ਚੰਡੀਗੜ੍ਹ/22 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਹੈ ਕਿ ਉਹ ਕਤਲ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਪਰਿਵਾਰ ਵੱਲੋਂ ਉਸ ਵਿਰੁੱਧ ਲਗਾਏ ਗੰਭੀਰ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਨਾ ਕਰੇ ਅਤੇ ਕਿਹਾ ਹੈ ਕਿ ਰੰਧਾਵਾ ਨੂੰ ਇਸ ਸਿਆਸੀ ਕਤਲ ਦਾ ਜੁਆਬ ਦੇਣਾ ਪਵੇਗਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮ ਨੇ ਕਿਹਾ ਕਿ ਦਲਬੀਰ ਢਿੱਲਵਾਂ ਦਾ ਪਰਿਵਾਰ ਪਹਿਲਾਂ ਹੀ ਜੇਲ੍ਹ ਮੰਤਰੀ ਦਾ ਪਰਦਾਫਾਸ਼ ਕਰ ਚੁੱਕਿਆ ਹੈ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਕਿਵੇਂ 2004 'ਚ ਜਦੋਂ ਸੰਸਦੀ ਚੋਣਾਂ ਦੌਰਾਨ ਤੁਹਾਡੇ ਵੱਲੋਂ ਢਿੱਲਵਾਂ ਪਿੰਡ ਵਿਚ ਬੂਥਾਂ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਦੌਰਾਨ ਤੁਹਾਡੀ ਦਸਤਾਰ ਉੱਤਰ ਗਈ ਸੀ ਤਾਂ ਉਸ ਤੋ ਤੁਰੰਤ ਬਾਅਦ ਤੁਸੀਂ ਇਸ ਪਰਿਵਾਰ ਦੇ 10 ਮੈਂਬਰਾਂ ਨੂੰ ਇੱਕ ਝੂਠੇ ਕੇਸ ਵਿਚ ਫਸਾਇਆ ਸੀ। ਤੁਸੀਂ ਖੁਦ ਵੀ ਇਸ ਤੱਥ ਨੂੰ ਝੁਠਲਾਇਆ ਨਹੀਂ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਇਸ ਤੱਥ ਤੋਂ ਵੀ ਸਾਰੇ ਵਾਕਿਫ ਹਨ ਕਿ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਗੁਰਦਾਸਪੁਰ ਪੁਲਿਸ ਮ੍ਰਿਤਕ ਢਿੱਲਵਾਂ ਦੇ ਬੇਟੇ ਦੇ ਬਿਆਨ ਉੱਤੇ ਐਫਆਈਆਰ ਦਰਜ ਨਹੀਂ ਕਰ ਰਹੀ ਹੈ, ਜਿਸ ਨੇ ਸ਼ਰੇਆਮ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਦਾ ਕਤਲ ਇੱਕ ਸਿਆਸੀ ਕਤਲ ਹੈ ਅਤੇ ਇਹ ਕਤਲ ਤੁਹਾਡੀ ਸਰਪ੍ਰਸਤੀ ਹੇਠ ਕਾਂਗਰਸੀਆਂ ਵੱਲੋਂ ਕੀਤਾ ਗਿਆ ਹੈ। ਤੁਹਾਡੇ ਵੱਲੋਂ ਪਾਏ ਜਾ ਰਹੇ ਭਾਰੀ ਦਬਾਅ ਕਰਕੇ ਜ਼ਿਲ੍ਹਾ ਪੁਲਿਸ ਐਫਆਈਆਰ ਦਰਜ ਨਹੀਂ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਆਪਣੇ ਨਿਰਦੋਸ਼ ਹੋਣ ਦਾ ਇੰਨਾ ਭਰੋਸਾ ਹੈ ਤਾਂ ਫਿਰ ਤੁਸੀਂ ਪੁਲਿਸ ਨੂੰ ਕਾਨੂੰਨ ਮੁਤਾਬਿਕ ਆਪਣੇ ਖ਼ਿਲਾਫ ਐਫਆਈਆਰ ਦਰਜ ਕਰਨ ਤੋਂ ਕਿਉਂ ਨਹੀਂ ਦੇ ਰਹੇ? ਤੁਸੀਂ ਕਿਉਂ ਡਰਦੇ ਹੋ?
ਡਾਕਟਰ ਚੀਮਾ ਨੇ ਜੇਲ੍ਹ ਮੰਤਰੀ ਨੂੰ ਇਸ ਗੱਲ ਦਾ ਵੀ ਖੁਲਾਸਾ ਕਰਨ ਲਈ ਆਖਿਆ ਕਿ ਉਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਕਿੰਨੀ ਵਾਰੀ ਗੱਲਬਾਤ ਕੀਤੀ ਸੀ, ਜੋ ਉਸ ਦਾ ਪੱਕਾ ਸਮਰਥਕ ਹੈ ਅਤੇ ਜਿਸ ਦੇ ਪਰਿਵਾਰ ਦੀ ਮੰਤਰੀ ਨੇ ਪੁਸ਼ਤਪਨਾਹੀ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਮੁਤਾਬਿਕ ਭਗਵਾਨਪੁਰੀਆ ਦਾ ਫਿਰੌਤੀਆਂ ਲੈਣ ਦਾ ਕਾਰੋਬਾਰ ਕਈ ਗੁਣਾ ਵਧ ਚੁੱਕਿਆ ਹੈ, ਇਸ ਵਿਚ ਤੁਹਾਡੀ ਕਿੰਨੀ ਭੂਮਿਕਾ ਹੈ? ਉਹਨਾਂ ਕਿਹਾ ਕਿ ਤੁਹਾਡਾ ਜੇਲ੍ਹ ਮੰਤਰੀ ਹੋਣਾ ਕੀ ਤੁਹਾਡੇ ਵਿਚਕਾਰ ਨਾਪਾਕ ਗਠਜੋੜ ਦੀ ਗਵਾਹੀ ਨਹੀਂ ਭਰਦਾ ਹੈ?ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਨਸ਼ਿਆਂ ਦੇ ਵਧੇ ਕਾਰੋਬਾਰ ਲਈ ਰੰਧਾਵਾ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ?
ਇਹ ਟਿੱਪਣੀ ਕਰਦਿਆਂ ਕਿ ਰੰਧਾਵਾ ਦੇ ਦਿਨ ਪੂਰੇ ਹੋ ਚੁੱਕੇ ਹਨ, ਡਾਕਟਰ ਚੀਮਾ ਨੇ ਕਿਹਾ ਕਿ ਹੁਣ ਤੁਸੀਂ ਕਾਨੂੰਨ ਤੋਂ ਨਹੀਂ ਬਚ ਸਕਦੇ। ਜਿਉਂ ਹੀ ਪੀੜਤ ਪਰਿਵਾਰ ਵੱਲੋਂ ਦਲਬੀਰ ਢਿੱਲਵਾਂ ਦੇ ਕਤਲ ਲਈ ਤੁਹਾਨੂੰ ਜ਼ਿੰਮੇਵਾਰ ਠਹਿਰਾਉਣ ਵਾਲਾ ਬਿਆਨ ਰਿਕਾਰਡ ਹੋ ਜਾਂਦਾ ਹੈ, ਤੁਸੀ ਗਿਰਫ਼ਤਾਰ ਹੋ ਜਾਵੋਗੇ। ਉਹਨਾਂ ਕਿਹਾ ਕਿ ਨਾ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਤੁਹਾਨੂੰ ਅਹੁਦੇ ਤੋਂ ਹਟਾਉਣ ਤੋਂ ਬਿਨਾਂ ਕੋਈ ਵਿਕਲਪ ਬਚੇਗਾ, ਸਗੋਂ ਤੁਸੀਂ ਕਾਨੂੰਨ ਮੁਤਾਬਿਕ ਜੇਲ੍ਹ ਵੀ ਜਾਵੋਗੇ।