਨੂੰ ਧੋਖਾ ਦੇਣ ਬਾਰੇ ਨਹੀਂ ਸੋਚ ਸਕਦਾ।
ਭਵਿੱਖ ਸੰਬੰਧੀ ਆਪਣੀਆਂ ਗਠਜੋੜ ਦੀਆਂ ਯੋਜਨਾਵਾਂ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਅਕਾਲੀ ਦਲ ਕਿਸੇ ਹਮਖ਼ਿਆਲ ਪਾਰਟੀ ਨਾਲ ਭਾਈਵਾਲੀ ਕਰਨ ਦਾ ਇੱਛੁਕ ਹੋਵੇਗਾ ਤਾਂ ਇਸ ਬਾਰੇ ਫੈਸਲਾ ਸੀਨੀਅਰ ਲੀਡਰਸ਼ਿਪ ਦੁਆਰਾ ਲਿਆ ਜਾਵੇਗਾ ਅਤੇ ਉਹਨਾਂ ਨੂੰ ਜੋ ਪਾਰਟੀ ਹੁਕਮ ਦੇਵੇਗੀ, ਉਹ ਉਸ ਉੱਤੇ ਫੁੱਲ ਚੜਾਉਣਗੇ। ਉਹਨਾਂ ਕਿਹਾ ਕਿ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਤੀ ਆਪਣੀ ਵਫਾਦਾਰੀ ਅਤੇ ਸਮਰਪਣ ਦੀ ਭਾਵਨਾ ਬਾਰੇ ਦੱਸ ਦਿੱਤਾ ਹੈ। ਮੈਂ ਆ ਰਹੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਇੱਕ ਸਿਪਾਹੀ ਵਜੋਂ ਪਾਰਟੀ ਲਈ ਜੀਅ-ਜਾਨ ਨਾਲ ਕੰਮ ਕਰਾਂਗਾ।