ਆਗੂਆਂ ਨੇ ਕਿਹਾ ਕਿ ਕਿਸੇ ਨੂੰ ਵੀ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ’ਚ ਦਖਲ ਦੀ ਆਗਿਆ ਨਹੀਂ ਦਿੱਤੀ ਜਾਵੇਗੀ
-ਤਖਤ ਸ੍ਰੀ ਪਟਨਾ ਸਾਹਿਬ ’ਤੇ ਦੋ ਸਾਲਾਂ ਬਾਅਦ ਪੁਰਾਣੇ ਜਥੇਦਾਰ ਬਹਾਲ ਹੋਣ ਦੇ ਯਤਨਾਂ ਦੀ ਕੀਤੀ ਨਿਖੇਧੀ
ਚੰਡੀਗੜ੍ਹ, 23 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵਜੋਂ ਪਾਰਟੀ ਦੇ ਸੀਨੀਅਰ ਆਗੂ ਸ. ਮਨਜਿੰਦਰ ਸਿੰਘ ਸਿਰਸਾ ਦੀ ਕੋ-ਆਪਸ਼ਨ ਰੋਕਣ ਲਈ ਆਮ ਆਦਮੀ ਪਾਰਟੀ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਉਸ ਨੂੰ ਕਿਹਾ ਕਿ ਹੈ ਕਿ ਉਹ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਨਾ ਦਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਜਥੇ. ਅਵਤਾਰ ਸਿੰਘ ਹਿਤ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਨੇ ਆਪਣੀ ਤਾਕਤ ਨਜਾਇਜ਼ ਵਰਤ ਕੇ ਡਾਇਰੈਕਟੋਰੇਟ ਗੁਰਦੁਆਰਾ ਚੋਣਾਂ ਦੇ ਡਾਇਰੈਕਟਰ ਤੋਂ ਸ਼੍ਰੀ ਸਿਰਸਾ ਦੀ ਨਾਮਜ਼ਦੀ ਰੱਦ ਕਰਵਾਈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸ਼੍ਰੀ ਸਿਰਸਾ ਦਿੱਲੀ ਗੁਰਦੁਆਰਾ ਕਮੇਟੀ ਐਕਟ 1971 ਦੀ ਵਿਵਸਥਾ ਅਨੁਸਾਰ ਕੋ-ਆਪਟਿਡ ਮੈਂਬਰ ਵਜੋਂ ਨਾਮਜ਼ਦਗੀ ਲਈ ਬਿਲਕੁਲ ਯੋਗ ਸਨ। ਉਨ੍ਹਾਂ ਕਿਹਾ ਕਿ ਸਿਰਸਾ ਨੇ ਆਪਣੀ ਅਰਜੀ ਵੀ ਪੰਜਾਬੀ ਭਰੀ ਅਤੇ ਵਿਵਸਥਾ ਇਹ ਹੈ ਕਿ ਉਮੀਦਵਾਰ ਆਪਣੇ ਹਸਤਾਖ਼ਰ ਪੰਜਾਬੀ ਵਿਚ ਕਰ ਸਕਦਾ ਹੋਵੇ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਦੇ ਬਾਵਜੂਦ ਉਸ ਡਾਇਰੈਕਟਰ ਨੇ ਸ਼੍ਰੀ ਸਿਰਸਾ ਨੂੰ ਕੋ-ਆਪਸ਼ਨ ਲਈ ਅਯੋਗ ਕਰਾਰ ਦਿੱਤਾ ਜੋ ਆਪ ਗੁਰਮੁਖੀ ਲਿਖ ਤੇ ਪੜ੍ਹ ਨਹੀਂ ਸਕਦਾ ਜਦੋਂ ਕਿ ਸ਼੍ਰੀ ਸਿਰਸਾ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਤੋਂ 1990 ਤੋਂ 1993 ਤੱਕ ਬੀ. ਏ. ਆਨਰਜ਼ ਪੰਜਾਬੀ ਦੀ ਪੜ੍ਹਾਈ ਕਰਕੇ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁੱਖੋ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵੀਂ ਦਿੱਲੀ ਦੇ ਪ੍ਰਿੰਸੀਪਲ ਨੇ ਵੀ ਇਸ ਗੱਲ ਦਾ ਸਰਟੀਫਿਕੇਟ ਜਾਰੀ ਕੀਤਾ ਹੈ ਕਿ ਸ਼੍ਰੀ ਸਿਰਸਾ ਨੇ ਗੁਰਮੁਖੀ ਵਿਚ ਗੁਰਬਾਣੀ ਪੜ੍ਹੀ ਅਤੇ ਉਹ ਗੁਰਮੁਖੀ ਵਿਚ ਲਿਖ ਸਕਦੇ ਹਨ।
ਇਸ ਦੌਰਾਨ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਹਿਤ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਮੁੜ ਤੋਂ ਜਥੇ. ਬਣਵਾਉਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਉਨ੍ਹਾਂ ਖਿਲਾਫ ਅਨੈਤਿਕ ਹੋਣ ਦੇ ਦੋਸ਼ ਲੱਗਣ ਤੇ ਸੰਗਤਾਂ ਵਲੋਂ ਬੇਨਿਯਮਿਆਂ ਦੇ ਦੋਸ਼ ਲਾਉਣ ਮਗਰੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੋ ਸਾਲ ਬਾਅਦ ਉਨ੍ਹਾਂ ਨੇ ਨਿਆਇਕ ਰਾਹਤ ਹਾਸਲ ਕੀਤੀ ਹੈ ਤੇ ਉਹ ਆਪਣੀ ਪੁਰਾਣੀ ਪੋਸਟ ’ਤੇ ਮੁੜ ਲੱਗਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਪੰਥ ਕਿਸੇ ਵੀ ਹਾਲਤ ਵਿਚ ਇਹ ਬਰਦਾਸ਼ਤ ਨਹੀਂ ਕਰੇਗਾ ਅਤੇ ਗਿਆਨੀ ਇਕਬਾਲ ਸਿੰਘ ਵਲੋਂ ਮੁੜ ਜਥੇਦਾਰ ਬਣਨ ਦਾ ਕੋਈ ਵੀ ਯਤਨ ਅਮਨ ਸ਼ਾਂਤੀ ਭੰਗ ਕਰ ਸਕਦਾ ਹੈ।