ਕੇਜਰੀਵਾਲ ਕੇਂਦਰ ਦੀ ਕਠਪੁਤਲੀ, ਦਿੱਲੀ ਦੇ ਸਿਹਤ ਵਿਭਾਗ ਵੱਲੋਂ 1000 ਕਿਸਾਨਾਂ ਖਿਲਾਫ ਦਰਜ ਕਰਵਾਈ ਸ਼ਿਕਾਇਤ ਵਾਪਸ ਲਈ ਜਾਵੇ : ਸੁਖਬੀਰ ਸਿੰਘ ਬਾਦਲ
ਚੰਡੀਗੜ•, 11 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟਂ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਦਿੱਲੀ ਦੇ ਸਿਹਤ ਵਿਭਾਗ ਰਾਹੀਂ ਇਕ ਹਜ਼ਾਰ ਕਿਸਾਨਾਂ ਖਿਲਾਫ ਐਫ ਆਈ ਆਰ ਦਰਜ ਕਰਵਾ ਕੇ ਸਿੰਘੂ ਬਾਰਡਰ 'ਤੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਖਿਲਾਫ ਤਾਕਤ ਦੀ ਵਰਤੋਂ ਦਾ ਆਧਾਰ ਤਿਆਰ ਕਰ ਦਿੱਤਾ ਹੈ।
ਇਸ ਕਾਇਰਤਾ ਵਾਲੀ ਕਾਰਵਾਈ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਸ਼ਰਮਨਾਕ ਕਾਰਵਾਈ ਨੇ ਸਾਬਤ ਕੀਤਾ ਹੈ ਕਿ ਕੇਜਰੀਵਾਲ ਕੇਂਦਰ ਦੀ ਕਠਪੁਤਲੀ ਹੈ ਜੋ ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਹੀ ਕੰਮ ਕਰਦਾ ਹੈ ਅਤੇ ਕਿਸਾਨਾਂ ਵਾਸਤੇ ਸਿਰਫ ਮਗਰਮੱਛ ਦੇ ਹੰਝੂ ਵਹਾਉਂਦਾ ਹੈ।
ਇਸ ਤੋਂ ਪਹਿਲਾਂ ਕੇਜਰੀਵਾਲ ਨੇ ਨਵੇਂ ਖੇਤੀ ਐਕਟਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਸਾਬਤ ਕੀਤਾ ਸੀ ਕਿ ਉਹ ਕਾਲੀ ਭੇਡ ਹੈ ਜਦਕਿ ਉਹਨਾਂ ਨੇ ਕਿਸਾਨਾਂ ਦੀ ਇਹ ਕਾਨੂੰਨ ਰੱਦ ਕਰਨ ਦੀ ਮੰਗ ਦਾ ਜਨਤਕ ਤੌਰ 'ਤੇ ਸਮਰਥਨ ਕੀਤਾ ਹੈ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਦਿੱਲੀ ਦੇ ਬਾਰਡਰਾਂ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕੋਲ ਜਾਣ ਦਾ ਡਰਾਮਾ ਕਰਨ ਤੋਂ ਤੁਰੰਤ ਬਾਅਦ ਇਕ ਹੋਰ ਕਿਸਾਨ ਵਿਰੋਧੀ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਕਦਮਾਂ ਨੇ ਸਾਬਤ ਕੀਤਾ ਹੈ ਕਿ ਕੇਜਰੀਵਾਲ ਦੀ ਹਮਦਰਦ ਕੋਰਾ ਝੂਠ ਹੈ। ਉਹ ਨਾ ਸਿਰਫ ਕਿਸਾਨ ਵਿਰੋਧੀ ਹੈ ਬਲਕਿ ਉਸਨੇ ਸ਼ਾਂਤੀਪੂਰਨ ਕਿਸਾਨ ਅੰਦੋਲਨ ਨੂੰ ਤਾਕਤ ਦੀ ਵਰਤੋਂ ਨਾਲ ਦਬਾਉਣ ਵਾਸਤੇ ਆਪਣੇ ਆਪ ਨੂੰ ਵਰਤੇ ਜਾਣ ਦੀ ਆਗਿਆ ਦੇ ਦਿੱਤੀ। ਅਕਾਲੀ ਦਲ ਨੇ ਇਯ ਕਿਸਮ ਦੀ ਅਨੈਤਿਕ ਤੇ ਮਾੜੀ ਸਿਆਸਤ ਦੀ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਅਸੀਂ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਨੁੰ ਧਰਨੇ ਵਾਲੀ ਥਾਂ ਤੋਂ ਕਿਸਾਨਾਂ ਨੂੰ ਜਬਰੀ ਹਟਾਉਣ ਦੇ ਕਿਸੇ ਵੀ ਯਤਨ ਦਾ ਜ਼ੋਰਦਾਰ ਵਿਰੋਧ ਕਰਾਗੇ।
ਸ੍ਰੀ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਪ ਦੇ ਕਨਵੀਨਰ ਦੇ ਧੋਖੇਬਾਜ਼ੀ ਕੀਤੀ ਹੋਵੇ। ਉਹਨਾਂ ਕਿਹਾ ਕਿ ਹੁਣ ਵੀ ਆਪ ਦਿੱਲੀ ਤੇ ਪੰਜਾਬ ਇਕਾਈਆਂ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਦੋਂ ਦਿੰਲੀ ਸਰਕਾਰ ਨੇ ਖੇਤੀ ਐਕਟ ਨੋਟੀਫਾਈ ਕੀਤੇ ਤਾਂ ਉਦੋਂ ਵੀ ਆਪ ਦੀ ਪੰਜਾਬ ਇਕਾਈ ਨੇ ਰਾਸ਼ਟਰਪਤੀ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਖੇਤੀ ਕਾਨੁੰਨ ਰੱਦ ਕਰਨ ਦੀ ਬੇਨਤੀ ਕੀਤੀ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਦੋਗਲੇਪਨ ਦਾ ਸਿਖ਼ਰ ਹੈ। ਉਹਨਾਂ ਮੰਗ ਕੀਤੀ ਕਿ ਦਿੱਲੀ ਸਰਕਾਰ ਨਾ ਸਿਰਫ ਖੇਤੀ ਕਾਨੂੰਨਾਂ ਦਾ ਨੋਟੀਫਿਕੇਸ਼ਨ ਰੱਦ ਕਰੇ ਬਲਕਿ ਆਪਣੇ ਸਿਹਤ ਵਿਭਾਗ ਨੂੰ ਹਦਾਇਤ ਕਰੇ ਕਿ ਉਹ ਕਿਸਾਨਾਂ ਖਿਲਾਫ ਦਰਜ ਕਰਵਾਈ ਆਪਣੀ ਸ਼ਿਕਾਇਤ ਵਾਪਸ ਲਵੇ।
ਸ੍ਰੀ ਬਾਦਲ ਨੇ ਕਿਹਾ ਕਿ ਜੇਕਰ ਮਾਮਲੇ ਵਿਚ ਕੇਜਰੀਵਾਲ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਫਿਰ ਉਹ ਅਤੇ ਸਿਰਫ ਉਹ ਉਹਨਾਂ ਦੀ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਦਰਜ ਕਰਵਾਈ ਸ਼ਿਕਾਇਤ ਕਾਰਨ ਕਿਸਾਨਾਂ ਨੁੰ ਦਰਪੇਸ਼ ਆਉਣ ਵਾਲੀ ਕਿਸੇ ਵੀ ਮੁਸ਼ਕਿਲ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ। ਉਹਨਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਚੰਗਾ ਹੁੰਦਾ ਜੇਕਰ ਦਿੱਲੀ ਦੇ ਮੁੱਖ ਮੰਤਰੀ ਧਰਨੇ ਵਾਲੀ ਥਾਂ 'ਤੇ ਲੋੜੀਂਦੀਆਂਸਿਹਤ ਸਹੂਲਤਾਂ ਪ੍ਰਦਾਨ ਕਰਦੇਤਾਂ ਜੋ ਕਿਸਾਨਾਂ ਦੀ ਸਿਹਤ ਸੰਭਾਲੇ ਦੇ ਮਸਲੇ ਨਜਿੱਠੇ ਜਾਂਦੇ ਨਾ ਕਿ ਉਹ ਅੰਨਦਾਤਾ ਦੇ ਖਿਲਾਫ ਧੱਕੇਸ਼ਾਹੀ ਦੀ ਵਰਤੋਂ ਕਰਦੇ।