ਕਿਹਾ ਕਿ ਅਕਾਲੀ ਦਲ ਐਸ ਵਾਈ ਐਲ ਦੀ ਮੁੜ ਉਸਾਰੀ ਨਹੀਂ ਹੋਣ ਦੇਵੇਗਾ ਨਾ ਕਿ ਆਪ ਵਾਂਗੂ ਕਰੇਗਾ ਜਿਸਨੇ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦੀ ਵਕਾਲਤ ਕੀਤੀ
ਕਿਹਾ ਕਿ ਬਹੁ ਕਰੋੜੀ ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਕਾਰਵਾਈ ਕਰਾਂਗੇ
ਪਟਿਆਲਾ, 9 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੰਜ ਕਿਹਾ ਕਿ 2022 ਵਿਚ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਅਕਾਲੀ ਦਲ ਪੰਜਾਬ ਦੇ ਲਟਕਦੇ ਮਸਲੇ ਚੁੱਕ ਕੇ ਹੱਲ ਕਰਵਾਏਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜੋ ਪਟਿਆਲਾ ਦਿਹਾਤੀ ਹਲਕੇ ਤੋਂ ਪਾਰਟੀ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਅਤੇ ਨਾਭਾ ਤੋਂ ਉਮੀਦਵਾਰ ਕਬੀਰ ਦਾਸ ਦੇ ਹੱਕ ਵਿਚ ਜਨਤਕ ਮੀਟਿੰਗਾਂ ਨੁੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਚੰਡੀਗੜ੍ਹ ਪੰਜਾਬ ਨੂੰ ਵਾਪਸ ਦੇਣ ਸਮੇਤ ਪੰਜਾਬ ਦੇ ਸਾਰੇ ਲਟਕਦੇ ਮਸਲੇ ਹੱਲ ਕਰਵਾਉਣ ਲਈ ਦ੍ਰਿੜ੍ਹ ਸੰਕਲਪ ਹੈ। ਉਹਨਾਂ ਕਿਹ ਕਿ ਅਸੀਂ 2022 ਵਿਚ ਸਰਕਾਰ ਬਣਨ ਤੋਂ ਬਾਅਦ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਵੀ ਚੁੱਕਾਂਗੇ।
ਸਰਦਾਰ ਬਾਦਲ ਨੇ ਕਿਹਾ ਕਿ ਇਸੇ ਤਰੀਕੇ ਸਤਲੁਜ ਯਮੁਨਾ Çਲੰਕ ਨਹਿਰ (ਐਸ ਵਾਈ ਐਲ) ’ਤੇ ਅਕਾਲੀ ਦਲ ਹਮੇਸ਼ਾ ਇਕੋ ਸਟੈਂਡ ਰਿਹਾ ਹੈ। ਅਸੀਂ ਕਦੇ ਵੀ ਐਸ ਵਾਈ ਐਲ ਨਹੀਂ ਬਣਨ ਦਿਆਂਗੇ ਨਾ ਕਿ ਆਪ ਵਾਂਗੂ ਕਰਾਂਗੇ ਜੋ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦੀ ਵਕਾਲਤ ਕਰ ਰਹੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਲੋਕਾਂ ਦੀਆਂ ਆਸਾਂ ਇਕ ਖੇਤਰੀ ਪਾਰਟੀ ਹੀ ਪੂਰੀਆਂ ਕਰ ਸਕਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾਂ ਦਾ ਇਤਿਹਾਸ ਰਿਹਾ ਹੈ ਕਿ ਇਸਨੇ ਕਿਸਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਹਮੇਸ਼ਾ ਸੰਘਰਸ਼ ਕੀਤਾਹ ੈ। ਉਹਨਾਂ ਕਿਹਾਕਿ ਸਾਡਾ ਤੇਜ਼ ਰਫਤਾਰ ਤੇ ਪ੍ਰਭਾਵਸ਼ਾਲੀ ਵਿਕਾਸ ਕਰਨ ਦੇ ਨਾਲ ਨਾਲ ਕਿਸਾਨਾਂ ਨੁੰ ਖੇਤੀਬਾੜੀ ਲਈ ਮੁਫਤ ਬਿਜਲੀ ਦੇਣ ਅਤੇ ਸ਼ਗਨ ਸਕੀਮ, ਆਟਾ ਦਾਲ ਸਕੀਮ ਤੇ ਬੁਢਾਪਾ ਪੈਨਸ਼ਨ ਵਰਗੀਆਂ ਵਿਲੱਖਣਾ ਯੋਜਨਾਵਾਂ ਦੇਣ ਦਾ ਰਿਕਾਰਡ ਰਿਹਾ ਹੈ। ਹੁਣ ਅਸੀਂ ਪੰਜਾਬ ਦੇ ਲੋਕਾਂ ਨਾਲ ਕਮਜ਼ੋਰ ਵਰਗਾਂ ਦੀਆਂ ਪਰਿਵਾਰਾਂ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੂੰ ਮਾਤਾ ਖੀਵੀ ਯੋਜਨਾ ਤਹਿਤ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤ ਦੇਣ ਦਾ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ 13 ਨੁਕਾਤੀ ਪ੍ਰੋਗਰਾਮ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਪੰਜਾਬ ਲਈ ਜਾਰੀ ਕੀਤਾ ਹੈ ਜਦੋਂ ਕਿ ਆਪ ਅੱਖਾਂ ਮੀਟ ’ਤੇ ਇਸਦੀ ਨਕਲ ਮਾਰ ਰਹੀ ਹੈ। ਉਹਨਾਂ ਕਿਹਾ ਕਿ ਹੁਣ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਅਸੀਂ ਸਾਰੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿਆਂਗੇ ਤੇ ਉਹਨਾਂ ਇਹ ਐਲਾਨ ਕਰਦਿਆਂ ਇਹ ਵੀ ਨਹੀਂ ਸੋਚਿਆ ਕਿ ਸਮਾਜ ਦੇ ਅਮੀਰ ਲੋਕਾਂ ਦੀਆਂ ਮਹਿਲਾਵਾਂ ਨੂੰ ਇਹ ਪੈਸਾ ਕਿਵੇਂ ਦਿੱਤਾ ਜਾ ਸਕਦਾ ਹੈ, ਕੀ ਅਜਿਹੀਆਂ ਮਹਿਲਾਵਾਂ ਨੂੰ ਵੀ ਪੈਸੇ ਦੀ ਲੋੜ ਹੈ?
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਵੀ ਉਸੇ ਤਰੀਕੇ ਪੰਜਾਬੀਆਂ ਨੁੰ ਮੂਰਖ ਬਣਾ ਰਹੇ ਹਨ ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਸੀ। ਉੁਹਨਾਂ ਕੇਜੀਵਾਲ ਨੂੰ ਪੁੱਛਿਆ ਕਿ ਜਿਹੜੇ ਵਾਅਦੇ ਉਹਨਾਂ ਪੰਜਾਬ ਵਿਚ ਕੀਤੇ ਹਨ, ਉਹ ਦਿੱਲੀ ਵਿਚ ਲਾਗੂ ਕਿਉਂ ਨਹੀਂ ਕੀਤੇ।
ਨਾਭਾ ਵਿਖੇ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਕ ਵਾਰ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਮਗਰੋਂ ਸਾਧੂ ਸਿੰਘ ਧਰਮਸੋਤ ਵੱਲੋਂ ਐਸ ਸੀ ਵਿਦਿਆਰਥੀਆਂ ਦੇ ਐਸ ਸੀ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਦਾ ਘੁਟਾਲਾ ਕਰ ਕੇ ਮਨੁੱਖਤਾ ਖਿਲਾਫ ਕੀਤੇ ਅਪਰਾਧ ਦਾ ਹਿਸਾਬ ਲਿਆ ਜਾਵੇਗਾ। ਉਹਨਾਂ ਕਿਹਾ ਕਿ ਧਰਮਸੋਤ ’ਤੇ 69 ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਐਡੀਸ਼ਨਲ ਚੀਫ ਸੈਕਟਰੀ ਨੇ ਲਗਾਏ ਸਨ ਪਰ ਇਸ ਸਕੀਮ ਦਾ ਦਾਇਰਾ ਇਸ ਨਾਲੋਂ ਕਿਤੇ ਵੱਡਾ ਹੈ। ਉਹਨਾਂ ਕਿਹਾ ਕਿ ਇਸ ਅਪਰਾਧ ਲਈ ਜ਼ਿੰਮੇਵਾਰ ਹਰ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਜਾਵੇਗਾ ਤੇ ਸਜ਼ਾ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਪਟਿਆਲਾ ਦਿਹਾਤੀ ਹਲਕੇ ਦੀ ਰੈਲੀ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਪਟਿਆਲਾ ਦਿਹਾਤੀ ਪੰਜਾਬ ਦਾ ਅਜਿਹਾ ਹਲਕਾ ਹੈ ਜਿਥੇ ਦੇ ਲੋਕਾਂ ਨੇ ਆਪਣਾ ਅਕਾਲੀ ਦਲ ਦਾ ਉਮੀਦਵਾਰ ਆਪ ਚੁਣਿਆ ਹੈ। ਉਹਨਾਂ ਕਿਹਾ ਕਿ ਜਦੋਂ ਹਲਕੇ ਦੇ ਲੋਕ ਉਹਨਾਂ ਕੋਲ ਆਏ ਸਨ ਤਾਂ ਲੋਕਾਂ ਨੇ ਕਿਹਾ ਸੀ ਕਿ ਕੋਈ ਚੰਗਾ ਉਮੀਦਵਾਰ ਹਲਕੇ ਵਾਸਤੇ ਦਿੱਤਾ ਜਾਵੇ ਤਾਂ ਉਹਨਾਂ ਕਿਹਾ ਸੀ ਕਿ ਤੁਸੀਂ ਆਪ ਹੀ ਉਮੀਦਵਾਰ ਦੇ ਦਿਓ। ਉਹਨਾਂ ਕਿਹਾ ਕਿ ਉਹਨਾਂ ਨੂੰ ਵੇਖ ਕੇ ਹੈਰਾਨੀ ਤੇ ਖੁਸ਼ੀ ਵੀ ਹੋਈ ਹੁੰਦੀ ਹੈ ਕਿ ਬਿੱਟੁ ਚੱਠਾ ਅੱਜ ਇਕ ਆਗੂ ਵਜੋਂ ਨਹੀਂ ਬਲਕਿ ਨਿਮਾਣੇ ਵਰਕਰ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਇਹ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸਨੁੰ ਜਿਤਾ ਕੇ ਭੇਜਣ।
ਰੈਲੀ ਵਿਚ ਬਿੱਟੂ ਚੱਠਾ ਨੇ ਕਿਹਾ ਕਿ ਹਲਕੇ ਦਾ ਉਹਨਾਂ ਦਾ ਸਾਥੀ ਆਪ ਇਸ ਚੋਣ ਦਾ ਉਮੀਦਵਾਰ ਹੈ ਤੇ ਉਹਨਾਂ ਦੀ ਜਿੱਤ ਹਲਕੇ ਦੇ ਹਰ ਵਿਅਕਤੀ ਦੀ ਜਿੱਤ ਹੋਵੇਗੀ।
ਇਸ ਤੋਂ ਪਹਿਲਾਂ ਪਟਿਆਲਾ ਅਤੇ ਨਾਭਾ ਪਹੁੰਚਣ ’ਤੇ ਯੂਥ ਅਕਾਲੀ ਦਲ ਅਤੇ ਐਸ ਓ ਆਈ ਦੇ ਸੈਂਕੜੇ ਮੋਟਰ ਸਾਈਕਲ ਨੌਜਵਾਨਾਂ ਨੇ ਜੋਸ਼ੋ ਖਰੋਸ਼ ਨਾਲ ਪਾਰਟੀ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ। ਉਹ ਕੇਸਰੀ ਝੰਡੇ ਲੈ ਕੇ ਮੋਟਰ ਸਾਈਕਲਾਂ ’ਤੇ ਪਾਰਟੀ ਪ੍ਰਧਾਨ ਦੇ ਅੱਗੇ ਚਲਦੇ ਰਹੇ।
ਇਸ ਮੌਕੇ ਕਾਂਗਰਸ ਤੇ ਆਪ ਤੋਂ ਅਨੇਕਾ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ ਜਿਹਨਾਂ ਨੁੰ ਸਰਦਾਰ ਬਾਦਲ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐਨ ਕੇ ਸ਼ਰਮਾ, ਹਰੀ ਸਿੰਘ ਪ੍ਰੀਤ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਹਾਜ਼ਰ ਸਨ।