ਅਕਾਲੀ ਦਲ ਦੇ ਵਫਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ ਸੀ ਨਾਲ ਕੀਤੀ ਮੁਲਾਕਾਤ, ਉਹਨਾਂ ਨੂੰ ਦੱਸਿਆ ਕਿ ਐਸ ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਘੁਟਾਲੇ ਕਾਰਨ ਵਿਦਿਆਰਥੀ ਪੀੜਤ ਨਹੀਂ ਹੋਣੇ ਚਾਹੀਦੇ
ਅੰਮ੍ਰਿਤਸਰ, 14 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਖਿਆ ਕਿ ਉਹ ਯੂਨੀਵਰਸਿਟੀ ਅਧਿਕਾਰੀਆਂ, ਖੇਤਰੀ ਤੇ ਸਹਾਇਕ ਕਾਲਜਾਂ ਨੂੰ ਐਸ ਸੀ ਵਿਦਿਆਰਥੀਆਂ, ਜਿਹਨਾਂ ਦੀ ਫੀਸ ਪੰਜਾਬ ਸਰਕਾਰ ਨੇ ਐਸ ਸੀ ਸਕਾਲਰਸ਼ਿਪ ਸਕੀਮ ਤਹਿਤ ਕਾਲਜਾਂ ਨੂੰ ਨਹੀਂ ਦਿੱਤੀ, ਨੂੰ ਡਿਗਰੀਆਂ ਜਾਰੀ ਨਾ ਕਰਨ ਬਾਰੇ ਕੀਤੀਆਂ ਆਪਣੀਆਂ ਹਦਾਇਤਾਂ ਵਾਪਸ ਲਵੇ।
ਅੱਜ ਪਾਰਟੀ ਦੇ ਐਸ ਸੀ ਵਿੰਗ ਦੇ ਪ੍ਰਧਾਨ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਇਕ ਵਫਦ ਜਿਸ ਵਿਚ ਵਿਧਾਇਕ ਪਵਨ ਟੀਨੂੰ, ਬਲਦੇਵ ਖਹਿਰਾ ਤੇ ਡਾ. ਸੁਖਵਿੰਦਰ ਕੁਮਾਰ ਦੇ ਨਾਲ ਸਾਬਕਾ ਵਿਧਾਇਕ ਮਲਕੀਤ ਸਿੰਘ ਏ ਵੀ ਸ਼ਾਮਲ ਸਨ, ਨੇ ਇਸ ਸਬੰਧ ਵਿਚ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਐਸ ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਐਸ ਸੀ ਸਕਾਲਰਸ਼ਿਪ ਘੁਟਾਲੇ ਕਾਰਨ ਦਲਿਤ ਵਿਦਿਆਰਥੀ ਪੀੜਤ ਨਾ ਹੋਣ।
ਵੇਰਵੇ ਸਾਂਝੇ ਕਰਦਿਆਂ ਸ੍ਰੀ ਪਵਨ ਟੀਨੂੰ ਨੇ ਦੱਸਿਆ ਕਿ ਵਫਦ ਨੇ ਵੀ ਸੀ ਨੂੰ ਦੱਸਿਆ ਕਿ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾਂ ਕਾਰਨ 5 ਹਜ਼ਾਰ ਐਸ ਸੀ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਐਸ ਸੀ ਵਿਦਿਆਰਥੀਆਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਗਈਆਂ ਜਿਹਨਾਂ ਦੀ ਸਰਕਾਰ ਨੇ 2016-17, 2017-18 ਅਤੇ 2018-19 ਦੇ ਬੈਚ ਵਾਸਤੇ ਫੀਸਾਂ ਦੀ ਅਦਾਇਗੀ ਅੱਗੇ ਕਾਲਜਾਂ ਨੂੰ ਨਹੀਂ ਕੀਤੀ। ਵਫਦ ਨੇ ਵਾਈਸ ਚਾਂਸਲਰ ਨੂੰ ਇਹ ਵੀ ਦੱਸਿਆ ਕਿ ਸਰਕਾਰ ਕੋਲ ਪਿਛਲੇ 10 ਮਹੀਨਿਆਂ ਤੋਂ 309 ਕਰੋੜ ਰੁਪਏ ਅਣਵਰਤੇ ਪਏ ਹਨ ਤੇ ਉਹਨਾਂ ਜ਼ੋਰ ਦਿੱਤਾ ਕਿ ਯੂਨੀਵਰਸਿਟੀ ਆਪ ਰਾਜ ਸਰਕਾਰ ਕੋਲ ਫੀਸਾਂ ਦੀ ਅਦਾਇਗੀ ਦਾ ਮਸਲਾ ਚੁੱਕੇ।
ਵਫਦ ਨੇ ਯੂਨੀਵਰਸਿਟੀ ਅਧਿਕਾਰੀਆਂ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਐਸ ਸੀ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਕੋਰਸ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਡਿਗਰੀਆਂ ਜਾਰੀ ਨਾ ਹੋਣ ਕਾਰਨ ਉਹਨਾਂ ਦੇ ਕੈਰੀਅਰ ਪ੍ਰਭਾਵਤ ਹੋ ਰਹੇ ਹਨ। ਵਫਦ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਆਪਣੇ ਕਾਲਜਾਂ ਦੇ ਭਵਿੱਖ ਦੇ ਵਡੇਰੇ ਹਿੱਤਾਂ ਵਿਚ ਡਿਗਰੀਆਂ ਜਾਰੀ ਕਰਨੀਆਂ ਚਾਹੀਦੀਆਂ ਹਨ।
ਬਿਆਨ ਵਿਚ ਦੱਸਿਆ ਗਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵਫਦ ਨੂੰ ਦੱਸਿਆ ਕਿ ਉਹਨਾਂ ਨੇ 25 ਅਗਸਤ ਨੂੰ ਸਕੱਤਰ ਉਚੇਰੀ ਸਿੱਖਿਆ ਨੂੰ ਪੱਤਰ ਲਿਖ ਕੇ ਐਸ ਸੀ ਸਕਾਲਰਸ਼ਿਪ ਸਕੀਮ ਦੇ 20 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਵਾਸਤੇ ਕਿਹਾ ਸੀ। ਸ੍ਰੀ ਟੀਨੂੰ ਨੇ ਦੱਸਿਆ ਕਿ ਸਹਾਇਕ ਕਾਲਜਾਂ ਦੇ 80 ਕਰੋੜ ਰੁਪਏ ਰੁਕੇ ਹੋਏ ਹਨ। ਵਾਈਸ ਚਾਂਸਲਰ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਉਹ ਇਹਨਾਂ ਵਿਦਿਆਰਥੀਆਂ ਦੀਆਂ ਫੀਸਾਂ ਦੀ ਅਦਾਇਗੀ ਦਾ ਮਸਲਾ ਰਾਜ ਸਰਕਾਰ ਕੋਲ ਚੁੱਕੇਗੀ।
ਇਸ ਦੌਰਾਨ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਐਲਾਨ ਕੀਤਾ ਕਿ ਪਾਰਟੀ ਦਾ ਐਸ ਸੀ ਵਿੰਗ ਸੰਘਰਸ਼ ਰੋਸ ਪ੍ਰਦਰਸ਼ਨ ਸ਼ੁਰੂ ਕਰੇਗਾ ਤਾਂ ਜੋ ਸਰਕਾਰ ਨੂੰ ਐਸ ਸੀ ਸਕਾਲਰਸ਼ਿਪ ਸਕੀਮ ਦੇ ਸਾਰੇ ਬਕਾਏ ਜਾਰੀ ਕਰਨ ਵਾਸਤੇ ਮਜਬੂਰ ਕੀਤਾ ਜਾ ਸਕੇ ਅਤੇ ਕੇਂਦਰ ਤੋਂ ਸਕੀਮ ਤਹਿਤ ਮਿਲੇ 309 ਕਰੋੜ ਰੁਪਏ ਵੀ ਜਾਰੀ ਕੀਤੇ ਜਾਣ।