ਚੰਡੀਗੜ੍ਹ, 5 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ਆਗੂ ਸ੍ਰੀ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਇਹ ਵਾਅਦਾ ਕਰਨ ਕਿ ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ਕੀਤੀ ਮੰਗ ਨੂੰ ਪ੍ਰਵਾਨ ਕਰਦਿਆਂ ਕਾਂਗਰਸ ਸਰਕਾਰ ਕਿਸਾਨਾਂ ਦੀ ਸਾਰੀ ਦੀ ਸਾਰੀ ਜਿਣਸ ਖਰੀਦਣ ਦੀ ਜ਼ਿੰਮੇਵਾਰੀ ਲਵੇਗੀ ਤੇ ਸੂਬੇ ਵੱਲੋਂ ਘੱਟ ਘੱਟ ਸਮਰਣਨ ਮੁੱਲ ’ਤੇ ਜਿਣਸਾਂ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਆਗੂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੱਧੂ ਪੰਜਾਬ ਵਿਚ ਰਾਹੁਲ ਗਾਂਧੀ ਦਾ ਮੁਖੌਟਾ ਹੈ। ਗਾਂਧੀ ਪਰਿਵਾਰ ਨੇ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਦੀ ਜ਼ਿੰਮੇਵਾਰੀ ਵੀ ਲਗਾਈ ਸੀ ਕਿ ਉਹ ਸਿੱਧੂ ਦਾ ਰੋਹ ਸ਼ਾਂਤ ਕਰਨ ਤੇ ਚਲ ਰਹੀ ਫਲਾਪ ਟਰੈਕਟਰ ਰੈਲੀ ਵਿਚ ਉਹਨਾਂ ਦੀ ਹਾਜ਼ਰੀ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਹੁਣ ਇਹ ਮੰਨ ਲੈਣਾ ਚਾਹੀਦਾ ਹੈ ਕਿ ਰਾਹੁਲ ਗਾਂਧੀ ਸਿੱਧੂ ਦੀ ਮੰਗ ਨੂੰ ਪ੍ਰਵਾਨ ਕਰਨਗੇ ਜਿਸ ਵਿਚ ਉਹਨਾਂ ਸੂਬਾ ਸਰਕਾਰ ਨੂੰ ਕਣਕ ਤੇ ਝੋਨੇ ਦੀ 100 ਫੀਸਦੀ ਖਰੀਦ ਯਕੀਨੀ ਬਣਾ ਕੇ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਕਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਾਰੇ ਕਾਂਗਰਸ ਰਾਜ ਵਾਲੇ ਮੁੱਖ ਮੰਤਰੀ ਨੂੰ ਕੀਤੀ ਹਦਾਇਤ ਅਨੁਸਾਰ ਵੀ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਸੂਬੇ ਭਾਰਤੀ ਸੰਵਿਧਾਨ ਦੀ ਧਾਰਾ 254 ਦੇ ਤਹਿਤ ਆਪਣੇ ਕਾਨੂੰਨ ਬਣਾਉਣ ਤੇ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਆਪੋ ਆਪਣੇ ਸੂਬਿਆਂ ਵਿਚ ਲਾਗੂ ਨਾ ਹੋਣਾ ਯਕੀਨੀ ਬਣਾਉਣ।
ਰਾਹੁਲ ਗਾਂਧੀ ਨੂੰ ‘ਤਮਾਸ਼ਾ’ ਕਰਨ ਤੇ ਲਗਜ਼ਰੀ ਸੋਫੇ ਫਿੱਟ ਕੀਤੇ ਟਰੈਕਟਰਾਂ ’ਤੇ ਤਸਵੀਰਾਂ ਖਿਚਵਾਉਣ ਦੀ ਥਾਂ ਕੋਈ ਹੱਲ ਪੇਸ਼ ਕਰਨ ਲਈ ਕਹਿੰਦਿਆਂ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇਹ ਆਦਤ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਸੂਬਿਆਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਯਤਨ ਕਰਦੇ ਹਨ। ਉਹਨਾਂ ਕਿਹਾ ਕਿ ਮੱਧ ਪ੍ਰਦੇਸ਼ ਵਿਚ ਵੀ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਤਮ ਹੱਤਿਆ ਕਰਨ ਵਾਲੇ ਪੀੜਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਪਰ ਉਹਨਾਂ ਨੇ ਪਿਛਲੇ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕੀਤਾ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਾ ਕਰਨ ਕਾਰਨ ਸੈਂਕੜੇ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ’ਤੇ ਵੀ ਪੰਜਾਬ ਆਉਣਾ ਵਾਜਬ ਨਹੀਂ ਸਮਝਿਆ।
ਸ੍ਰੀ ਗਰੇਵਾਲ ਨੇ ਕਿਹਾ ਕਿ ਇਸੇ ਤਰੀਕੇ ਰਾਹੁਲ ਗਾਂਧੀ ਨੇ ਆਪਣੇ ਮੌਜੂਦਾ ਦੌਰੇ ਦੌਰਾਨ ਵੀ ਸੂਬੇ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਕ ਵਾਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਸ਼ਬਦ ਵੀ ਨਹੀਂ ਕਿਹਾ। ਉਹਨਾਂ ਕਿਹਾ ਕਿ ਜਾਪਦਾ ਹੈ ਕਿ ਰਾਹੁਲ ਗਾਂਧੀ ਆਪਣੀ ਪਾਰਟੀ ਵੱਲੋਂ ਪੰਜਾਬੀਆਂ ਨੂੰ ਕੀਤੇ ਘਰ ਘਰ ਨੌਕਰੀ ਤੇ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤੇ ਦੇ ਵਾਅਦਿਆਂ ਨੂੰ ਭੁੱਲ ਗਏ ਹਨ। ਉਹਨਾਂ ਕਿਹਾ ਕਿ ਇਹ ਵਾਅਦੇ ਪੂਰੇ ਕਰਨ ਤਾਂ ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸਰਕਾਰ ਤੇ ਸਹਿਕਾਰੀ ਖੰਡ ਮਿੱਲਾਂ ਵੱਲ ਬਕਾਇਆ ਪਏ ਗੰਨਾ ਉਤਪਾਦਕਾਂ ਦੇ 450 ਕਰੋੜ ਰੁਪਏ ਵੀ ਜਾਰੀ ਨਹੀਂ ਕੀਤੇ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨ ਕਦੇ ਵੀ ਮੁੜ ਕਾਂਗਰਸ ਪਾਰਟੀ ’ਤੇ ਵਿਸ਼ਵਾਸ ਨਹੀਂ ਕਰਨਗੇ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਰਾਹੁਲ ਗਾਂਧੀ ਨੇ ਖੇਤੀ ਐਕਟ ਆਸਾਨੀ ਨਾਲ ਪਾਸ ਹੋਣੇ ਯਕੀਨੀ ਬਣਾ ਕੇ ਕਿਸਾਨਾਂ ਦੇ ਹਿੱਤ ਵੇਚਣ ਦਾ ਸੌਦਾ ਕੀਤਾ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇਹ ਖੇਤੀ ਬਿੱਲ ਸੰਸਦ ਵਿਚ ਪੇਸ਼ ਹੋਣ ਸਮੇਂ ਨਾ ਸਿਰਫ ਦੇਸ਼ ਵਿਚੋਂ ਭੱਜ ਗਏ ਬਲਕਿ ਉਹਨਾਂ ਨੇ ਆਪਣੇ ਸੰਸਦ ਮੈਂਬਰਾਂ ਨੂੰ ਇਹਨਾਂ ਖਿਲਾਫ ਵੋਟ ਪਾਉਣ ਲਈ ਵਿਪ੍ਹ ਜਾਰੀ ਨਾ ਕਰ ਕੇ ਇਹਨਾਂ ਦਾ ਪਾਸ ਹੋਣਾ ਯਕੀਨੀ ਬਣਾਇਆ। ਉਹਨਾਂ ਕਿਹਾ ਕਿ ਪਹਿਲਾਂ ਵੀ ਰਾਹੁਲ ਨੇ 2012 ਵਿਚ ਅਜਿਹੇ ਐਕਟ ਪਾਸ ਕਰਵਾਉਣ ਦੀ ਕੋਸ਼ਿਸ਼ ਰਕ ਕੇ ਖੇਤੀ ਐਕਟਾਂ ਦੀ ਨੀਂਹ ਰੱਖੀ ਸੀ ਤੇ ਫੇਲ੍ਹ ਹੋਣ ਮਗਰੋਂ ਉਹਨਾਂ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਦੇ ਸੱਤਾ ਵਿਚ ਆਉਣ ’ਤੇ ਮੰਡੀਕਰਣ (ਸਰਕਾਰੀ ਖਰੀਦ) ਪ੍ਰਣਾਲੀ ਖਤਮ ਕੀਤੀ ਜਾਵੇਗੀ।