ਚੰਡੀਗੜ੍ਹ, 27 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ ਪੀ ਨੂੰ ਸਵਾਲ ਕੀਤਾ ਕਿ ਉਹ ਸਪਸ਼ਟ ਕਰਨ ਕਿ ਜਿਹੜੇ ਅਕਾਲੀ ਵਿਧਾਇਕ ਆਪਣੇ ਕੋਰੋਨਾ ਪਾਜ਼ੀਟਿਵ ਸਾਥੀ ਗੁਰਪ੍ਰਤਾਪ ਸਿੰਘ ਵਡਾਲਾ ਦੇ ਸੰਪਰਕ ਵਿਚ ਆਏ ਹਨ, ਕੀ ਉਹ ਕੱਲ੍ਹ ਇਜਲਾਸ ਵਿਚ ਆ ਸਕਦੇ ਹਨ ਅਤੇ ਪਾਰਟੀ ਨੇ ਸਿਰਫ ਇਕ ਘੰਟੇ ਦਾ ਇਜਲਾਸ ਸੱਦ ਕੇ ਵਿਖਾਵਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਵਿਧਾਇਕ ਦਲ ਦੇ ਆਗੂ ਸ੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੀਨੀਅਰ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਪੀਕਰ ਨੂੰ ਵਿਧਾਨ ਸਭਾ ਦੇ ਨਿਯਮਾਂ ਅਤੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਨਿਯਮਾਂ ਦੇ ਆਧਾਰ ’ਤੇ ਇਸ ਸਬੰਧੀ ਸਪਸ਼ਟ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਵਿਧਾਇਕ ਦਲ ਇਸ ਮੁੱਦੇ ’ਤੇ ਦੁਬਿਧਾ ਵਿਚ ਹੈ ਕਿਉਂਕਿ ਇਸਨੂੰ ਸਪੀਕਰ ਤੋਂ ਇਸ ਬਾਬਤ ਕੋਈ ਵੀ ਲਿਖਤੀ ਸੰਦੇਸ਼ ਨਹੀਂ ਮਿਲਿਆ।
ਵਿਧਾਇਕ ਦਲ ਨੇ ਸਪੀਕਰ ਨੂੰ ਪੱਤਰ ਲਿਖ ਕੇ ਉਹਨਾਂ ਨੂੰ ਦੱਸਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ 25 ਅਗਸਤ ਨੂੰ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਬਾਅਦ ਪਾਜ਼ੀਟਿਵ ਆਏ ਹਨ। ਇਸਨੇ ਕਿਹਾ ਕਿ ਭਾਵੇਂ ਸਪੀਕਰ ਨੇ ਮੀਡੀਆ ਦੇ ਇਕ ਹਿੱਸੇ ਨੂੰ ਇਹ ਬਿਆਨ ਦਿੱਤਾ ਹੈ ਕਿ ਕੋਈ ਵੀ ਵਿਧਾਇਕ ਜੋ ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਮੁਢਲੀ ਸੰਪਰਕ ਹਨ, ਨੂੰ ਕੱਲ੍ਹ ਵਿਧਾਨ ਸਭਾ ਸੈਸ਼ਨ ਵਿਚ ਨਹੀਂ ਆਉਣ ਦਿੱਤਾ ਜਾਵੇਗਾ, ਪਰ ਸਥਿਤੀ ਹਾਲੇ ਵੀ ਸਪਸ਼ਟ ਨਹੀਂ ਹੈ। ਉਹਨਾਂ ਕਿਹਾ ਕਿ ਜਿਥੇ ਤੱਕ ਮੁਢਲੇ ਸੰਪਰਕ ਹੋਣ ਦਾ ਸਵਾਲ ਹੈ, ਇਹ ਪੈਮਾਨਾ ਉਹਨਾਂ ਕਾਂਗਰਸੀਆਂ ਵਿਧਾਇਕਾਂ ’ਤੇ ਵੀ ਲਾਗੂ ਹੁੰਦਾ ਹੈ ਜੋ ਕੱਲ੍ਹ ਇਜਲਾਸ ਵਿਚ ਸ਼ਾਮਲ ਹੋਣਗੇ ਤੇ ਉਹ ਵੀ ਆਪਣੇ ਪਾਜ਼ੀਟਿਵ ਆਏ ਸਾਥੀਆਂ ਦੇ ਸੰਪਰਕ ਵਿਚ ਵੀ ਆਏ ਹੋਣਗੇ। ਉਹਨਾਂ ਕਿਹਾ ਕਿ ਇਹੀ ਸੱਚਾਈ ਸਪੀਕਰ ਦੇ ਆਪਣੇ ਮਾਮਲੇ ਵਿਚ ਵੀ ਹੈ ਤੇ ਉਹਨਾਂ ਨੂੰ ਵੀ ਆਪਣੇ ਆਪ ਨੂੰ ਇਕਾਂਤਵਾਸ ਕਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਰਫ ਇਕ ਹੀ ਵਿਅਕਤੀ ਇਜਲਾਸ ਵਿਚ ਸੁਰੱਖਿਅਤ ਆ ਸਕਦਾ ਹੈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਜਿਹਨਾਂ ਨੇ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ’ਤੇ ਇਕਾਂਤਵਾਸ ਕੀਤਾ ਹੋਇਆ ਹੈ।
ਸ੍ਰੀ ਢਿੱਲੋਂ ਤੇ ਸ੍ਰੀ ਮਜੀਠੀਆ ਨੇ ਕਿਹਾ ਕਿ ਭਾਵੇਂ ਅਕਾਲੀ ਦਲ ਦੇ ਵਿਧਾਇਕਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਬਾਬਤ ਸਪੀਕਰ ਤੱਕ ਪਹੁੰਚ ਕੀਤੀ ਹੈ ਪਰ ਕਾਂਗਰਸ ਸਰਕਾਰ ਰਾਜ ਨੂੰ ਦਰਪੇਸ਼ ਭਖਦੇ ਮਸਲਿਆਂ ’ਤੇ ਵਿਚਾਰ ਚਰਚਾ ਤੋਂ ਭੱਜ ਰਹੀ ਹੈ ਤੇ ਲੋਕਤੰਤਰ ਦਾ ਕਤਲ ਕਰ ਰਹੀ ਹੈ। ਉਹਨਾਂ ਕਿਹਾ ਕਿ ਹੋਰਨਾਂ ਰਾਜਾਂ ਦੇ ਵਿਧਾਨ ਸਭਾ ਇਜਲਾਸ ਹੋ ਰਹੇ ਹਨ ਅਤੇ ਦੋ ਹਫਤੇ ਲਈ ਸੰਸਦ ਦਾ ਇਜਲਾਸ ਵੀ ਹੋ ਰਿਹਾ ਹੈ ਪਰ ਇਹ ਪੰਜਾਬ ਦੀ ਕਾਂਗਰਸ ਸਰਕਾਰ ਹੀ ਹੈ ਜਿਸਨੇ ਇਕ ਘੰਟੇ ਦਾ ਇਜਲਾਸ ਰੱਖਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸੱਚ ਮੁੱਚ ਹੀ ਲੋਕਾਂ ਦੇ ਮੁੱਦਿਆਂ ’ਤੇ ਚਰਚਾ ਕਰਨੀ ਚਾਹੁੰਦੀ ਹੈ ਤਾਂ ਫਿਰ ਇਸਨੂੰ ਕੱਲ੍ਹ ਸਿਰਫ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੱਕ ਸੀਮਤ ਹੋਣਾ ਚਾਹੀਦਾ ਹੈ ਤੇ ਇਸ ਉਪਰੰਤ ਇਕ ਹਫਤੇ ਜਾਂ ਇਸ ਤੋਂ ਵੱਧ ਦਾ ਇਜਲਾਸ ਜਾਰੀ ਰੱਖਣਾ ਚਾਹੀਦਾ ਹੈ।
ਸਰਕਾਰ ਨੂੰ ਇਸ ਤਰੀਕੇ ਲੋਕਤੰਤਰ ਦਾ ਕਤਲ ਕਰਨ ਤੋਂਗੁਰੇਜ਼ ਕਰਨ ਲਈ ਆਖਦਿਆਂ ਅਕਾਲੀ ਦਲ ਦੇ ਵਿਧਾਇਕਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਵੱਲੋਂ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ। ਅਸੀਂ ਆਪਣੇ ਟੈਸਟ ਕਰਵਾਏ ਹਨ ਅਤੇ ਸੂਬੇ ਨੂੰ ਦਰਪੇਸ਼ ਭੱਖਦੇ ਮਸਲਿਆ ਜਿਵੇਂ ਸ਼ਰਾਬ ਮਾਫੀਆ ਜਿਸਨੇ ਰਾਜ ਦੇ ਖ਼ਜ਼ਾਨੇ ਨੂੰ 5600 ਕਰੋੜ ਰੁਪਏ ਦਾ ਘਾਟਾ ਪਾਇਆ, ਨਾਲ ਰਲੇ ਹੋਏ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਰਨ ਆਦਿ ’ਤੇ ਵਿਚਾਰ ਚਰਚਾ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਦੇ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਮਨਜੀਤ ਸਿੰਘ ਘਸੀਟਪੁਰ ਜਿਸਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਕਾਂਗਰਸ ਦੇ ਆਗੂਆਂ ’ਤੇ ਦੋਸ਼ੀਆਂ ਨੂੰ ਬਚਾਉਣ ਵਰਗੇ ਖੁਲ੍ਹਾਸੇ ਕੀਤੇ ਹਨ, ’ਤੇ ਵੀ ਚਰਚਾ ਕੀਤੀ ਜਾਵੇ। ਅਸੀਂ ਫਰੰਟਲਾਈਨ ਵਰਕਰਾਂ ਨੂੰ ਤਨਖਾਹਾਂ ਨਾ ਮਿਲਣ, ਕੁਝ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੀ ਦੁਰਦਸ਼ਾ ਅਤੇ ਮਨਰੇਗਾ ਫੰਡਾਂ ਦੇ ਘੁਟਾਲੇ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਖ਼ਜ਼ਾਨੇ ਦੀ ਕੀਤੀ ਤਾਜ਼ਾ ਲੁੱਟ ’ਤੇ ਵੀ ਚਰਚਾ ਕਰਨਾ ਚਾਹੁੰਦੇ ਹਾਂ।