ਕਿਹਾ ਕਿ ਬਜਾਏ ‘ਜੁਮਲਿਆਂ’ ਵਿਚ ਰੁੱਝਣ ਦੇ, ਸਰਕਾਰ ਬੀ ਐਸ ਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਅਤੇ ਤਿੰਨ ਖੇਤੀ ਕਾਨੂੰਨ ਬੇਲੋੜੇ ਬਣਾਉਣ ਲਈ ਕਾਰਜਕਾਰੀ ਹੁਕਮ ਜਾਰੀ ਕਰੇ
ਜਵਾਈ ਨੁੰ ਐਡੀਸ਼ਨਲ ਏ ਜੀ ਬਣਵਾਉਣ ਲਈ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬੋਲੇ ਝੂਠ ਨੂੰ ਕੀਤਾ ਬੇਨਕਾਬ
ਕਿਹਾ ਕਿ ਖੁਰਾਕ ਤੇ ਸਪਲਾਈ ਮੰਤਰੀ ਨੇ 5000 ਕਰੋੜ ਰੁਪਏ ਦੇ ਘੁਟਾਲੇ ਕੀਤੇ
ਅੰਮ੍ਰਿਤਸਰ, 9 ਨਵੰਬਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਸੱਦੇ ਵਿਸ਼ੇਸ਼ ਵਿਧਾਨ ਸਭਾ ਇਜਲਾਸ ਨੁੰ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਕਰਾਰ ਦਿੱਤਾ ਤੇ ਕਿਹਾ ਕਿ ਕਾਂਗਰਸ ਸਰਕਾਰ ਕੇਂਦਰ ਵੱਲੋਂ ਬੀ ਐਸ ਐਫ ਦਾ ਅਧਿਕਾਰ ਖੇਤਰ ਵਧਾਉਣ ਅਤੇ ਖੇਤੀ ਕਾਨੁੰਨਾਂ ਵਰਗੇ ਸੰਵੇਦਨਸ਼ੀਲ ਮਾਮਲਿਆਂ ’ਤੇ ਅਰਥਹੀਣ ਮਤੇ ਜਿਹਨਾਂ ਦੀ ਕੋਈ ਕਾਨੂੰਨੀ ਵੁੱਕਤ ਨਹੀਂ, ਪਾਸ ਕਰ ਕੇ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਚਾਹੁੰਦੀ ਹੈ।
ਸਰਦਾਰ ਮਜੀਠੀਆ ਇਥੇ ਰਣਜੀਤ ਸਿੰਘ ਬ੍ਰਹਮਪੁਰਾ ਗਰੁੱਪ ਦੀ ਹਮਾਇਤ ਕਰਦੇ ਜਥੇਦਾਰ ਬਲਵਿੰਦਰ ਸਿੰਘ ਵੇਈਂ ਪੂਈਂ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਖਡੂਰ ਸਾਹਿਬ ਤੇ ਵੱਡੀ ਗਿਣਤੀ ਵਿਚ ਹੋਰ ਲੀਡਰਸ਼ਿਪ ਦੇ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੁੜ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਤਰਨ ਤਾਰਨ ਜ਼ਿਲ੍ਹੇ ਦੇ ਅਨੇਕਾਂ ਸਰਪੰਚ ਤੇ ਪੰਚ ਸ਼ਾਮਲ ਹਨ।
ਵਿਸ਼ੇਸ਼ ਸੈਸ਼ਨ ਸੱਦਣ ਨੂੰ ਸਿਰਫ ‘ਜੁਮਲਾ’ ਕਰਾਰ ਦਿੰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਜਾਏ ਸਟੇਜ ਸ਼ੋਅ ਕਰਨ ਦੇ ਕਾਂਗਰਸ ਸਰਕਾਰ ਨੂੰ ਕਾਰਜਕਾਰੀ ਹੁਕਮ ਪਾਸ ਕਰ ਕੇ ਬੀ ਐਸ ਐਫ ਦੇ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਵੱਧ ਅੰਦਰ ਤੱਕ ਕੋਈ ਵੀ ਕਾਰਵਾਈ ਕਰਨ ’ਤੇ ਰੋਕ ਲਾਉਣੀ ਚਾਹੀਦੀ ਹੈ ਅਤੇ ਤਿੰਨ ਨਫਰਤ ਭਰੇ ਖੇਤੀ ਕਾਨੂੰਨ ਪੰਜਾਬ ਵਿਚ ਲਾਗੂ ਹੋਣ ਯੋਗ ਨਹੀਂ ਰਹਿਣ ਦੇਣੇ ਚਾਹੀਦੇ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖਰੀਦ ਸਮਝੌਤਿਆਂ ਦੇ ਮਾਮਲੇ ਵਿਚ ਮਤੇ ਪਾਸ ਕਰਨ ਦਾ ਡਰਾਮਾ ਕਰਨ ਦੀ ਥਾਂ ਇਹ ਸਮਝੌਤੇ ਰੱਦ ਕਰ ਸਕਦੀ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਿੱਧਾ ਹੱਲਾ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੂਬੇ ਵਿਚ ਕੇਂਦਰ ਦੇ ਅਧਿਕਾਰ ਖੇਤਰ ਵਿਚ ਵਾਧਾ ਹੋਣ ਲਈ ਚੰਨੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜ ਅਕਤੂਬਰ ਨੁੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਤੇ ਵੱਧ ਰਹੇ ਡਰੋਨ ਹਮਲਿਆਂ ਤੇ ਨਸ਼ਾ ਸਮਗÇਲੰਗ ਵਿਚ ਵਾਧੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਵਿਚ ਵਾਧੇ ਦੀ ਮੰਗ ਕੀਤੀ। ਇਹ ਸਭ ਗੱਲਾਂ ਸਰਕਾਰੀ ਰਿਕਾਰਡ ਦਾ ਹਿੱਸਾ ਹਨ ਜਿਸਦਾ ਖੁਲ੍ਹਾਸਾ ਆਪ ਪੰਜਾਬ ਸਰਕਾਰ ਨੇ ਕੀਤਾ ਹੈ। ਉਹਨਾਂ ਕਿਹਾ ਕਿ ਜੋ ਗੱਲ ਨਹੀਂ ਦੱਸੀ ਗਈ ਉਹ ਇਹ ਹੈ ਕਿ ਇਸ ਮੀਟਿੰਗ ਵਿਚ ਚੰਨੀ ਨੇ ਸੂਬੇ ਦੇ ਅਧਿਕਾਰ ਸਰੰਡਰ ਕਰ ਦਿੱਤੇ ਕਿਉਂਕਿ ਕਾਂਗਰਸ ਸਰਕਾਰ ਆਪਸੀ ਲੜਾਈ ਵਿਚ ਉਲਝੀ ਹੈ ਤੇ ਇਸਦਾ ਸਰਕਾਰ ਵੱਲ ਕੋਈ ਧਿਆਨ ਨਹੀਂ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਮਤੇ ਪਾਸ ਕਰਨ ਨਾਲ ਪੰਜਾਬੀਆਂ ਦੇ ਜੀਵਨ ’ਤੇ ਕੋਈ ਅਸਰ ਨਹੀਂ ਪੈਣ ਵਾਲਾ। ਉਹਨਾਂ ਕਿਹਾ ਕਿ ਕਾਂਗਰਸ ਦੇ ਐਮ ਪੀ ਮਨੀਸ਼ ਤਿਵਾੜੀ ਨੇ ਆਪ ਸਵਾਲ ਚੁੱਕੇ ਹਨ ਕਿ ਚੰਨੀ ਸਰਕਾਰ ਨੇ ਪੰਜਾਬ ਵਿਚ ਕੇਂਦਰ ਦੇ ਅਧਿਕਾਰ ਖੇਤਰ ਵਿਚ ਵਾਧੇ ਦੇ ਫੈਸਲੇ ਨੂੰ ਹਾਲੇ ਤੱਕ ਅਦਾਲਤ ਵਿਚ ਚੁਣੌਤੀ ਕਿਉਂ ਨਹੀਂ ਦਿੱਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸੂਬਾ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਮਤਾ ਪਾਸ ਕੀਤਾ ਸੀ ਜੋ ਰਾਜਪਾਲ ਕੋਲ ਪੈਂਡਿੰਗ ਪਿਆ ਹੈ। ਉਹਨਾਂ ਕਿਹਾ ਕਿ ਮਤਾ ਪਾਸ ਕਰ ਕੇ ਅਸੀਂ ਅਮਲੀ ਰੂਪ ਵਿਚ ਕੀ ਹਾਸਲ ਕਰ ਸਕਦੇ ਹਾਂ ? ਉਹਨਾਂ ਇਹ ਵੀ ਦੱਸਿਆ ਕਿ ਪੀ ਪੀ ਏ ਦੇ ਰੱਦ ਕਰਨ ਦੇ ਮਾਮਲੇ ਵਿਚ ਵੀ ਕੇਂਦਰੀ ਟ੍ਰਿਬਿਊਨਲ ਨੇ ਚਾਰ ਪ੍ਰਾਈਵੇਟ ਥਰਮਲ ਪਲਾਂਟਾਂ ਨੁੰ ਭੇਜੇ ਸਮਝੌਤੇ ਰੱਦ ਕਰਨ ਦੇ ਨੋਟਿਸਾਂ ’ਤੇ ਰੋਕ ਲਗਾ ਦਿੱਤੀ ਹੈ।
ਸਰਦਾਰ ਮਜੀਠੀਆ ਨੇ ਸਾਰੇ ਵਿਧਾਇਕਾਂ ਨੁੰ ਅਪੀਲ ਕੀਤੀ ਕਿ ਉਹ ਆਪਣੇ ਅੰਤਰ ਝਾਤ ਮਾਰਨ ਅਤੇ ਫੈਸਲਾ ਕਰਨ ਕਿ ਕੀ ਉਹ ਕਾਂਗਰਸ ਸਰਕਾਰ ਦੀ ਇਸ ਬੇਈਮਾਨੀ ਦੀ ਹਮਾਇਤ ਕਰਨਗੇ ਜਿਸ ਨਾਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਲਈ ਕਿਸਾਨਾਂ ਨੁੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ, ਕਿਸਾਨਾਂ ਨੂੰ ਡੀ ਏ ਪੀ ਖਾਦ ਉਪਲਬਧ ਕਰਵਾਉਣ, ਮੁਲਾਜ਼ਮਾਂ ਦੇ 5 ਹਜ਼ਾਰ ਕਰੋੜ ਰੁਪਏ ਦੇ ਮਹਿੰਗਾਈ ਭੱਤੇ ਦੇ ਬਕਾਏ ਜਾਰੀ ਕਰਨ, 35 ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਐਸ ਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦੇ ਨਾਲ ਨਾਲ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੇ ਨੌਜਵਾਨਾਂ ਨੁੰ ਰੋਜ਼ਗਾਰ ਦੇ ਨਾਲ ਨਾਲ ਬੇਰੋਜ਼ਗਾਰੀ ਭੱਤੇ ਦੇ ਬਕਾਏ ਦੇਣ ਸਮੇਤ ਸੂਬੇ ਦੇ ਹੋਰ ਭੱਖਦੇ ਮਸਲੇ ਹੱਲ ਨਹੀਂ ਹੋਣੇ। ਉਹਨਾਂ ਕਿਹਾ ਕਿ ਇਹਨਾਂ ਸਾਰੇ ਮਾਮਲਿਆਂ ਵਿਚ ਫੇਲ੍ਹ ਹੋਣ ਤੋਂ ਬਾਅਦ ਹੁਣ ਸਰਦਾਰ ਮੌਜੂਦਾ ਵਿਸ਼ੇਸ਼ ਇਜਲਾਸ ’ਤੇ ਇਕ ਕਰੋੜ ਰੁਪਏ ਰੋਜ਼ਾਨਾ ਬਰਬਾਦ ਕਰ ਰਹੀ ਹੈ ਜਦੋਂ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦੇ ਮਾਮਲੇ ਵਿਚ ਝੂਠੇ ਦਾਅਵਿਆਂ ਵਾਲੇ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਜਦੋਂ ਕਿ ਸੱਚਾਈ ਹੋਰ ਹੈ।
ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਦਾਅਵੇ ਦੀ ਵੀ ਪੋਲ੍ਹ ਖੋਲ੍ਹੀ ਜਿਸ ਵਿਚ ਉਹਨਾਂ ਕਿਹਾ ਸੀ ਕਿ ਉਹਨਾਂ ਦਾ ਜਵਾਈ ਤਰੁਣਪਾਲ ਲਹਿਲ ਮੈਰਿਟ ਦੇ ਆਧਾਰ ’ਤੇ ਐਡੀਸ਼ਨਲ ਏ ਜੀ ਚੁਣਿਆ ਗਿਆ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਰੰਧਾਵਾ ਦੇ ਜਵਾਈ ਕੋਲ ਐਡੀਸ਼ਨਲ ਏ ਜੀ ਬਣਨ ਲਈ ਲੋੜੀਂਦਾ 16 ਸਾਲ ਤੱਕ ਵਕਾਲਤ ਕਰਨ ਦਾ ਤਜ਼ਰਬਾ ਨਹੀਂ ਹੈ ਤੇ ਉਸਦੀ ਅਨਿਆਂਪੂਰਨ ਨਿਯੁਕਤੀ ਮੈਰਿਟ ਆਧਾਰਿਤ ਉਮੀਦਵਾਰਾਂ ਨੂੰ ਛੱਡ ਕੇ ‘ਗੈਰ ਸਾਧਾਰਣ ਹਾਲਾਤਾਂ’ ਦਾ ਸਹਾਰਾ ਲੈ ਕੇ ਕੀਤੀ ਗਈ ਹੈ। ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਰੰਧਾਵਾ ਨੇ ਤਾਂ ਆਪ ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਦੇ ਪੁੱਤਰ ਨੁੰ ਪੁਲਿਸ ਦੀ ਨੌਕਰੀ ਦੇਣ ਦਾ ਵਿਰੋਧ ਕੀਤਾ ਸੀ ਪਰ ਹੁਣ ਜਦੋਂ ਖੁਦ ਦੀ ਵਾਰੀ ਆਈ ਹੈ ਤਾਂ ਉਹਨਾਂ ਨੂੰ ਘਰ ਘਰ ਨੌਕਰੀ ਸਕੀਮ ਕਾਂਗਰਸ ਘਰ ਘਰ ਨੌਕਰੀ ਸਕੀਮ ਵਿਚ ਬਦਲਣ ’ਤੇ ਕੋਈ ਉਜਰ ਨਹੀਂ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰ ਵੱਲੋਂ ਕੋਰੋਨਾ ਕਾਲ ਵਿਚ ਭੇਜੀ ਕਣਕ ਦੇ ਘੁਟਾਲੇ, ਸੂਬੇ ਦੇ ਬਾਹਰੋਂ ਅਨਾਜ ਘੱਟ ਭਾਅ ਖਰੀਦ ਕੇ ਪੰਜਾਬ ਵਿਚ ਐਮ ਐਸ ਪੀ ’ਤੇ ਵੇਚਣ ਅਤੇ ਬਾਰਦਾਨੇ ਦੀ ਖਰੀਦ ਤੇ ਦਾਗੀ ਅਫਸਰ ਰਾਕੇਸ਼ ਸਿੰਗਲਾ ਨੁੰ ਕੇਂਦਰੀ ਵਿਜੀਨੈਂਸ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਸਮੇਤ ਅਨੇਕਾਂ ਘੁਟਾਲਿਆਂ ਰਾਹੀਂ 5 ਹਜ਼ਾਰ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ।
ਇਸ ਮੌਕੇ ਜੋ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ ਉਹਨਾਂ ਵਿਚ ਸਰਬਜੀਤ ਸਿੰਘ ਪ੍ਰਧਾਨ, ਜਥੇਦਾਰ ਹਰਦੇਵ ਸਿੰਘ ਨਾਗਕੇ, ਨਰਿੰਦਰ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਕੌਰ ਸੰਮਤੀ ਮੈਂਬਰ, ਅਮਰਜੀਤ ਸਿੰਘ ਸਾਬਕਾ ਸਰਪੰਚ, ਮਨਜਿੰਦਰ ਸਿੰਘ ਸਾਬਕਾ ਸਰਪੰਚ, ਕਾਬਲ ਸਿੰਘ ਸਾਬਕਾ ਸਰਪੰਚ, ਤਰਲੋਕ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ ਸਾਬਕਾ ਚੇਅਰਮੈਨ, ਕਸ਼ਮੀਰ ਸਿੰਘ ਫਤਿਆਬਾਦ, ਡਾ. ਕੁਲਦੀਪ ਸਿੰਘ ਖੇਲਾ, ਅਜਮੇਰ ਸਿੰਘ ਖੇਲਾ, ਜੋਗਾ ਸਿੰਘ ਖੇਲਾ, ਮਾਸਟਰ ਅਰਜਨ ਸਿੰਘ ਨਾਗੋਕੇ, ਦਲਬੀਰ ਸਿੰਘ ਨਾਗੋਕੇ, ਸਵਿੰਦਰ ਸਿੰਘ ਨਾਗੋਕੇ, ਸਰਜਬਜੀਤ ਸਿੰਘ ਨਾਗੋਕੇ, ਸੁਖਦੇਵ ਸਿੰਘ ਪ੍ਰਧਾਨ, ਹਰਜੀਤ ਸਿੰਘ ਠੇਕੇਦਾਰ, ਡਾ. ਜਗਤਾਰ ਸਿੰਘਾ ਸੁਲੱਖਣ ਸਿੰਘ ਸੰਗਰ, ਬਚਨ ਸਿੰਘ ਨੀਟਾ ਸਰਕਲ ਪ੍ਰਧਾਨ, ਦਲਬੀਰ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਭਲੋਜਕਾ ਸ਼ਾਮਲ ਹਨ।
ਪ੍ਰੈਸ ਕਾਨਫਰੰਸ ਵਿਚ ਸੀਨੀਅਰ ਆਗੂ ਹਰਮੀਤ ਸਿੰਘ ਸੰਧੂ ਤੇ ਵਿਰਸਾ ਸਿੰਘ ਵਲਟੋਹਾ ਵੀ ਹਾਜ਼ਰ ਸਨ।