ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ 'ਸੇਵਾ'
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਪੰਜਾਬੀਆਂ ਨੂੰ ਪੰਜਾਬ ਵਿਚ ਫਿਰਕੂ ਪਾੜਾ ਪਾਉਣ ਦੇ ਯਤਨ ਨੂੰ ਠੁਕਰਾਉਣ ਦਾ ਦਿੱਤਾ ਸੱਦਾ
ਮੁੱਖ ਮੰਤਰੀ ਨੁੰ ਆਖਿਆ ਕਿ ਉਹ ਦੱਸਣ ਕਿ ਕੇਂਦਰ ਨਾਲ ਕੀ ਸਮਝੌਤਾ ਕੀਤਾ ਜਿਸਦਾ ਭੇਦ ਪਿਯੂਸ਼ ਗੋਇਲ ਨੇ ਖੋਲਿਆ
ਅੰਮ੍ਰਿਤਸਰ, 12 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਦੇ 14 ਦਸੰਬਰ ਨੂੰ ਆ ਰਹੇ 100 ਸਾਲਾ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਿਸ ਮਗਰੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ 'ਸੇਵਾ' ਕੀਤੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਪੰਜਾਬ ਵਿਚ ਫਿਰਕੂ ਪਾੜਾ ਪਾਉਣ ਦੇ ਯਤਨਾਂ ਨੁੰ ਠੁਕਰਾਉਣ ਦਾ ਸੱਦਾ ਦਿੱਤਾ।
ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਜ ਸ੍ਰੀ ਆਖੰਡ ਪਾਠ ਸਾਹਿਬ ਸ਼ੁਰੂ ਹੋਣ ਵੇਲੇ ਹਾਜ਼ਰ ਸੀ ਜਿਸ ਮਗਰੋਂ ਅਕਾਲੀ ਦਲ ਪ੍ਰਧਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਸਮੇਤ ਸੀਨੀਅਰ ਲੀਡਰਸ਼ਿਪ ਨੇ ਸ੍ਰੀ ਦਰਬਾਰ ਸਾਹਿਬ ਵਿਚ ਜੋੜਾ ਘਰ ਵਿਚ ਸੇਵਾ ਕੀਤੀ ਜਿਸ ਮਗਰੋਂ ਭਾਂਡਿਆਂ ਦੀ ਸੇਵਾ ਕੀਤੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਲ ਰਹੇ ਕਿਸਾਨ ਸੰਘਰਸ਼ ਨੂੰ 'ਧਰਮ ਦੀ ਲੜਾਈ' ਵਿਚ ਬਦਲਣ ਲਈ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਏਜੰਸੀਆਂ ਇਸ ਕਿਸਾਨ ਅੰਦੋਲਨ ਨੂੰ ਕਿਸਾਨਾਂ ਨੁੰ ਅਤਿਵਾਦੀ ਤੇ ਵੱਖਵਾਦੀ ਦੱਸ ਕੇ ਬਦਨਾਮ ਕਰਨ ਲਈ ਪੱਬਾਂ ਭਾਰ ਹਨ। ਉਹਨਾਂ ਕਿਹਾ ਕਿ ਸਾਨੂੰ ਅਜਿਹੀਆਂ ਤਾਕਤਾਂ ਨੁੰ ਠੁਕਰਾਉਣਾ ਚਾਹੀਦਾ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਿਸੇ ਵੀ ਤਰੀਕੇ ਪ੍ਰਭਾਵਤ ਨਾ ਹੋਵੇ। ਉਹਨਾਂ ਸਪਸ਼ਟ ਕੀਤਾ ਕਿ ਅਕਾਲੀ ਦਲ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਕਿ ਸਮਾਜ ਵਿਚ ਕਿਸੇ ਵੀ ਤਰੀਕੇ ਦੀ ਵੰਡ ਪਾਉਣ ਦੀ ਸਾਜ਼ਿਸ਼ ਸਫਲ ਨਾ ਹੋ ਸਕੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸਾਨ ਜੋ ਆਪਣੇ ਹੰਕਾ ਲਈ ਲੜ ਰਹੇ ਹਨ, ਉਹ ਰਾਸ਼ਟਰਵਾਦੀ ਹਨ ਨਾ ਕਿ ਵੱਖਵਾਦੀ। ਉਹਨਾਂ ਕਿਹਾ ਕਿ ਜੇਕਰ ਇਹ ਵੱਖਵਾਦੀ ਜਾਂ ਅਤਿਵਾਦੀ ਸੀ ਤਾਂ ਫਿਰ ਕੇਂਦਰ ਸਰਕਾਰ ਹੁਣ ਤੱਕ ਇਹਨਾਂ ਨਾਲ ਗੱਲਬਾਤ ਕਿਉਂ ਕਰ ਰਹੀ ਸੀ ? ਉਹਨਾ ਕਿਹਾ ਕਿ ਜੇਕਰ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੋ ਗਈ ਹੁੰਦੀ ਤਾਂ ਕੀ ਇਹਨਾਂ ਨੂੰ ਦੇਸ਼ ਭਗਤ ਕਰਾਰ ਦਿੰਦੀ।
ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੱਕ ਦੇ ਘੇਰੇ ਵਿਚਘਿਰ ਗਏ ਜਦੋਂ ਕੇਂਦਰੀ ਮੰਤਰੀ ਪਿਯੁਸ਼ ਗੋਇਲ ਨੇ ਸਨਸਨੀਖੇਜ ਖੁਲ•ਾਸਾ ਕੀਤਾ ਕਿ ਪੰਜਾਬ ਦੇ ਸੰਸਦ ਮੈਂਬਰ ਉਹਨਾਂ ਨੁੰ ਮਿਲੇ ਸਨ। ਪਿਯੁਸ਼ ਗੋਇਲ ਨੇ ਦੱਸਿਆ ਹੈ ਕਿ ਰਵਨੀਤ ਬਿੱਟੂ ਤੇ ਪ੍ਰਨੀਤ ਕੌਰ ਵੀ ਉਹਨਾਂ ਨੁੰ ਮਿਲੇ ਸੀ ਅਤੇ ਉਹਨਾਂ ਦੱਸਿਆ ਕਿ ਮੁੱਖਮੰਤਰੀ ਨੇ ਕੇਂਦਰ ਸਰਕਾਰ ਨਾਲ ਕੀ ਗੱਲ ਕੀਤੀ ਤੇ ਕਿਹਾ ਕਿ ਉਹ ਪੰਜਾਬ ਵਿਚ ਆਪਣਾ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਗੇ। ਉਹਨਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਉਹਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਕੀ ਗੱਲਬਾਤ ਹੋਈ ਹੈ ਅਤੇ ਕਿਵੇਂ ਉਹਨਾਂ ਨੇ ਪੰਜਾਬ ਦੇ ਹਿਤਾਂ ਨਾਲ ਸਮਝੌਤਾ ਕੀਤਾ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਨੇ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ।
ਤਿੰਨ ਖੇਤੀ ਕਾਨੂੰਨਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੁੰ ਬੇਨਤੀ ਕੀਤੀ ਸੀ ਕਿ ਇਹ ਬਿੱਲ ਸਲੈਕ ਕਮੇਟੀ ਕੋਲ ਭੇਜੇ ਜਾਣ ਤਾਂ ਜੋ ਇਹਨਾਂ ਬਾਰੇ ਦੇਸ਼ ਭਰ ਦੇ ਕਿਸਾਨਾਂ ਤੋਂ ਫੀਡ ਬੈਕ ਲਈ ਜਾ ਸਕੇ। ਮੰਦੇ ਭਾਗਾਂ ਨੁੰ ਅਜਿਹਾ ਨਹੀਂ ਕੀਤਾ ਗਿਆ ਜਿਸ ਕਾਰਨ ਮੌਜੂਦਾ ਹਾਲਾਤ ਪੈਦਾ ਹੋਏ ਹਨ। ਉਹਨਾ ਕਿਹਾ ਕਿ ਮੈਂ ਸਰਕਾਰ ਨੂੰ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਤਿੰਨ ਖੇਤੀ ਕਾਨੂੰਨਾਂ ਲਈ ਸੋਧਾਂ ਕਰਨ ਦੀ ਗੱਲ ਕਬੂਲ ਕਰ ਕੇ ਉਸਨੇ ਮੰਨ ਲਿਆ ਹੈ ਕਿ ਕਾਨੂੰਨਾਂ ਵਿਚ ਨੁਕਸ ਹੈ।
ਖੇਤੀਬਾੜੀ ਖੇਤਰ ਵਿਚ ਅਕਾਲੀ ਦਲ ਦੀ ਭੂਮਿਕਾ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਾਰਟੀ ਦੀਆਂ ਸਰਕਾਰਾਂ ਨੇ ਖੇਤੀਬਾੜੀ ਖੇਤਰ ਲਈ ਬਿਜਲੀ ਮੁਫਤ ਕੀਤੀ ਜਿਸਦੀ ਬਦੌਲਤ ਕਿਸਾਨਾਂ ਨੂੰ ਪ੍ਰਤੀ ਸਾਲ ਇਕ ਟਿਊਬਵੈਲ 'ਤੇ 1 ਲੱਖ ਰੁਪਏ ਦੀ ਬਚਤ ਹੋਈ। ਇਸ ਤੋਂ ਇਲਾਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫੋਕਲ ਪੁਆਇੰਟਾਂ ਅਤੇ ਮੰਡੀਆਂ ਦੀ ਸਥਾਪਨਾ ਕੀਤੀ ਤੇ ਦਿਹਾਤੀ ਦੇ ਨਾਲ ਨਾਲ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੁੰ ਵੀ ਵੱਡੀਆਂ ਰਿਆਇਤਾਂ ਦਿੱਤੀਆਂ।
ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਰਾਜਿੰਦਰ ਸਿੰਘ ਮਹਿਤਾ ਵੀਰ ਸਿੰਘ ਲੋਪੋਕੇ, ਗੁਲਜ਼ਾਰ ਸਿੰਘ ਰਣੀਕੇ, ਡਾ. ਉਪਿੰਦਰਜੀਤ ਕੌਰ, ਪਰਮਬੰਸ ਸਿੰਘ ਰੋਮਾਣਾ, ਗਰਪ੍ਰਤਾਪ ਸਿੰਘ ਟਿੱਕਾ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਵੀ ਹਾਜ਼ਰ ਸਨ।