ਅੰਮ੍ਰਿਤਸਰ, 13 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਸਨੇ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਿਚ ਸਥਾਈ ਤੌਰ 'ਤੇ ਅਪੰਗ ਹੋਏ ਲੋਕਾਂ ਦੀ ਮੈਡੀਕਲ ਸੰਭਾਲ ਨਹੀਂ ਕੀਤੀ ਜਦਕਿ ਪਾਰਟੀ ਨੇ ਇਹਨਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਇਹਨਾਂ ਦੇ ਅਪੰਗ ਹੋਣ ਲਈ ਜ਼ਿੰਮੇਵਾਰ ਲੋਕਾਂ 'ਤੇ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ।
ਸਾਬਕਾ ਮੁੱਖ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਉਹਨਾਂ ਪੰਜ ਪਰਿਵਾਰਾਂ ਨਾਲ ਪ੍ਰੈਸ ਕਾਨਫਰੰਸ ਕੀਤੀ ਜਿਹਨਾਂ ਦੇ ਜੀਅ ਸਥਾਈ ਤੌਰ 'ਤੇ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਚੁੱਕੇ ਹਨ। ਇਹਨਾਂ ਵਿਚੋਂ ਦੋ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਨੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਵਾਸਤੇ ਕ੍ਰਮਵਾਰ 20 ਅਤੇ 40 ਹਜ਼ਾਰ ਰੁਪਏ ਖਰਚ ਕੀਤੇ ਹਨ ਜਦਕਿ ਇਕ ਹੋਰ ਪਰਿਵਾਰ ਨੇ ਦੱਸਿਆ ਕਿ ਉਸਨੂੰ ਤਰਨਤਾਰਨ ਵਿਚ ਸਰਕਾਰੀ ਹਸਪਤਾਲ ਵਿਚ ਦਾਖਲ ਹੁੰਦਿਆਂ ਟੀਕਿਆਂ ਦੇ ਪੈਸੇ ਦੇਣੇ ਪਏ ਹਨ। ਸਾਰੇ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਕਾਂਗਰਸ ਦੇ ਵਿਧਾਇਕ ਜਾਂ ਜ਼ਿਲ•ੇ ਦੇ ਕਿਸੇ ਵੀ ਅਧਿਕਾਰੀ ਨੇ ਹਸਪਤਾਲ ਵਿਚ ਉਹਨਾਂ ਦੀ ਸਾਰ ਨਹੀਂ ਲਈ।
ਇਸ ਮੌਕੇ ਸ੍ਰੀ ਬਿਕਰਮ ਸਿੰਘ ਮਜੀਠੀਆ, ਜਿਹਨਾਂ ਦੇ ਨਾਲ ਸਾਬਕਾ ਵਿਧਾਇਕ ਸ੍ਰੀ ਵਿਰਸਾ ਸਿੰਘ ਵਲਟੋਹਾ ਵੀ ਸਨ, ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਤਰਨਤਾਰਨ ਆਉਣ ਵੇਲੇ ਆਪਣੇ 7 ਮਿੰਟ ਦੇ ਫੋਟੋ ਸੈਸ਼ਨ ਤੇ ਝੂਟੇ ਲੈਣ ਵੇਲੇ ਦੇ ਦੌਰੇ ਦੌਰਾਨ ਇਹਨਾਂ ਪਰਿਵਾਰਾਂ ਨੂੰ ਮਿਲਣਾ ਮੁਨਾਸਬ ਨਹੀਂ ਸਮਝਿਆ ਜਿਹਨਾਂ ਦੇ ਰਿਸ਼ਤੇਦਾਰ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਿਚ ਸਥਾਈ ਤੌਰ 'ਤੇ ਅਪੰਗ ਹੋ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਗੈਰ ਸੰਜੀਦਗੀ ਇਥੋਂ ਵੀ ਝਲਕਦੀ ਹੈ ਕਿ ਜ਼ਿਲ•ਾ ਪ੍ਰਸ਼ਾਸਨ ਨੇ ਇਹਨਾਂ ਪੀੜਤਾਂ, ਜਿਹੜੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਸਨ, ਨੂੰ ਕੋਈ ਮੈਡੀਕਲ ਸਹਾਇਤਾ ਦੇਣ ਦਾ ਵੀ ਉਪਰਾਲਾ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਪੁੱਛਣਾ ਚਾਹੁੰਦੇ ਹਨ ਕਿ ਇਸ ਤੋਂ ਵੱਧ ਕੇ ਹੋਰ ਕੀ ਅਹਿਮ ਸੀ ਅਤੇ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਮਿਲਣ ਜਾਂ ਉਹਨਾਂ ਦੇ ਮੈਡੀਕਲ ਖਰਚੇ ਦਾ ਖਿਆਲ ਕਿਉਂ ਨਹੀਂ ਰੱਖਿਆ।
ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਪੀੜਤਾਂ ਨੂੰ ਮੈਡੀਕਲ ਸਹਾਇਤਾ ਨਹੀਂ ਦਿੱਤੀ ਤੇ ਹੁਣ ਇਹਨਾਂ ਨੂੰ ਨਿਆਂ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਦੋਸ਼ੀਆਂ ਦੀ ਮਦਦ ਵਾਸਤੇ ਕਮਜ਼ੋਰ ਕੇਸ ਦਰਜ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਸਥਾਈ ਤੌਰ 'ਤੇ ਵਿਅਕਤੀਆਂ ਦੇ ਅਪੰਗ ਹੋਣ ਦੇ ਮਾਮਲੇ ਵਿਚ ਧਾਰਾ 308 ਆਈ ਪੀ ਸੀ ਅਤੇ 338 ਤੇ ਹੋਰ ਸਬੰਧਤ ਧਾਰਾਵਾਂ ਤਹਿਤ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਨੂੰ ਰਫਾ ਦਫਾ ਨਹੀਂ ਕਰਨ ਦੇਵੇਗਾ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਲੈਣ ਵਿਚ ਮਦਦ ਕਰੇਗਾ।
ਸ੍ਰੀ ਮਜੀਠੀਆ ਨੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਵੀ ਆਪਣਾ ਪੱਖ ਰੱਖਣ ਲਈ ਆਖਿਆ। ਉਹਨਾਂ ਕਿਹਾ ਕਿ ਡੀ ਜੀ ਪੀ ਨੇ ਦਾਅਵਾ ਕੀਤਾ ਸੀ ਕਿ ਹਰ ਪਿੰਡ ਵਿਚ ਪੁਲਿਸ ਅਮਲਾ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਰੋਕੀ ਨਹੀਂ ਜਾ ਸਕੀ ਜਿਸ ਤੋਂ ਪਤਾ ਚਲਦਾ ਹੈ ਕਿ ਇਸ ਹਾਦਸੇ ਦੀਆਂ ਜੜ•ਾਂ ਡੀ ਜੀ ਪੀ ਦਫਤਰ ਤੱਕ ਜਾਂਦੀਆਂ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਐਸ ਐਚ ਓ ਤੇ ਡੀ ਐਸ ਪੀ ਵਰਗੇ ਹੇਠਲੇ ਪੱਧਰ ਦੇ ਅਫਸਰ ਮੁਅੱਤਲ ਕੀਤੇ ਗਏ ਹਨ ਪਰ ਡੀ ਜੀ ਪੀ ਨੇ ਜ਼ਿਲ•ੇ ਵਿਚ ਪੁਲਿਸ ਤੰਤਰ ਲਈ ਜ਼ਿੰਮੇਵਾਰ ਤਰਨਤਾਰਨ ਦੇ ਤਤਕਾਲੀ ਐਸ ਐਸ ਪੀ ਧਰੁਵ ਦਾਹੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਦਾਹੀਆ ਖਿਲਾਫ ਕਾਰਵਾਈ ਕਰਨ ਦੀ ਥਾਂ ਉਸਨੂੰ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਨਿਯੁਕਤ ਕਰ ਕੇ ਨਿਵਾਜਿਆ ਗਿਆ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਤ੍ਰਾਸਦੀ ਵਿਚ ਮਾਰੇ ਗਏ 130 ਜਦਿਆਂ ਸਮੇਤ ਪੀੜਤ ਪਰਿਵਾਰਾਂ ਲਈ ਨਿਆਂ ਚਾਹੁੰਦਾ ਹੈ। ਉਹਨਾਂ ਕਿਹਾ ਕਿ ਡਵੀਜ਼ਨਲ ਕਮਿਸ਼ਨਰ ਨੂੰ ਸੌਂਪੀ ਗਈ ਮੌਜੂਦਾ ਜਾਂਚ ਕੋਈ ਮਕਸਦ ਪੂਰਾ ਨਹੀਂ ਕਰੇਗੀ ਕਿਉਂਕਿ ਪਹਿਲਾਂ ਵੀ ਦੁਸ਼ਹਿਰਾ ਰੇਲ ਹਾਦਸੇ ਤੇ ਬਟਾਲਾ ਬੰਬ ਧਮਾਕੇ ਮਾਮਲੇ ਵਿਚ ਅਜਿਹੀ ਜਾਂਚ ਨੇ ਮੁੱਖ ਦੋਸ਼ੀਆਂ ਖਿਲਾਫ ਕੁਝ ਨਹੀਂ ਕੀਤਾ ਸੀ।
ਇਸ ਮੌਕੇ ਪ੍ਰੈਸ ਕਾਨਫਰੰਸ ਵਿਚ ਜਿਹੜੇ ਸਥਾਈ ਤੌਰ 'ਤੇ ਅਪੰਗ ਹੋਏ ਉਹਨਾਂ ਵਿਚੋਂ ਕਰਤਾਰ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ ਤੇ ਮਨਤ ਮਸੀਹ ਵੀ ਹਾਜ਼ਰ ਸਨ।