ਤ੍ਰਾਸਦੀ ਲਈ ਜ਼ਿੰਮੇਵਾਰੀ ਤੈਅ ਕਰਨ ਤੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਕੀਤੀ ਮੰਗ
ਮੁੱਖ ਮੰਤਰੀ ਆਪਣੇ ਫਾਰਮ ਹਾਊਸ ਵਿਚ ਹੀ ਨਾ ਬੈਠੇ ਰਹਿਣ ਬਲਕਿ ਅੱਗੇ ਹੋ ਕੇ ਅਗਵਾਈ ਕਰਨ : ਬਿਕਰਮ ਸਿੰਘ ਮਜੀਠੀਆ
ਜ਼ੋਰ ਦੇ ਕੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਹੁਣ ਇਕ ਦਿਨ ਵੀ ਹੋਰ ਅਹੁਦੇ ’ਤੇ ਬਣੇ ਰਹਿਣ ਦਾ ਹੱਕ ਨਹੀਂ, ਉਹਨਾਂ ਨੁੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ
ਅੰਮ੍ਰਿਤਸਰ, 24 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਆਕਸੀਜ਼ਨ ਦੀ ਘਾਟ ਕਾਰਨ ਛੇ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਮੰਗ ਕੀਤੀ ਕਿ ਇਸ ਤ੍ਰਾਸਦੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਪਾਰਟੀ ਨੇ ਸੂਬੇ ਨੁੰ ਕਿਆਮਤ ਤੇ ਨਿਰਾਸ਼ਾ ਵੱਲ ਧੱਕਣ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਰਬੀਆਂ ਨੂੰ ਦੱਸਣ ਕਿ ਉਹਨਾਂ ਨੇ ਕੋਰੋਨਾ ਦੀ ਦੂਰੀ ਲਹਿਰ ਬਾਰੇ ਅਗਾਊਂ ਚੇਤਾਵਨੀਆਂ ਮਿਲਣ ਦੇ ਬਾਵਜੂਦ ਵੀ ਸਾਰਾ ਪ੍ਰਬੰਧ ਦਰੁੱਸਤ ਕਿਉਂ ਨਹੀਂ ਕੀਤਾ ਤੇ ਆਕਸੀਜ਼ਨ ਸਹੂਲਤਾਂ, ਵੈਂਟੀਲੇਟਰ ਤੇ ਆਈ ਸੀ ਯੂ ਆਦਿ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਅੱਗੇ ਹੋ ਕੇ ਅਗਵਾਈ ਕਰਨ ਵਿਚ ਨਾਕਾਮ ਰਹੇ ਹਨ। ਜਦੋਂ ਸੂਬਾ ਸੜ ਰਿਹਾ ਹੈ ਤਾਂ ਉਹ ਆਪਣੇ ਫਾਰਮ ਹਾਉਸ ’ਤੇ ਅਰਾਮ ਫਰਮਾ ਰਹੇ ਹਨ।
ਸ੍ਰੀ ਮਜੀਠੀਆ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਬਾਰੇ ਜਿੰਨੀ ਘੱਟ ਗੱਲ ਕੀਤੀ ਜਾਵੇ ਉਨੀ ਚੰਗੀ ਹੈ। ਉਹਨਾਂ ਕਿਹਾ ਕਿ ਸਿਹਤ ਮੰਤਰੀ ਤਾਂ ਸੂਬੇ ਵਿਚ ਮਹਾਂਮਾਰੀ ਵੱਧਣ ਕਾਰਨ ਸੂਬੇ ਵਿਚ ਪੈਦਾ ਹੋ ਰਹੀ ਸਥਿਤੀ ਤੋਂ ਹੀ ਅਣਜਾਣ ਬਣੇ ਹੋਏ ਹਨ। ਉਹ ਸਭ ਕੁਝ ਫੇਲ੍ਹ ਕਰ ਰਹੇ ਹਨ ਭਾਵੇਂ ਸਰਕਾਰੀ ਹਸਪਤਾਲਾਂ ਦੀ ਅਪਗਰੇਡੇਸ਼ਨ ਹੋਵੇ, ਕੋਰੋਨਾ ਮਰੀਜ਼ਾਂ ਲਈ ਵਿਸ਼ੇਸ਼ ਸੰਭਾਲ ਕੇਂਦਰ ਹੋਣ, ਵੈਂਟੀਲੇਟਰਾਂ ਦੀ ਗਿਣਤੀ ਵਧਾਉਣੀ ਹੋਵੇ ਤੇ ਮਹੀਨਿਆਂ ਬੱਧੀ ਕੇਂਦਰ ਤੋਂ ਮਿਲੇ ਵੈਂਟੀਲੇਟਰ ਪੈਕਡ ਹੀ ਪਏ ਰਹਿਣ ਜਾਂ ਫਿਰ ਆਈ ਸੀ ਯੂ ਦੀ ਗਿਣਤੀ ਵਧਾਉਣੀ ਹੋਵੇ, ਕੁਝ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਨੀਲਕੰਠ ਹਸਪਤਾਲ ਅੰਮ੍ਰਿਤਸਰ ਵਿਖੇ ਕੱਲ੍ਹ ਰਾਤ ਵਾਪਰੇ ਹਾਦਸੇ ਲਈ ਬਲਬੀਰ ਸਿੱਧੂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਉਹਨਾਂ ਨੁੰ ਇਕ ਹੋਰ ਦਿਨ ਵੀ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਥ ਨਹੀਂ ਹੈ ਤੇ ਉਹਨਾਂ ਨੁੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ।
ਇਸ ਦੌਰਾਨ ਸੀਨੀਅਰ ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕੱਲ੍ਹ ਰਾਤ ਛੇ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦੇ ਮਾਮਲੇ ਦੀ ਉਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰਨ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਪ੍ਰਸ਼ਾਸਨ ਨੁੰ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਮੈਡੀਕਲ ਗਰੇਡ ਆਕਸੀਜ਼ਨ ਦੀਸਪਲਾਈ ਯਕੀਨੀ ਬਣਾਉਣ ਵਾਸਤੇ ਤੁਰੰਤ ਹਦਾਇਤਾਂ ਜਾਰੀ ਕਰਨ।
ਸ੍ਰੀ ਮਜੀਠੀਆ ਨੇ ਕਿਹਾ ਕਿ ਸਾਨੂੰ ਕੋਰੋਨਾ ਮਰੀਜ਼ਾਂ ਨੁੰ ਹੋਰ ਰਾਹਤ ਦੇਣ ਲਈ ਹੋਰ ਕੰਮ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਾਨੂੰ ਸੁਬੇ ਭਰ ਤੋਂ ਡਰਾਉਣੀਆਂ ਕਹਾਣੀਆਂ ਸੁਣਨ ਨੁੰ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਆਕਸੀਜਨ ਦੀ ਘਾਟ ਤੋਂ ਇਲਾਵਾ ਮਰੀਜ਼ਾਂ ਨੂੰ ਜੀਵਨ ਬਚਾਉਣ ਦਵਾਈਆਂ ਜਿਵੇਂ ਟੋਕਲੀਜ਼ੁਮਬ, ਇਟੋਲੀਜ਼ੁਮਬ ਤੇ ਰੈਮੇਡਿਸਵੀਰ ਆਦਿ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਤਾਂ ਆਮ ਦਵਾਈਆਂ ਵੀ ਨਹੀਂ ਮਿਲ ਰਹੀਆਂ।
ਸ੍ਰੀ ਮਜੀਠੀਆ ਨੇ ਕਾਂਗਰਸ ਸਰਕਾਰ ਦੇ ਇਸ ਦਾਅਵੇ ਦੀ ਵੀ ਨਿਰਪੱਖ ਜਾਂਚ ਦੀ ਮੰਗ ਕੀਤੀ ਕਿ ਉਸਨੇ ਪਿਛਲੇ ਇਕ ਾਲ ਦੌਰਾਨ ਕੋਰੋਨਾ ਨਾਲ ਨਜਿੱਠਣ ਲਈ ਹਸਪਤਾਲਾਂ ਦੀ ਅਪਗ੍ਰੇਡੇਸ਼ਨ ’ਤੇ 1000 ਕਰੋੜ ਰੁਪਏ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਚਮੁੱਚ ਅਜਿਹਾ ਕੀਤਾ ਹੁੰਦਾ ਤਾਂ ਫਿਰ ਅਣਦੇਖੀ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਨਾ ਜਾਂਦੀ ਤੇ ਪੰਜਾਬ ਵਿਚ ਮੌਤ ਦਰ ਦੇਸ਼ ਵਿਚ ਸਭ ਨਾਲੋਂ ਜ਼ਿਆਦਾ ਨਾ ਹੁੰਦੀ। ਉਹਨਾਂ ਮੰਗ ਕੀਤੀ ਕਿ ਸਰਕਾਰ ਹਸਪਤਾਲਾਂ ਵਿਚ ਬੈਡ ਸਹੂਲਤਾਂ ਵਿਚ ਵਾਧਾ ਕਰੇ, ਹਸਪਤਾਲਾਂ ਵਿਚ ਆਕਸੀਜ਼ਨ ਦੀ ਢੁਕਵੀਂ ਸਪਲਾਈ ਕੀਤੀ ਜਾਵੇ, ਵੈਂਟੀਲੇਟਰਾਂ ਦੀ ਗਿਣਤੀ ਵਧਾਈ ਜਾਵੇ ਤੇ ਆਈ ਸੀ ਯੂ ਸਹੂਲਤਾਂ ਨੂੰ ਵੀ ਚੁਸਤ ਦਰੁੱਸਤ ਕੀਤਾ ਜਾਵੇ।