ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ 22 ਲੱਖ ਨੌਜਵਾਨਾਂ ਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ
ਕਿਹਾ ਕਿ ਕਿਸਾਨਾਂ ਵਾਂਗ ਹੁਣ ਨੌਜਵਾਨਾਂ ਦੀ ਵੀ ਉਮੀਦ ਟੁੱਟ ਰਹੀ ਹੈ
ਬਠਿੰਡਾ/17 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਵਰਗੇ ਸਾਰੇ ਵਾਅਦਿਆਂ ਤੋਂ ਮੁਕਰਨ ਲਈ ਨੌਜਵਾਨ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਸਬਕ ਸਿਖਾਉਣਗੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਰੁਜ਼ਗਾਰ ਦੇ ਝੂਠੇ ਅਤੇ ਮਨਘੜ੍ਹਤ ਅੰਕੜੇ ਵਿਖਾ ਕੇ ਕਾਂਗਰਸ ਅਤੇ ਮੁæੱਖ ਮੰਤਰੀ ਨੌਜਵਾਨਾਂ ਨੂੰ ਹੁਣ ਹੋਰ ਬੇਵਕੂਫ ਨਹੀਂ ਬਣਾ ਸਕਦੇ। ਉਹਨਾਂ ਕਿਹਾ ਕਿ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਸੀਆਰਆਰਆਈਡੀ) ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਤੋਂ ਖੁਲਾਸਾ ਹੋਇਆ ਹੈ ਕਿ ਪਿਛਲੇ ਦੋ ਸਾਲਾਂ ਵਿਚ ਪੰਜਾਬ ਅੰਦਰ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ ਅਤੇ ਇਸ ਸਮੇਂ 22 ਲੱਖ ਤੋਂ ਵੱਧ ਨੌਜਵਾਨ ਬੇਰੁਜ਼ਗਾਰ ਹਨ।
ਬੀਬੀ ਬਾਦਲ ਨੇ ਕਿਹਾ ਕਿ ਇਹ ਅੰਕੜੇ ਸਾਰਿਆਂ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ ਅਤੇ ਹੁਣ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਕੇ ਉਹਨਾਂ ਦੀ ਪਿੱਠ ਵਿਚ ਛੁਰਾ ਕਿਉਂ ਮਾਰਿਆ ਹੈ? ਉਹਨਾਂ ਕਿਹਾ ਕਿ ਤੁਸੀਂ ਕਿਹੜਾ ਮੂੰਹ ਲੈ ਕੇ ਨੌਜਵਾਨਾਂ ਕੋਲ ਵੋਟਾਂ ਮੰਗਣ ਜਾਓਗੇ? ਤੁਹਾਡੀ ਸਰਕਾਰ ਦੀ ਰੁਜ਼ਗਾਰ ਪੈਦਾ ਕਰਨ ਦੀ ਅਯੋਗਤਾ ਨੇ ਕਿਸਾਨੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਤੁਹਾਡੇ ਵੱਲੋਂ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਣ ਮਗਰੋਂ ਕਿਸਾਨਾਂ ਦੀਆਂ ਆਰਥਿਕ ਦੁਸ਼ਵਾਰੀਆਂ ਵਿਚ ਬੇਹਤਾਸ਼ਾ ਵਾਧਾ ਹੋਇਆ ਹੈ।
ਬੀਬੀ ਬਾਦਲ ਨੇ ਕਿਹਾ ਕਿ ਹੁਣ ਅਜਿਹੇ ਹਾਲਾਤ ਬਣ ਗਏ ਹਨ ਕਿ ਕਿਸਾਨਾਂ ਵਾਂਗ ਨੌਜਵਾਨਾਂ ਦੀ ਵੀ ਉਮੀਦ ਟੁੱਟ ਰਹੀ ਹੈ। ਉਹਨਾਂ ਕਿਹਾ ਕਿ ਪੋਸਟ ਗਰੈਜੂਏਟ ਹੋਣ ਦੇ ਬਾਵਜੂਦ ਕੋਈ ਨੌਕਰੀ ਨਾ ਮਿਲਣ ਕਰਕੇ 2 ਦਿਨ ਪਹਿਲਾਂ 23 ਸਾਲ ਦੇ ਹਰਮਨਦੀਪ ਨੇ ਆਤਮ ਹੱਤਿਆ ਕਰ ਲਈ। ਉਹਨਾਂ ਦੱਸਿਆ ਕਿ ਹਰਮਨਦੀਪ ਆਪਣੇ ਪਿੰਡ ਤਿਉਣਾ ਪੁਜਾਰੀ ਦਾ ਸਭ ਤੋਂ ਛੋਟੀ ਉਮਰ ਦਾ ਪੰਚ ਵੀ ਸੀ। ਇਸ ਖੁਦਕੁਸ਼ੀ ਲਈ ਪੂਰੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਕੈਪਟਨ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਜਦੋਂ ਉਸ ਦੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਕੋਈ ਨੀਅਤ ਨਹੀਂ ਸੀ ਤਾਂ ਉਸ ਨੇ ਝੂਠ ਬੋਲ ਕੇ ਨੌਜਵਾਨਾਂ ਨਾਲ ਧੋਖਾ ਕਿਉਂ ਕੀਤਾ?
ਕੇਂਂਦਰੀ ਮੰਤਰੀ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਨੌਜਵਾਨਾਂ ਨਾਲ ਮਾਰੀ ਠੱਗੀ ਉੱਤੇ ਪਰਦਾ ਪਾਉਣ ਲਈ ਅਜਿਹੇ ਬਿਆਨ ਦੇ ਰਹੀ ਹੈ ਕਿ ਇਸ ਨੇ ਪ੍ਰਾਈਵੇਟ ਸੈਕਟਰ ਅੰਦਰ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਹ ਕੋਰਾ ਝੂਠ ਹੈ। ਰੁਜ਼ਗਾਰ ਮੇਲੇ ਲਗਾ ਕੇ ਸਰਕਾਰ ਨੇ ਭਰਤੀ ਕਰਨ ਵਾਲੀ ਏਜੰਸੀ ਲੱਗਣ ਦਾ ਢਕਵੰਜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਹ ਰੁਜ਼ਗਾਰ ਮੇਲੇ ਪੂਰੀ ਤਰ੍ਹਾਂ ਫਲਾਪ ਸਾਬਿਤ ਹੋਏ ਹਨ। ਕਾਂਗਰਸ ਸਰਕਾਰ ਦੀ ਭਰੋਸੇਯੋਗਤਾ ਇੰਨੀ ਡਿੱਗ ਚੁੱਕੀ ਹੈ ਕਿ ਨੌਜਵਾਨਾਂ ਨੇ ਇਹਨਾਂ ਸਰਕਾਰੀ ਰੁਜ਼ਗਾਰ ਮੇਲਿਆਂ ਵਿਚ ਜਾਣਾ ਹੀ ਛੱਡ ਦਿੱਤਾ ਹੈ।
ਬੀਬੀ ਬਾਦਲ ਨੇ ਕਿਹਾ ਕਿ ਰੁਜ਼ਗਾਰ ਪੈਦਾ ਕਰਨ 'ਚ ਨਾਕਾਮ ਸਾਬਿਤ ਹੋਣ ਤੋਂ ਇਲਾਵਾ ਸਰਕਾਰ ਨੇ ਵਾਅਦੇ ਮੁਤਾਬਿਕ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਵੀ ਨਹੀਂ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਕੁੱਝ ਦੇਣਾ ਤਾਂ ਕੀ ਸੀ, ਉਲਟਾ ਠੇਕੇ ਉੱਤੇ ਰੱਖੇ ਅਧਿਆਪਕਾਂ ਦੀ ਤਨਖਾਹ 40 ਹਜ਼ਾਰ ਰੁਪਏ ਤੋਂ ਘਟਾ ਕੇ 15 ਹਜ਼ਾਰ ਰੁਪਏ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਉਹਨਾਂ ਠੇਕੇ ਉੱਤੇ ਰੱਖੇ 27 ਹਜ਼ਾਰ ਕਾਮਿਆਂ ਨੂੰ ਪੱਕੇ ਕਰਨ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਹੈ, ਜਿਹਨਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਇਜਲਾਸ ਰਾਹੀਂ ਬਿਲ ਪਾਸ ਕਰਕੇ ਰੈਗੂਲਰ ਕਰਨ ਲਈ ਪ੍ਰਵਾਨਗੀ ਦਿੱਤੀ ਹੋਈ ਹੈ।
ਇਹ ਟਿੱਪਣੀ ਕਰਦਿਆਂ ਕਿ ਇਹ ਝੂਠ ਹੁਣ ਬਹੁਤੀ ਦੇਰ ਨਹੀਂ ਚੱਲਣਗੇ, ਬੀਬੀ ਬਾਦਲ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਨੌਜਵਾਨ ਉਹਨਾਂ ਕੋਲ ਆ ਕੇ ਕਾਂਗਰਸ ਸਰਕਾਰ ਦੁਆਰਾ ਮਾਰੀ ਠੱਗੀ ਬਾਰੇ ਆਪਣਾ ਗੁੱਸਾ ਅਤੇ ਨਿਰਾਸ਼ਾ ਜ਼ਾਹਿਰ ਕਰ ਰਹੇ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਨੌਜਵਾਨਾਂ ਨੇ ਤਾਂ ਮੈਨੂੰ ਕਾਂਗਰਸ ਪਾਰਟੀ ਵੱਲੋਂ 2017 ਵਿਚ ਦਿੱਤੇ ਭਰਤੀ ਕਾਰਡ ਵੀ ਵਿਖਾਏ ਹਨ। ਕਾਂਗਰਸ ਵੱਲੋਂ ਸਰਕਾਰ ਬਣਦੇ ਹੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਦਿਆਂ ਅਜਿਹੇ 15 ਲੱਖ ਦੇ ਕਰੀਬ ਭਰਤੀ ਕਾਰਡ ਵੰਡੇ ਗਏ ਸਨ। ਹੁਣ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਇਹ ਨੌਜਵਾਨ ਕਾਂਗਰਸ ਪਾਰਟੀ ਨੂੰ ਇੱਕ ਕਰਾਰਾ ਸਬਕ ਸਿਖਾਉਣ ਦੀ ਉਡੀਕ ਕਰ ਰਹੇ ਹਨ।
ਇਹ ਟਿੱਪਣੀ ਕਰਦਿਆਂ ਕਿ ਇਹ ਝੂਠ ਹੁਣ ਬਹੁਤੀ ਦੇਰ ਨਹੀਂ ਚੱਲਣਗੇ, ਬੀਬੀ ਬਾਦਲ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਨੌਜਵਾਨ ਉਹਨਾਂ ਕੋਲ ਆ ਕੇ ਕਾਂਗਰਸ ਸਰਕਾਰ ਦੁਆਰਾ ਮਾਰੀ ਠੱਗੀ ਬਾਰੇ ਆਪਣਾ ਗੁੱਸਾ ਅਤੇ ਨਿਰਾਸ਼ਾ ਜ਼ਾਹਿਰ ਕਰ ਰਹੇ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਨੌਜਵਾਨਾਂ ਨੇ ਤਾਂ ਮੈਨੂੰ ਕਾਂਗਰਸ ਪਾਰਟੀ ਵੱਲੋਂ 2017 ਵਿਚ ਦਿੱਤੇ ਭਰਤੀ ਕਾਰਡ ਵੀ ਵਿਖਾਏ ਹਨ। ਕਾਂਗਰਸ ਵੱਲੋਂ ਸਰਕਾਰ ਬਣਦੇ ਹੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਦਿਆਂ ਅਜਿਹੇ 15 ਲੱਖ ਦੇ ਕਰੀਬ ਭਰਤੀ ਕਾਰਡ ਵੰਡੇ ਗਏ ਸਨ। ਹੁਣ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਇਹ ਨੌਜਵਾਨ ਕਾਂਗਰਸ ਪਾਰਟੀ ਨੂੰ ਇੱਕ ਕਰਾਰਾ ਸਬਕ ਸਿਖਾਉਣ ਦੀ ਉਡੀਕ ਕਰ ਰਹੇ ਹਨ।