ਕਿਹਾ ਕਿ ਕਰਤਾਰਪੁਰ ਲਾਂਘੇ ਦੇ ਇਸਤੇਮਾਲ ਲਈ ਹਰ ਸ਼ਰਧਾਲੂ ਤੋਂ 20 ਡਾਲਰ ਦਾ ਜ਼ਜ਼ੀਆ ਟੈਕਸ ਲੈਣਾ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਨਿਰਾਦਰ ਕਰਨਾ ਹੈ
ਚੰਡੀਗੜ੍ਹ/18 ਅਕਤੂਬਰ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਰਤਾਰਪੁਰ ਲਾਂਘੇ ਦੇ ਇਸਤੇਮਾਲ ਲਈ ਹਰ ਸ਼ਰਧਾਲੂ ਤੋਂ 20 ਡਾਲਰ ਦੀ ਪ੍ਰਸਤਾਵਿਤ ਫੀਸ ਵਾਪਸ ਲੈਣ ਤੋਂ ਇਨਕਾਰ ਕਰਕੇ ਪਾਕਿਸਤਾਨ ਨੇ ਦਇਆ ਤੋਂ ਮੁਨਾਫੇ ਨੂੰ ਉੱਪਰ ਰੱਖਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਅਜਿਹੀ ਫੀਸ ਲਾਉਣਾ ਉਸ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਨਿਰਾਦਰ ਕਰਨ ਦੇ ਸਮਾਨ ਹੈ, ਜਿਹੜੀ ਪੂਰੀ ਦੁਨੀਆਂ ਵਿਚ ਮਨੁੱਖਤਾ ਦੀ ਸੇਵਾ ਲਈ ਜਾਣੀ ਜਾਂਦੀ ਹੈ। ਮੈਂ ਪੰਥ ਨਾਲ ਮਿਲ ਕੇ ਇਸ ਜ਼ਜ਼ੀਆ ਟੈਕਸ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕਰਦੀ ਹਾਂ।
ਬੀਬਾ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਲੱਖਾਂ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਜਾਣਗੇ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਬਰਾਬਰੀ ਦੇ ਸਿਧਾਂਤਾਂ ਨੂੰ ਧਿਆਨ ਰੱਖਦਿਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਅਮੀਰ ਗਰੀਬ ਸਾਰਿਆਂ ਲਈ ਖੁੱਲ੍ਹੇ ਹੋਣੇ ਚਾਹੀਦੇ ਹਨ।
ਬੀਬਾ ਬਾਦਲ ਨੇ ਪੁੱਛਿਆ ਕਿ ਜੇਕਰ ਕਰਤਾਰਪੁਰ ਸਾਹਿਬ ਦੇ ਬੁਨਿਆਦੀ ਢਾਂਚੇ 'ਚ ਲੱਗੀ ਹਰ ਇੱਟ ਦੀ ਕੀਮਤ ਸਿੱਖਾਂ ਨੇ ਦੇਣੀ ਸੀ ਤਾਂ ਫਿਰ ਉਹ ਅਖੌਤੀ ਨੇਕਨੀਅਤੀ ਕਾਹਦੇ ਲਈ ਸੀ? ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੀ 1400 ਰੁਪਏ ਪ੍ਰਤੀ ਵਿਅਕਤੀ ਵਸੂਲਣ ਦੀ ਜ਼ਿੱਦ 5 ਜਾਂ 6 ਜੀਆਂ ਦੇ ਇੱਕ ਪਰਿਵਾਰ ਨੂੰ 6000 ਤੋਂ 7000 ਰੁਪਏ ਵਿਚ ਪਵੇਗੀ। ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਵਸੂਲੀ ਜਾ ਰਹੀ ਫੀਸ ਪਵਿੱਤਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਕੀਤੀ ਜਾਂਦੀ ਰੋਜ਼ਾਨਾ ਸਿੱਖ ਅਰਦਾਸ ਦੀ ਭਾਵਨਾ ਦੇ ਵੀ ਵਿਰੁੱਧ ਹੈ। ਉਹਨਾਂ ਕਿਹਾ ਕਿ ਇਹ ਧਾਰਮਿਕ ਯਾਤਰੂਆਂ ਤੋਂ ਰੋਜ਼ਾਨਾ 50 ਤੋਂ 60 ਲੱਖ ਦਾ ਮੁਨਾਫਾ ਕਮਾਉਣ ਦੇ ਬਰਾਬਰ ਹੈ। ਇਹ ਕਾਰਵਾਈ ਪਾਕਿਸਤਾਨ ਸਰਕਾਰ ਦੀ ਸਿੱਖਾਂ ਪ੍ਰਤੀ ਪਾਖੰਡ ਅਤੇ ਵਿਖਾਵੇ ਦੀ ਭਾਵਨਾ ਦੀ ਪੋਲ ਖੋਲ੍ਹਦੀ ਹੈ।