ਚੰਡੀਗੜ੍ਹ, 8 ਨਵੰਬਰ : ਸ਼੍ਰੋਮਣੀ ਅਕਾਲੀ ਦਲ ਵਿਧਾਇਕ ਵਿੰਗ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੁੰ ਆਖਿਆ ਕਿ ਉਹ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ 10 ਦਿਨ ਵਧਾਉਣ ਤਾਂ ਜੋ ਸੂਬੇ ਨੁੰ ਦਰਪੇਸ਼ ਭੱਖਦੇ ਮਸਲਿਆਂ ’ਤੇ ਚਰਚਾ ਕੀਤੀ ਜਾ ਸਕੇ ਅਤੇ ਕਾਂਗਰਸ ਪਾਰਟੀ ਵੱਲੋਂ ਪੰਜਾਬੀਆਂ ਨੁੰ ਕੀਤੇ ਵਾਅਦਿਆਂ ਦਾ ਜਾਇਜ਼ਾ ਲਿਆ ਜਾ ਸਕੇ ਤੇ ਇਹ ਵੇਖਿਆ ਜਾ ਸਕੇ ਕਿ ਉਹ ਪੂਰੇ ਕਿਉਂ ਨਹੀਂ ਕੀਤੇ ਗਏ।
ਵਿਧਾਨ ਸਭਾ ਸਪੀਕਰ ਨੁੰ ਦਿੱਤੇ ਮੰਗ ਪੱਤਰ ਵਿਚ ਅਕਾਲੀ ਦਲ ਵਿਧਾਇਕ ਪਾਰਟੀ ਦੇ ਆਗੂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਿਉਂਕਿ ਇਹ ਮੌਜੂਦਾ ਸਦਨ ਦਾ ਆਖਰੀ ਸੈਸ਼ਨ ਹੈ, ਇਸ ਲਈ ਪੰਜਾਬੀ ਕਾਂਗਰਸ ਪਾਰਟੀ ਤੋਂ ਆਪਣੇ ਕੰਮ ਦਾ ਹਿਸਾਬ ਦੇਣ ਅਤੇ ਕਿਸਾਨਾਂ, ਨੌਜਵਾਨਾਂ ਤੇ ਸਮਾਜ ਦੇ ਗਰੀਬ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਗਏ ਇਹ ਦੱਸਣ ਦੀ ਝਾਕ ਰੱਖਦੇ ਸਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹਾਲੇ ਤੱਕ 90 ਹਜ਼ਾਰ ਕਰੋੜ ਰੁਪਏ ਦੀ ਪੂਰਨ ਕਰਜ਼ਾ ਮੁਆਫੀ ਨਹੀਂ ਮਿਲੀ। ਨਾ ਹੀ ਨੌਜਵਾਨਾ ਨੁੰ ਰੋਜ਼ਗਾਰ ਮਿਲਿਆ ਹੈ ਤੇ ਨਾ ਹੀ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਮਿਲਿਆ ਤੇ ਨਾ ਹੀ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮਾਂ ਵਰਗੇ ਸਮਾਜਿਕ ਲਾਭ ਕੀਤੇ ਵਾਅਦੇ ਅਨੁਸਾਰ ਵਧਾ ਕੇ ਦਿੱਤੇ ਗਏ ਹਨ।
ਸਰਦਾਰ ਢਿੱਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਤਾਂ ਸਰਕਾਰ ਵੱਲੋਂ ਗੁਲਾਬੀ ਸੁੰਡੀ ਨਾਲ ਜਿਹਨਾਂ ਦੀ ਨਰਮੇ ਦੀ ਫਸਲ ਤਬਾਹ ਹੋਈ ਹੈ, ਉਹਨਾਂ ਨੁੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਨਾ ਦੇਣ ਸਮੇਤ ਸੂਬੇ ਨੁੰ ਦਰਪੇਸ਼ ਭੱਖਦੇ ਮਸਲਿਆਂ ’ਤੇ ਚਰਚਾ ਲਈ ਵੀ ਸਮਾਂ Ñਨਹੀਂ ਰੱਖਿਆ। ਉਹਨਾਂ ਕਿਹਾ ਕਿ ਅਕਾਲੀ ਦਲ ਡੀ ਏ ਪੀ ਦੀ ਘਾਟ ਤੇ ਇਸਦੀ ਕਾਲਾਬਾਜ਼ਾਰੀ ’ਤੇ ਵੀ ਚਰਚਾ ਚਾਹੁੰਦਾ ਹਾਂ। ਉਹਨਾਂ ਕਿਹਾ ਕਿ ਅਸੀਂ ਸਰਕਾਰ ਵੱਲੋਂ ਐਸ ਸੀ ਵਿਦਿਆਰਥੀਆਂ ਨੁੰ ਸਕਾਲਰਸ਼ਿਪ ਦੇਣ ਵਿਚ ਨਾਕਾਮੀ ਅਤੇ ਮੰਤਰੀਆਂ ਤੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਲਈ ਉਹਨਾਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮੀ ’ਤੇ ਵੀ ਚਰਚਾ ਚਾਹੁੰਦੇ ਹਾਂ।
ਇਸ ਦੌਰਾਨ ਸਰਦਾਰ ਢਿੱਲੋਂ ਨੇ ਬਾਰਡਰ ਸਕਿਓਰਿਟੀ ਫੋਰਸ ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਸਬੰਧੀ ਕਾਂਗਰਸ ਸਰਕਾਰ ਵੱਲੋਂ ਖਰੜਾ ਤਿਆਰ ਕਰਨ ਦੇ ਤਰੀਕੇ ’ਤੇ ਵੀ ਇਤਰਾਜ਼ ਉਠਾਇਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰੂਪ ਦੇ ਮਤੇ ਤੋਂ ਕੁਝ ਨਹੀਂ ਮਿਲਣ ਵਾਲਾ। ਉਹਨਾਂ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਮਾਮਲੇ ਵਿਚ ਸਿੱਧਾ ਦਖਲ ਨਾਲ ਸਬੰਧਤ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਨੂੰ ਕਾਰਜਕਾਰੀ ਹੁਕਮ ਜਾਰੀ ਕਰਨਾ ਚਾਹੀਦਾ ਹੈ ਜਿਸ ਰਾਹੀਂ ਬੀ ਐਸ ਐਫ ’ਤੇ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਜ਼ਿਆਦਾ ਅੰਦਰ ਵੱਲ ਪੁਲਿਸ ਦੀ ਭੂਮਿਕਾ ’ਤੇ ਰੋਕ ਲਾਉਣੀ ਚਾਹੀਦੀ ਹੈ ਨਾ ਕਿ ਸਿਰਫ ਮਤੇ ਪਾਸ ਕਰਨੇ ਚਾਹੀਦੇ ਹਨ ਜਿਸ ਨਾਲ ਜ਼ਮੀਨੀ ਹਾਲਾਤ ਬਦਲਣ ਵਾਲੇ ਨਹੀਂ ਹਨ।
ਇਸ ਮੌਕੇ ਹਾਜ਼ਰ ਹੋਰ ਵਿਧਾਇਕਾਂ ਵਿਚ ਐਨ ਕੇ ਸ਼ਰਮਾ, ਪਵਨ ਕੁਮਾਰ ਟੀਨੂੰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰੋਜ਼ੀ ਬਰਕੰਦੀ, ਬਲਦੇਵ ਖਹਿਰਾ, ਡਾ. ਸੁਖਵਿੰਦਰ ਸੁੱਖੀ ਤੇ ਮਨਪ੍ਰੀਤ ਇਯਾਲੀ ਸ਼ਾਮਲ ਸਨ।