ਕਿਹਾ ਕਿ ਡੂੰਘੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਏਜੰਸੀਆਂ ਨੇ ਗੁਟਕਾ ਸਾਹਿਬ ਵਾਲੀ ਘਟਨਾ ਤੋਂ ਬਾਅਦ ਨੀਂਦ ਵਿਚੋਂ ਜਾਗਣ ਦੀ ਲੋੜ ਨਹੀਂ ਸਮਝੀ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਸੂਬਾ ਸਰਕਾਰ, ਏਜੰਸੀਆਂ ਦੀ ਕੀਤੀ ਨਿਖੇਧੀ, ਕਿਹਾ ਕਿ ਇਹਨਾਂ ਨੂੰ ਜਵਾਬ ਦੇਣੇ ਪੈਣਗੇ
ਚੰਡੀਗੜ੍ਹ, 18 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਸਰਵਉਚ ਤੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ’ਤੇ ਹੈਰਾਨੀ ਤੇ ਰੋਹ ਪ੍ਰਗਟਾਉਂਦਿਆਂ ਕਿਹਾ ਕਿ ਵਿਸ਼ਵਾਸ ਨਹੀਂ ਹੁੰਦਾ, ਇਹੋ ਜਿਹੀ ਘਟਨਾ ਵਾਪਰੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਕਿ ਇਹ ਕਾਰਾ ਕਿਸੇ ਇਕ ਵਿਅਕਤੀ ਦਾ ਹੋ ਸਕਦਾ ਹੈ। ਇਸ ਪਿੱਛੇ ਸਪਸ਼ਟ ਤੌਰ ’ਤੇ ਡੂੰਘੀ ਸਾਜ਼ਿਸ਼ ਹੈ। ਕਦੇ ਮੁਗਲਾਂ, ਮਸੰਦਾਂ ਜਾਂ ਸਾਕਾ ਨੀਲਾ ਤਾਰਾ ਵੇਲੇ ਵੀ ਸ੍ਰੀ ਹਰਿਮੰਦਿਰ ਸਾਹਿਬ ਵਿਚ ਇਸ ਤਰੀਕੇ ਬੇਅਦਬੀ ਕਰਨ ਦਾ ਯਤਨ ਨਹੀਂ ਹੋਇਆ। ਵਿਸ਼ਵਾਸ ਹੀ ਨਹੀਂ ਹੋ ਰਿਹਾ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਦੀ ਘਟਨਾ ਨੇ ਸਾਰੀ ਸਿੱਖ ਕੌਮ ਨੂੰ ਡੂੰਘੇ ਸਦਮੇ ਵਿਚ ਲੈ ਆਂਦਾ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਖਾਂ ਦੇ ਮਨਾਂ ’ਤੇ ਜ਼ਖ਼ਮ ਦੇਣ ਅਤੇ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਸਰਦਾਰ ਬਾਦਲ ਨੇ ਰਾਜ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਸਾਜ਼ਿਸ਼ ਬੁਣੀ ਜਾ ਰਹੀ ਹੈ, ਇਸਦੇ ਸਪਸ਼ਟ ਸੰਕੇਤ ਮਿਲੇ ਸਨ ਜਦੋਂ ਗੁਟਕਾ ਸਾਹਿਬ ਪਵਿੱਤਰ ਸਰੋਵਰ ਵਿਚ ਸੁੱਟਿਆ ਗਿਆ ਸੀ। ਉਹਨਾਂ ਕਿਹਾ ਕਿ ਇਸ ਮਗਰੋਂ ਵੀ ਸੁਬੇ ਦੀਆਂ ਏਜੰਸੀਆਂ ਡੂੰਘੀ ਸਾਜ਼ਿਸ਼ ਜਿਸ ਤਹਿਤ ਅੱਜ ਦੀ ਘਟਨਾ ਵਾਪਰੀ, ਬਾਰੇ ਪਤਾ ਨਾ ਹੋਵੇ, ਇਹ ਹੋ ਨਹੀਂ ਸਕਦਾ। ਪਰ ਕਿਸੇ ਨੇ ਵੀ ਅਜਿਹਾ ਘਿਨੌਣਾ ਅਪਰਾਧ ਵਾਪਰਨ ਤੋਂ ਰੋਕਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ। ਖੁਫੀਆ ਏਜੰਸੀਆਂ ਕੀ ਕਰ ਰਹੀਆਂ ਸਨ ?
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਡੂੰਘੀ ਸਾਜ਼ਿਸ਼ ਬੁਣੀ ਗਈ ਹੈ ਤੇ ਸੱਤਾ ਵਿਚ ਬੈਠੇ ਲੋਕਾਂ ਨੁੰ ਕਈ ਜਵਾਬ ਦੇਣੇ ਪੈਣਗੇ।