ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਰਟੀ ਹੋਰ ਰੋਸ ਮੁਜ਼ਾਹਰੇ ਸ਼ਹਿਰ ਵਿਚ ਲਿਆਵੇਗੀ ਤੇ ਦਿੱਲੀ 'ਚ ਵੀ ਰੋਸ ਵਿਖਾਵੇ ਕਰੇਗੀ
ਰਾਹੁਲ ਗਾਂਧੀ ਨੂੰ ਆਖਿਆ ਕਿ ਪੰਜਾਬ ਆਉਣ ਤੋਂ ਪਹਿਲਾਂ ਉਹ ਖੇਤੀ ਬਿੱਲਾਂ ਦੇ ਪਾਸ ਹੋਣ ਵਿਚ ਆਪਣੇ ਇਤਰਾਜ਼ਯੋਗ ਵਿਹਾਰ ਬਾਰੇ ਪੱਖ ਰੱਖਣ
ਕਿਹਾ ਕਿ ਅਮਰਿੰਦਰ ਸਿੰਘ ਕੇਂਦਰ ਨਾਲ ਫਿਕਸ ਮੈਚ ਖੇਡ ਰਹੇ ਹਨ
ਚੰਡੀਗੜ•, 2 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ• ਦੇ ਬਾਹਰਵਾਰ ਕਿਸਾਨਾਂ ਨਾਲ ਹੋਏ ਅਨਿਆਂ ਖਿਲਾਫ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਅਕਾਲੀ ਵਰਕਰਾਂ 'ਤੇ ਚੰਡੀਗੜ• ਪੁਲਿਸ ਵੱਲੋਂ ਜ਼ਬਰੀ ਤਾਕਤ ਦੀ ਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਐਲਾਨ ਕੀਤਾ ਕਿ ਉਹ ਚੰਡੀਗੜ• ਵਿਚ ਹੋਰ ਰੋਸ ਮੁਜ਼ਾਹਰੇ ਲਿਆਵੇਗੀ ਤੇ ਦਿੱਲੀ ਤੱਕ ਵੀ ਰੋਸ ਮੁਜ਼ਾਹਰੇ ਲੈ ਕੇ ਜਾਵੇਗੀ।
ਇਥੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਅਤੇ ਕੇਂਦਰ ਨੇ ਕੱਲ• ਇਕ ਫਿਕਸ ਮੈਚ ਖੇਡਿਆ
ਜਿਸਦਾ ਮਕਸਦ ਕਿਸਾਨ ਸੰਗਠਨਾਂ ਤੇ ਅਕਾਲੀ ਵਰਕਰਾਂ ਦਰਮਿਆਨ ਟਕਰਾਅ ਕਰਵਾਉਣਾ ਸੀ ਤਾਂ ਜੋ ਅਕਾਲੀਆਂ ਨੂੰ ਕੇਂਦਰ ਨੂੰ ਮਾਤ ਪਾਉਣ ਵਾਲੇ ਸ਼ਾਂਤੀਪੂਰਨ ਰੋਸ ਵਿਖਾਵਿਆਂ ਦੀ ਲੀਹ ਤੋਂ ਹੇਠਾਂ ਲਾਹਿਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਮਝਦੀ ਹੈ ਕਿ ਉਹ ਇਸ ਤਰੀਕੇ ਲਾਠੀਚਾਰਜ ਕਰ ਕੇ, ਜਿਸ ਵਿਚ ਕਈ ਸੀਨੀਅਰ ਆਗੂ ਤੇ ਵਰਕਰ ਫੱਟੜ ਹੋਏ, ਨਾਲ ਸਾਡੀ ਆਵਾਜ਼ ਦਬਾ ਸਕਦੀ ਹੈ ਤਾਂ ਫਿਰ ਇਸਦਾ ਮਤਲਬ ਹੈ ਕਿ ਹਾਲੇ ਤੱਕ ਉਸਨੂੰ ਪੰਜਾਬ ਦੇ ਕਿਸਾਨਾਂ ਦੇ ਡੂੰਘੇ ਰੋਸ ਦੀ ਸਮਝ ਨਹੀਂ ਲੱਗੀ। ਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਦੀ ਹੋਂਦ ਖ਼ਤਰੇ ਵਿਚ ਹੈ ਜਿਸਨੂੰ ਵੇਖਦਿਆਂ ਅਸੀਂ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖਾਂਗੇ ਤੇ ਇਸ ਧੱਕੇਸ਼ਾਹੀ ਤੋਂ ਨਹੀਂ ਡਰਾਂਗੇ।
ਹੋਰ ਵੇਰਵੇ ਸਾਂਝੇ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਉਹਨਾਂ ਪਾਰਟੀ ਦੇ ਹੋਰ ਆਗੂਆਂ ਨੇ ਰਲ ਕੇ ਮੁੱਲਾਂਪੁਰ ਵਿਚ ਗ੍ਰਿਫਤਾਰੀ ਦਿੱਤੀ ਅਤੇ ਉਹਨਾਂ ਨੂੰ ਬੱਸ ਤੱਕ ਲਿਜਾਇਆ ਜਾ ਰਿਹਾ ਸੀ ਤਾਂ ਉਦੋਂ ਪੁਲਿਸ ਦੇ ਮੁਲਾਜ਼ਮਾਂ ਨੇ ਬਿਨਾਂ ਭੜਕਾਹਟ ਦੇ ਉਹਨਾਂ 'ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਮਾਹੌਲ ਵਿਚ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਗੁਲਜ਼ਾਰ ਸਿੰਘ ਰਣੀਕੇ ਫੱਟੜ ਹੋ ਗਏ। ਉਹਨਾਂ ਕਿਹਾ ਕਿ ਇਸੇ ਤਰੀਕੇ ਜ਼ੀਰਕਪੁਰ ਵਿਚ ਸੀਨੀਅਰ ਆਗੂ ਤੇ ਐਮ ਪੀ ਬਲਵਿੰਦਰ ਸਿੰਘ ਭੂੰਦੜ ਨਾਲ ਪੁਲਿਸ ਨੇ ਬਦਸਲੂਕੀ ਕੀਤੀ ਜਦਕਿ ਪਾਰਟੀ ਦੇ ਕਈ ਹੋਰ ਆਗੂ ਪੁਲਿਸ ਦੀ ਇਸ ਧੱਕੇਸ਼ਾਹੀ ਦੌਰਾਨ ਜ਼ੀਰਕਪੁਰ ਤੇ ਮੁੱਲਾਂਪੁਰ ਵਿਚ ਫੱਟੜ ਹੋ ਗਏ।
ਇਕ ਸਵਾਲ ਦੇ ਜਵਾਬ ਵਿਚ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਆਉਣ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਸੰਸਦ ਵਿਚ ਖੇਤੀਬਾੜੀ ਬਿੱਲ ਆਸਾਨੀ ਨਾਲ ਪਾਸ ਹੋਣ ਵਿਚ ਆਪਣੀ ਸਵਾਲਾਂ ਵਿਚ ਘਿਰੀ ਭੂਮਿਕਾ ਬਾਰੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਸਿਰਫ ਸਬੱਬ ਨਹੀਂ ਹੋ ਸਕਦਾ ਕਿ ਉਹ ਸੰਸਦ ਵਿਚ ਖੇਤੀ ਬਿੱਲ ਪੇਸ਼ ਕੀਤੇ ਜਾਣ ਤੋਂ ਪਹਿਲਾਂ ਅਮਰੀਕਾ ਵਿਚ ਰੂਟੀਨ ਮੈਡੀਕਲ ਚੈਕਅੱਪ ਲਈ ਰਵਾਨਾ ਹੋ ਗਏ ਤੇ ਉਸ ਦਿਨ ਹੀ ਵਾਪਸ ਪਰਤੇ ਜਦੋਂ ਇਹ ਬਿੱਲ ਪਾਸ ਹੋ ਗਏ ਸਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ ਕਿ ਉਹਨਾਂ ਨੇ ਏ ਪੀ ਐਮ ਸੀ ਐਕਟ ਤੇ ਮੰਡੀਕਰਣ ਪ੍ਰਣਾਲੀ ਖਤਮ ਕਰਨ ਦੀ 2019 ਵਿਚ ਵਕਾਲਤ ਕਿਉਂ ਕੀਤੀ ।
ਉਹਨਾਂ ਨੇ ਕਾਂਗਰਸੀ ਆਗੂ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਉਹਨਾਂ ਦੀ ਪਾਰਟੀ ਸ਼ਿਵ ਸੈਨਾ ਵੱਲੋਂ ਲੋਕ ਸਭਾ ਵਿਚ ਖੇਤੀ ਬਿੱਲਾਂ ਦੀ ਹਮਾਇਤ ਕਰਨ ਤੋਂ ਬਾਅਦ ਵੀ ਸ਼ਿਵ ਸੈਨਾ ਨਾਲ ਗਠਜੋੜ ਬਣਾ ਕੇ ਸੱਤਾ ਦੀ ਲਾਲਸਾ ਵਿਚ ਕਿਉਂ ਪਈ ਹੋਈ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਵਿਚ ਸਿਰਫ ਫੋਟੋ ਸੈਸ਼ਨ ਲਈ ਆ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਕਿਸਾਨਾਂ ਦੀ ਪੀੜਾ ਤੋਂ ਅਣਜਾਣ ਹਨ ਤੇ ਇਸੇ ਲਈ ਉਹਨਾਂ ਨੇ ਸੂਬੇ ਵਿਚ ਗੰਨਾ ਕਿਸਾਨਾਂ ਦੇ ਬਕਾਇਆਂ ਦੀ ਅਦਾਇਗੀ ਨਾ ਹੋਣ ਦਾ ਮਾਮਲਾ ਨਹੀਂ ਉਠਾਇਆ।
ਸ੍ਰੀ ਮਜੀਠੀਆ ਨੇ ਕਿਹਾ ਕਿ ਇਸੇ ਤਰੀਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰ ਨਾਲ ਫਿਕਸ ਮੈਚ ਖੇਡ ਰਹੇ ਹਨ ਤੇ ਇਸੇ ਲਈ ਪੰਜਾਬ ਦੇ ਕਿਸਾਨਾਂ ਦਾ ਭੱਵਿਖ ਬਚਾਉਣ ਲਈ ਠੋਸ ਕਦਮ ਚੁੱਕਣ ਤੋਂ ਨਾਂਹ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਵੇਂ ਇਕ ਹਫਤਾ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਸਲਾਹ ਦਿੱਤੀ ਸੀ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਤੇ ਸਾਰੇ ਪੰਜਾਬ ਨੂੰ ਸਰਕਾਰੀ ਮੰਡੀ ਐਲਾਨਣ ਤਾਂ ਜੋ ਨਵੇਂ ਖੇਤੀ ਕਾਨੂੰਨ ਪੰਜਾਬ ਵਿਚ ਲਾਗੂ ਨਾ ਹੋ ਸਕਣ ਪਰ ਮੁੱਖ ਮੰਤਰੀ ਨੇ ਅਜਿਹਾ ਕੁਝ ਵੀ ਲੋੜੀਂਦਾ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੇ ਸ਼ਾਂਤੀਪੂਰਨ ਸੰਘਰਸ਼ ਨੂੰ ਆਈ ਐਸ ਆਈ ਦਾ ਕਾਰਾ ਦੱਸ ਕੇ ਕਿਸਾਨਾਂ ਦੇ ਸੰਘਰਸ਼ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਵੰਡਾਉਣ ਦੀ ਕੋਸ਼ਿਸ਼ ਕਰਨ ਦੀ ਵੀ ਨਿਖੇਧੀ ਕੀਤੀ।
ਸ੍ਰੀ ਮਜੀਠੀਆ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਈ ਮਹੀਨਿਆਂ ਤੋਂ ਚੁੱਪੀ ਧਾਰੀ ਹੋਈ ਹੈ ਤੇ ਉਹ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਪੰਜਾਰ ਦੇ ਕਿਸਾਨਾਂ ਦੇ ਹੱਕ ਵਿਚ ਨਿਤਰਣ ਤੋਂ ਵੀ ਇਨਕਾਰੀ ਹਨ। ਉਹਨਾਂ ਕਿਹਾ ਕਿ ਇਸ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਪ੍ਰਤੀ ਪਿਆਰ ਦਾ ਝਲਕਾਰਾ ਮਿਲਦਾ ਹੈ।