ਚੰਡੀਗੜ੍ਹ/04 ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਨੇ ਲੁਧਿਆਣਾ ਦੇ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਅਤੇ ਉਹਨਾਂ ਖ਼ਿਲਾਫ ਸਖ਼ਤ ਅਨੁਸਾਸ਼ਨੀ ਕਾਰਵਾਈ ਦੀ ਮੰਗ ਕੀਤੀ ਹੈ, ਜਿਹਨਾਂ ਨੇ ਇੱਕ ਨਿਰਦੋਸ਼ ਵਿਅਕਤੀ ਉੱਤੇ ਇੰਨਾ ਤਸ਼ਦੱਦ ਢਾਹਿਆ ਕਿ 10 ਦਿਨ ਪਹਿਲਾਂ ਉਸ ਦੀ ਮੌਤ ਹੋ ਗਈ।
ਸਿਫਰ ਕਾਲ ਦੌਰਾਨ ਸਾਹਨੇਵਾਲ ਹਲਕੇ ਵਿਚ ਪੈਂਦੇ ਦਸ਼ਮੇਸ਼ ਕਲਾਂ ਦੇ ਦੀਪਕ ਸ਼ੁਕਲਾ ਉੱਤੇ ਹੋਏ ਪੁਲਿਸ ਤਸ਼ੱਦਦ ਦਾ ਮੁੱਦਾ ਉਠਾਉਂਦਿਆਂ ਅਕਾਲੀ ਵਿਧਾਇਕ ਦਲ ਦੇ ਆਗੂ ਨੇ ਕਿਹਾ ਕਿ ਦੀਪਕ ਨੂੰ ਇੱਕ ਚੋਰ ਕਹਿ ਕੇ ਉਸ ਉੱਤੇ ਤਸ਼ੱਦਦ ਢਾਹਿਆ ਗਿਆ ਜਦਕਿ ਉਸ ਨੇ ਲੋਕਾਂ ਦੇ ਸਾਹਮਣੇ ਆਪਣੀ ਬੇਗੁਨਾਹੀ ਸਾਬਿਤ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਤੋਂ ਕੀਤੇ ਇਨਕਾਰ ਨਾਲ ਆਮ ਲੋਕਾਂ ਅੰਦਰ ਨਿਰਾਸ਼ਾ ਘਰ ਕਰਨ ਲੱਗੀ ਹੈ। ਦੀਪਕ ਦੇ ਪਰਿਵਾਰ ਮੈਂਬਰਾਂ ਵੱਲੋਂ ਸਸਕਾਰ ਕਰਨ ਤੋਂ ਇਨਕਾਰ ਕਰਨ ਨਾਲ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ। ਸਰਦਾਰ ਢਿੱਲੋਂ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਦੀ ਮੰਗ ਕੀਤੀ।