ਕਾਂਗਰਸ ਸਰਕਾਰ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ੇੜੀਆਂ ਦਾ ਰਾਜ ਬਣਾਉਣ 'ਤੇ ਉਤਰੀ : ਸਿਰਸਾ
ਚੰਡੀਗੜ, 3 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਵੱਲੋਂ ਰਾਜ ਵਿਚ ਅਫੀਮ ਨੂੰ ਕਾਨੂੰਨੀ ਮਾਨਤਾ ਦੇਣ ਦੇ ਬਿਆਨ ਦੀ ਜ਼ੋਰਦਾਰ ਆਲੋਚਨਾ ਕੀਤੀ ਤੇ ਆਖਿਆ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਸਰਕਾਰ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਨਸ਼ੇੜੀਆਂ ਦੀ ਧਰਤੀ ਬਣਾਉਣ ਲਈ ਕੰਮ ਕਰ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਸ੍ਰੀ ਸਿੱਧੂ ਵੱਲੋਂ ਅਫੀਮ ਨੂੰ ਕਾਨੂੰਨੀ ਮਾਨਤਾ ਦੇਣ ਦਾ ਬਿਆਨ ਪੰਜਾਬੀ ਨੌਜਵਾਨਾਂ ਲਈ ਵੱਡਾ ਝਟਕਾ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਵੱਖ ਵੱਖ ਰਾਜਾਂ ਤੇ ਮੁਲਕਾਂ ਦੀਆਂ ਸਰਕਾਰਾਂ ਆਪਣੇ ਲੋਕਾਂ ਦੇ ਜੀਵਨ ਮਿਆਰ ਵਿਚ ਸੁਧਾਰ ਵਾਸਤੇ ਤੇ ਨੌਜਵਾਨਾ ਨੂੰ ਮੁਫਤ ਸਿੱਖਿਆ ਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਵਾਸਤੇ ਕੰਮ ਕਰ ਰਹੀਆਂ ਹਨ ਜਦਕਿ ਦੂਜੇ ਪਾਸੇ ਕਾਂਗਰਸ ਸਰਕਾਰ ਇਸ ਰਾਜ ਨੂੰ ਆਪਣੇ ਵਸਨੀਕਾਂ ਵਾਸਤੇ ਨਰਕ ਬਣਾਉਣ 'ਤੇ ਤੁਲੀ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਇਕ ਸਰਹੱਦੀ ਰਾਜ ਹੋਣ ਦੇ ਕਾਰਨ ਪਾਕਿਸਤਾਨ ਆਪਣੀ ਏਜੰਸੀ ਆਈ ਐਸ ਆਈ ਤੇ ਪਾਕਿਸਤਾਨੀ ਫੌਜ ਰਾਹੀਂ ਹਮੇਸ਼ਾ ਵੱਖ ਵੱਖ ਪ੍ਰਵੇਸ਼ ਦੁਆਰਾਂ ਰਾਹੀਂ ਰਾਜ ਵਿਚ ਨਸ਼ੇ ਫੈਲਾਉਣ ਲਈ ਪੱਬਾਂ ਭਾਰ ਰਹਿੰਦਾ ਹੈ ਅਤੇ ਬਜਾÂੈ ਕਿ ਇਸ ਸਮੱਸਿਆ ਦਾ ਟਾਕਰਾ ਕਰਨ ਦੇ ਸ੍ਰੀ ਸਿੱਧੂ ਅਫੀਮ ਨੂੰ ਕਾਨੂੰਨੀ ਮਾਨਤਾ ਦੇਣ ਦੀ ਵਕਾਲਤ ਕਰ ਰਹੇ ਹਨ ਜਿਸ ਕਾਰਨ ਸਾਡੇ ਨੌਜਵਾਨ ਨਸ਼ੇ 'ਤੇ ਲੱਗ ਜਾਣਗੇ ਤੇ ਇਹ ਧਰਤੀ ਜੋ ਹਮੇਸ਼ਾ ਗੁਰੂਆਂ ਪੀਰਾਂ ਦੀ ਧਰਤੀ ਵਜੋਂ ਵਿਸ਼ਵ ਵਿਚ ਜਾਣੀ ਜਾਂਦੀ ਰਹੀ ਹੈ, ਨਸ਼ੇੜੀਆਂ ਦੀ ਧਰਤੀ ਬਣ ਕੇ ਰਹਿ ਜਾਵੇਗੀ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬੀਆਂ ਲਈ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਰਕਾਰ ਪਾਕਿਸਤਾਨ ਸਰਕਾਰ ਦੇ ਨਕਸ਼ੇ ਕਦਮ 'ਤੇ ਕਿਉਂ ਚਲ ਰਹੀ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਚੋਣ ਦੌਰੇ ਦੌਰਾਨ ਦਾਅਵਾ ਕੀਤਾ ਸੀ ਕਿ 70 ਫੀਸਦੀ ਪੰਜਾਬੀ ਨੌਜਵਾਨ ਨਸ਼ੇੜੀ ਹਨ ਅਤੇ ਸਾਡੀ ਸਰਕਾਰ ਆਉਣ 'ਤੇ ਇਸ ਰਾਜ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਵੀ ਸਹੁੰ ਚੁੱਕੀ ਸੀ ਕਿ ਸੱਤਾ ਸੰਭਾਲਣ ਦੇ ਚਾਰ ਹਫਤਿਆਂ ਦੇ ਅੰਦਰ ਅੰਦਰ ਉਹ ਰਾਜ ਨੂੰ ਨਸ਼ਾ ਮੁਕਤ ਬਣਾ ਦੇਣਗੇ । ਉਹਨਾਂ ਕਿਹਾ ਕਿ ਦੋਹੇਂ ਆਗੂ ਜਿਥੇ ਆਪੋ ਆਪਣਾ ਵਾਅਦਾ ਪੂਰਾ ਕਰਨ ਵਿਚ ਅਸਫਲ ਰਹੇ ਹਨ, ਉਥੇ ਹੀ ਸਰਕਾਰ ਦੇ ਮੰਤਰੀਆਂ ਨੇ ਹੁਣ ਅਫੀਮ ਨੂੰ ਕਾਨੂੰਨੀ ਮਾਨਤਾ ਦੇਣ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਸਪਸ਼ਟ ਕਰਨ ਕਿ ਕੀ ਉਹਨਾਂ ਦੀ ਸਰਕਾਰ ਆਪਣੇ ਮੰਤਰੀ ਦੀ ਮੰਗ ਮੰਨੇਗੀ ਅਤੇ ਇਸ ਰਾਜ ਨੂੰ ਨਸ਼ਿਆਂ ਨਾਲ ਤਬਾਹ ਕਰਨ ਦੀ ਆਗਿਆ ਦੇਵੇਗੀ।
ਸ੍ਰੀ ਸਿਰਸਾ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਉਹਨਾਂ ਦੀ ਸਰਕਾਰ ਪਾਕਿਸਤਾਨ ਦੇ ਨਕਸ਼ੇ ਕਦਮ 'ਤੇ ਕਿਉਂ ਚਲ ਰਹੀ ਹੈ ਕਿਉਂਕਿ ਇਸ ਨਾਲ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ, ਕਾਂਗਰਸ ਪਾਰਟੀ ਤੇ ਉਹਨਾਂ ਦੀ ਸਰਕਾਰ ਪੰਜਾਬੀ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਲਈ ਇਕੋ ਸੋਚ 'ਤੇ ਕੰਮ ਕਰ ਰਹੇ ਹਨ। ਉਹਨਾਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਅਜਿਹੀਆਂ ਨੀਤੀਆਂ ਅਪਣਾਉਣ ਤੋਂ ਗੁਰੇਜ਼ ਕਰਨ ਜਿਸ ਨਾਲ ਸਾਡੇ ਨੌਜਵਾਨਾ ਤੇ ਭਵਿੱਖੀ ਪੀੜੀ ਨਸ਼ੇੜੀ ਬਣ ਜਾਵੇ ਤੇ ਵੱਡੀ ਪੱਧਰ ਦੀ ਤਬਾਹੀ ਆਵੇ।