ਪਰਮਿੰਦਰ ਢੀਂਡਸਾ ਨੇ ਕਿਹਾ ਕਿ ਵਿਧਾਇਕਾਂ ਨੂੰ ਅਕਾਲੀ ਦਲ ਉੱਤੇ ਹਮਲੇ ਕਰਨ ਲਈ ਕਹਿਣਾ ਸਾਬਿਤ ਕਰਦਾ ਹੈ ਕਿ ਆਪ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ
ਕਿਹਾ ਕਿ ਕਾਂਗਰਸ ਪੰਜਾਬ ਦੇ ਭਖਦੇ ਮੁੱਦਿਆਂ ਉੱਤੇ ਚਰਚਾ ਕਰਨ ਤੋਂ ਭੱਜ ਰਹੀ ਹੈ
ਚੰਡੀਗੜ੍ਹ/03 ਅਗਸਤ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਨਾਲ ਸਖ਼ਤ ਲੜਾਈ ਲੜਦਿਆਂ ਲੋਕਾਂ ਦੇ ਮੁੱਦੇ ਉਠਾਏ ਜਾ ਰਹੇ ਹਨ ਅਤੇ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉਸ ਨੂੰ ਵੇਖ ਕੇ ਕੈਪਟਨ ਸਰਕਾਰ ਦੇ ਪਸੀਨੇ ਨਿਕਲ ਗਏ ਹਨ ਅਤੇ ਇਸ ਨੇ ਆ ਰਹੇ ਵਿਧਾਨ ਸਭਾ ਇਜਲਾਸ ਦੌਰਾਨ ਅਕਾਲੀ ਦਲ ਖ਼ਿਲਾਫ ਹਮਲਾਵਰ ਰੁਖ ਅਖਤਿਆਰ ਕਰਨ ਲਈ ਵਿਧਾਇਕਾਂ ਨੂੰ ਇਕੱਠੇ ਕਰਕੇ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਅਤੇ ਇਸ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਲਈ ਨਿਰਦੇਸ਼ ਦਿੱਤੇ ਗਏ ਹਨ, ਕਿਉਂਕਿ ਸਿਰਫ ਅਕਾਲੀ ਦਲ ਲੋਕਾਂ ਦੇ ਮੁੱਦੇ ਉਠਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਅਤੇ ਆਪਣੀ ਲੜਾਈ ਜਾਰੀ ਰੱਖਾਂਗੇ। ਅਸੀਂ ਇਸ ਬੋਲੀ ਸਰਕਾਰ ਤਕ ਲੋਕਾਂ ਦੀ ਆਵਾਜ਼ ਪਹੁੰਚਾ ਕੇ ਦਮ ਲਵਾਂਗੇ।
ਸਰਦਾਰ ਢੀਂਡਸਾ ਅਤੇ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਦੇ ਨਾਲ ਹੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਆਮ ਆਦਮੀ ਪਾਰਟੀ ਵਿਰੁੱਧ ਇੱਕ ਵੀ ਸ਼ਬਦ ਨਾ ਬੋਲੇ ਜਾਣ ਮਗਰੋਂ ਕਾਂਗਰਸ ਪਾਰਟੀ ਵੱਲੋਂ ਆਪ ਨਾਲ ਖੇਡੇ ਜਾ ਰਹੇ ਦੋਸਤਾਨਾ ਮੈਚ ਦੀ ਪੋਲ੍ਹ ਖੁੱਲ੍ਹ ਗਈ ਹੈ। ਉਹਨਾਂ ਕਿਹਾ ਕਿ ਇਸ ਨਾਲ ਉਹ ਗੱਲ ਸਾਬਿਤ ਹੋ ਗਈ ਹੈ, ਜਿਹੜੀ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਆਪ ਕਾਂਗਰਸ ਪਾਰਟੀ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਅਤੇ ਅੰਦਰਖਾਤੇ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਮਿਲੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਸ ਤੋ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਵਿਧਾਨ ਸਭਾ ਸਪੀਕਰ ਨੇ ਉਹਨਾਂ ਪੰਜ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸੰਬੰਧੀ ਫੈਸਲਾ ਕਿਉਂ ਲਟਕਾ ਰੱਖਿਆ ਹੈ, ਜਿਹੜੇ ਆਪ ਤੋਂ ਅਸਤੀਫਾ ਦੇ ਚੁੱਕੇ ਹਨ। ਸਾਫ ਹੈ ਕਿ ਆਪ ਦਾ ਏਜੰਡਾ ਕਾਂਗਰਸ ਲਿਖ ਕੇ ਦੇ ਰਹੀ ਹੈ। ਵਿਰੋਧੀ ਧਿਰ ਦਾ ਆਗੂ ਵੀ ਕਾਂਗਰਸ ਨੇ ਹੀ ਖੜ੍ਹਾ ਕੀਤਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਪੂਰੀ ਤਰ੍ਹਾਂ ਪੋਲ ਖੁੱਲ੍ਹ ਚੁੱਕੀ ਹੈ ਅਤੇ ਇਹ ਹੁਣ ਪੰਜਾਬੀਆਂ ਨੂੰ ਹੋਰ ਧੋਖਾ ਨਹੀਂ ਦੇ ਪਾਵੇਗੀ। ਉਹਨਾਂ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਕੋਈ ਵੀ ਕੰਮ ਕਿਉਂ ਨਹੀਂ ਹੋਇਆ?ਕਿਉਂ ਕੋਈ ਵਿਕਾਸ ਕਾਰਜ ਨਹੀਂ ਹੋਇਆ ਹੈ? ਇਹ ਅਜਿਹੇ ਸੁਆਲ ਹਨ, ਕਾਂਗਰਸ ਪਾਰਟੀ ਜਿਹਨਾਂ ਦੇ ਜੁਆਬ ਨਹੀਂ ਦੇਣਾ ਚਾਹੁੰਦੀ , ਕਿਉਂਕਿ ਇਹ ਜਾਣਦੀ ਹੈ ਕਿ ਇਸ ਨੂੰ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਸਰਦਾਰ ਢੀਂਡਸਾ ਅਤੇ ਸਰਦਾਰ ਮਜੀਠੀਆ ਨੇ ਕਿਹਾ ਕਿ ਦੋ ਦਿਨਾਂ ਦੇ ਵਿਧਾਨ ਸਭਾ ਇਜਲਾਸ ਦੀ ਅਸਲੀ ਵਜ੍ਹਾ ਵੀ ਲੋਕਾਂ ਦੇ ਸਾਹਮਣੇ ਹੈ। ਕਾਂਗਰਸ ਪਾਰਟੀ ਨੂੰ ਅਕਾਲੀ ਦਲ ਤੋਂ ਡਰ ਲੱਗਦਾ ਹੈ ਅਤੇ ਇਹ ਸੂਬੇ ਦੇ ਭਖਦੇ ਮੁੱਦਿਆਂ ਉੱਤੇ ਚਰਚਾ ਕਰਨ ਤੋਂ ਭੱਜਣਾ ਚਾਹੁੰਦੀ ਹੈ। ਇਹ ਚਾਹੇ 1200 ਦਾ ਅੰਕੜਾ ਟੱਪ ਚੁੱਕੀਆਂ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਹੋਵੇ ਜਾਂ ਬਿਜਲੀ ਦਰਾਂ ਵਿਚ ਕੀਤਾ 25 ਤੋਂ 30 ਫੀਸਦੀ ਦਾ ਅਸਹਿ ਵਾਧਾ ਹੋਵੇ, ਨੀਲੇ ਕਾਰਡਾਂ ਉੱਤੇ ਲੀਕ ਮਾਰ ਕੇ ਦਲਿਤਾਂ ਨਾਲ ਕੀਤਾ ਵਿਤਕਰਾ ਹੋਵੇ ਜਾਂ ਐਸਸੀ ਵਜ਼ੀਫੇ ਦੇਣ ਤੋਂ ਕੀਤਾ ਇਨਕਾਰ ਹੋਵੇ। ਉਹਨਾਂ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਮੁਕੰਮਲ ਕਰਜ਼ਾ ਮੁਆਫੀ ਸਕੀਮ ਕਦੋਂ ਲਾਗੂ ਕੀਤੀ ਜਾਵੇਗੀ? ਉਹ ਇਹ ਵੀ ਜਾਣਨਾ ਚਾਹੁੰਦੇ ਕਿ ਨੌਜਵਾਨਾਂ ਨਾਲ ਕੀਤੇ ਘਰ ਘਰ ਨੌਕਰੀ ਸਕੀਮ ਅਤੇ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦਿਆਂ ਦਾ ਕੀ ਬਣਿਆ?ਜਿਸ ਕਰਕੇ ਨੌਜਵਾਨਾਂ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ ਵਿਚ ਯੂਜੀਸੀ ਨੈਟ ਸਕਾਲਰ ਵੱਲੋਂ ਕੀਤੀ ਖੁਦਕੁਸ਼ੀ ਇਸ ਦੀ ਤਾਜ਼ਾ ਮਿਸਾਲ ਹੈ।
ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂਆਂ ਨੇ ਕਿਹਾ ਕਿ ਕਾਂਗਰਸੀ ਆਗੂ ਮਨਰੇਗਾ ਸਕੀਮ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਇਸ ਸੰਬੰਧੀ ਫਰੀਦਕੋਟ ਅਤੇ ਮੁਕਤਸਰ ਵਿਚ ਕੀਤੇ ਵੱਡੇ ਘੁਟਾਲਿਆਂ ਦਾ ਪਰਦਾਫਾਸ਼ ਹੋ ਚੁੱਕਿਆ ਹੈ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਰਮਚਾਰੀਆਂ ਨੂੰ ਡੀਏ ਦੀਆਂ ਕਿਸ਼ਤਾਂ ਅਤੇ ਬਕਾਏ ਨਹੀਂ ਦਿੱਤੇ ਹਨ ਅਤੇ ਠੇਕੇ ਉੱਤੇ ਰੱਖੇ 27 ਹਜ਼ਾਰ ਕਰਮਚਾਰੀਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਇਹਨਾਂ ਸਾਰੇ ਮੁੱਦਿਆਂ ਉੱਤੇ ਚਰਚਾ ਕਰਨਾ ਚਾਹੁੰਦਾ ਹੈ। ਪਰ ਕਾਂਗਰਸ ਅਜਿਹੀ ਚਰਚਾ ਕਰਨ ਦੀ ਥਾਂ ਜਬਰਦਸਤੀ ਕਰਕੇ ਲੋਕਾਂ ਦੀ ਉਮੀਦਾਂ ਨੂੰ ਕੁਚਲਣਾ ਚਾਹੁੰਦੀ ਹੈ। ਇਹੀ ਵਜ੍ਹਾ ਹੈ ਕਿ ਚਰਚਾ ਕਰਨ ਲਈ ਕੋਈ ਵੀ ਸਮਾਂ ਨਹੀ ਰੱਖਿਆ ਗਿਆ ਹੈ। ਇੰਨਾ ਹੀ ਨਹੀਂ, ਕਾਂਗਰਸੀ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹਨਾਂ ਨੇ ਅਕਾਲੀ ਵਿਧਾਇਕਾਂ ਨੂੰ ਸੂਬੇ ਦੇ ਕਿਸੇ ਵੀ ਭਖਦੇ ਮੁੱਦੇ ਚਰਚਾ ਕਰਨ ਤੋਂ ਰੋਕਣਾ ਹੈ।