ਅਰਦਾਸ ਕੀਤੀ ਕਿ ਜਿਹਨਾਂ ਨੇ ਬੇਅਦਬੀ ਕੀਤੀ ਹੈ ਅਤੇ ਜਿਹੜੇ ਇਸ ਉੱਤੇ ਸਿਆਸਤ ਕਰ ਰਹੇ ਹਨ, ਪ੍ਰਮਾਤਮਾ ਕਰੇ ਉਹਨਾਂ ਦਾ ਕੱਖ ਨਾ ਰਹੇ
ਕਿਹਾ ਕਿ ਰਾਹੁਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਵਿਚ ਨਸ਼ਟ ਹੋਏ ਸੈਂਕੜੇ ਸਰੂਪਾਂ, 1984 ਵਿਚ ਦਿੱਲੀ ਵਿਚ ਜਲਾਏ ਗੁਰਦੁਆਰਿਆਂ ਅਤੇ ਅਮਰਿੰਦਰ ਸਿੰਘ ਸਰਕਾਰ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦਾ ਕੋਈ ਪਛਤਾਵਾ ਨਹੀਂ ਹੈ
ਬਠਿੰਡਾ/15 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬਰਗਾੜੀ ਜਾ ਕੇ ਬੇਅਦਬੀ ਦੇ ਗੰਭੀਰ ਮੁੱਦੇ ਦਾ ਸਿਆਸੀਕਰਨ ਕਰਕੇ ਇੱਕ ਵੱਡੀ ਬੇਅਦਬੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਅਰਦਾਸ ਕੀਤੀ ਕਿ ਜਿਹਨਾਂ ਨੇ ਬੇਅਦਬੀ ਕੀਤੀ ਹੈ ਜਾਂ ਇਸ ਉਤੇ ਸਿਆਸਤ ਕਰ ਰਹੇ ਹਨ,ਪਰਮਾਤਮਾ ਕਰੇ ਉਹਨਾਂ ਦਾ ਕੱਖ ਨਾ ਰਹੇ।
ਬੇਅਦਬੀ ਉਤੇ ਕਾਂਗਰਸ ਵੱਲੋਂ ਕੀਤੀ ਜਾ ਰਹੀ ਸਿਆਸਤ ਦੀ ਸਖ਼ਤ ਨਿਖੇਧੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਦੀ ਨਸਲ ਤਕ ਨਾ ਰਹੇ। ਉਹਨਾਂ ਕਿਹਾ ਕਿ ਇਸ ਮੁੱਦੇ ਦਾ ਸਿਆਸੀਕਰਨ ਕਰਨਾ ਵੀ ਬੇਅਦਬੀ ਕਰਨ ਜਿੱਡਾ ਹੀ ਪਾਪ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਇਹ ਪਾਪ ਕੀਤਾ ਹੈ। ਉਹ ਇਸ ਦੁਖਦਾਈ ਘਟਨਾ ਉਤੇ ਸਿਆਸਤ ਕਰਨ ਲਈ ਬਰਗਾੜੀ ਆਇਆ ਸੀ। ਉਸ ਅੰਦਰਲਾ ਪਾਪ ਇਹ ਗੱਲਾਂ ਵਿਚੋਂ ਝਲਕਦਾ ਹੈ ਕਿ ਉਸ ਨੂੰ ਆਪਣੀ ਦਾਦੀ ਇੰਦਰਾ ਗਾਂਧੀ ਦੇ ਹੁਕਮਾਂ ਦੇ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਹਮਲੇ ਦੌਰਾਨ ਨਸ਼ਟ ਹੋਏ ਸੈਂਕੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਕੋਈ ਪਛਤਾਵਾ ਨਹੀਂ ਹੈ। ਰਾਹੁਲ ਨੇ 1984 ਵਿਚ ਦਿੱਲੀ ਵਿਚ ਸਾੜੇ ਗਏ ਗੁਰਦੁਆਰਿਆਂ ਪ੍ਰਤੀ ਵੀ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ ਹੈ, ਜਦੋਂ ਉਸ ਦੇ ਪਿਤਾ ਰਾਜੀਵ ਗਾਂਧੀ ਨੇ ਸਿੱਖਾਂ ਦੇ ਕਤਲੇਆਮ ਦੇ ਹੁਕਮ ਦਿੱਤੇ ਸਨ। ਉਸ ਨੇ ਉਹਨਾਂ ਬੇਅਦਬੀ ਦੀਆਂ 80 ਘਟਨਾਵਾਂ ਬਾਰੇ ਵੀ ਇੱਕ ਸ਼ਬਦ ਮੂੰਹੋਂ ਨਹੀਂ ਕੱਢਿਆ ਹੈ, ਜਿਹੜੀਆਂ ਪੰਜਾਬ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਵਾਪਰੀਆਂ ਹਨ।
ਇਹ ਟਿੱਪਣੀ ਕਰਦਿਆਂ ਕਿ ਰਾਹੁਲ ਦਾ ਅਜਿਹਾ ਵਿਵਹਾਰ ਸਿੱਖਾਂ ਦਾ ਨਿਰਾਦਰ ਕਰਨ ਦੇ ਤੁੱਲ ਹੈ, ਬੀਬੀ ਬਾਦਲ ਨੇ ਰਾਹੁਲ ਨੂੰ ਕਿਹਾ ਕਿ ਉਹ ਦੱਸੇ ਕਿ ਕੀ ਉਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਵੀ ਬੇਅਦਬੀ ਦੀਆਂ ਘਟਨਾਵਾਂ ਉਤੇ ਕਾਬੂ ਪਾਉਣ ਲਈ ਕਿਹਾ ਹੈ? ਉਹਨਾਂ ਕਿਹਾ ਕਿ ਕੀ ਉਸ ਨੇ ਇਕ ਵਾਰ ਵੀ ਮੁੱਖ ਮੰਤਰੀ ਦੀ ਖਿਚਾਈ ਕੀਤੀ ਹੈ? ਜੇਕਰ ਅਜਿਹਾ ਨਹੀਂ ਹੈ ਤਾਂ ਉਹ ਬਰਗਾੜੀ ਕਿਉਂ ਗੇੜੇ ਕੱਢ ਰਿਹਾ ਹੈ? ਸਿਰਫ ਇਸ ਮੁੱਦੇ ਉੱੱਤੇ ਸਿਆਸਤ ਕਰਨ ਲਈ?
ਬੀਬੀ ਬਾਦਲ ਨੇ ਕਿਹਾ ਕਿ ਸਿੱਖ ਰਾਹੁਲ ਗਾਂਧੀ ਦੀ ਅਸਲੀਅਤ ਜਾਣਦੇ ਹਨ। ਉਹਨਾਂ ਕਿਹਾ ਕਿ ਇਹ ਉਹੀ ਵਿਅਕਤੀ ਹੈ, ਜਿਹੜਾ ਸਿੱਖਾਂ ਵਿਚ ਵੰਡੀਆਂ ਪਾਉਣ ਲਈ ਆਪਣੀ ਦਾਦੀ ਇੰਦਰਾ ਗਾਂਧੀ ਅਤੇ ਪਿਓ ਰਾਜੀਵ ਗਾਂਧੀ ਦੀ ਰਣਨੀਤੀ ਉਤੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਕੁੱਝ ਦਿਨ ਪਹਿਲਾਂ ਇਸ ਵਿਅਕਤੀ ਨੇ ਕਿਹਾ ਸੀ ਕਿ 1984 ਸਿੱਖ ਕਤਲੇਆਮ ਵਿਚ ਕਿਸੇ ਕਾਂਗਰਸੀ ਆਗੂ ਦਾ ਹੱਥ ਨਹੀਂ ਸੀ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਪਿਓ ਰਾਜੀਵ ਗਾਂਧੀ ਵਾਂਗ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਬਚਾਅ ਕੀਤਾ ਹੈ ਅਤੇ ਉਹਨਾਂ ਵਿਚੋਂ ਇੱਕ ਕਮਲ ਨਾਥ ਨੂੰ ਹਾਲ ਹੀ ਵਿਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਲਾਇਆ ਹੈ।
ਇਹ ਟਿੱਪਣੀ ਕਰਦਿਆਂ ਕਿ ਪੰਜਾਬ ਕਾਂਗਰਸ ਅਤੇ ਇਸ ਦੇ ਮੁੱਖ ਮੰਤਰੀ ਦੁਆਰਾ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕੋਣ ਲਈ ਰਚੀ ਸਾਜ਼ਿਸ਼ ਦਾ ਰਾਹੁਲ ਸਰਗਨਾ ਹੈ, ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਦੋ ਸਾਲ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਇਹੀ ਕਾਰਣ ਹੈ ਕਿ ਰਾਹੁਲ ਅਤੇ ਪ੍ਰਿਯੰਕਾ ਨੂੰ ਬੇਅਦਬੀ ਦਾ ਮੁੱਦਾ ਉਠਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਪਰ ਲੋਕ ਅਸਲੀਅਤ ਜਾਣਦੇ ਹਨ ਅਤੇ 19 ਮਈ ਨੂੰ ਕਾਂਗਰਸ ਨੂੰ ਕਰਾਰਾ ਜੁਆਬ ਦੇਣਗੇ।
ਇਹ ਟਿੱਪਣੀ ਕਰਦਿਆਂ ਕਿ ਪੰਜਾਬ ਕਾਂਗਰਸ ਅਤੇ ਇਸ ਦੇ ਮੁੱਖ ਮੰਤਰੀ ਦੁਆਰਾ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕੋਣ ਲਈ ਰਚੀ ਸਾਜ਼ਿਸ਼ ਦਾ ਰਾਹੁਲ ਸਰਗਨਾ ਹੈ, ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਦੋ ਸਾਲ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਇਹੀ ਕਾਰਣ ਹੈ ਕਿ ਰਾਹੁਲ ਅਤੇ ਪ੍ਰਿਯੰਕਾ ਨੂੰ ਬੇਅਦਬੀ ਦਾ ਮੁੱਦਾ ਉਠਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਪਰ ਲੋਕ ਅਸਲੀਅਤ ਜਾਣਦੇ ਹਨ ਅਤੇ 19 ਮਈ ਨੂੰ ਕਾਂਗਰਸ ਨੂੰ ਕਰਾਰਾ ਜੁਆਬ ਦੇਣਗੇ।
ਰਾਹੁਲ ਨੂੰ ਬੇਅਦਬੀ ਅਤੇ ਕਿਸਾਨਾਂ ਦੇ ਮੁੱਦੇ ਉਤੇ ਮਗਰਮੱਛ ਦੇ ਹੰਝੂ ਵਹਾਉਣ ਤੋਂ ਵਰਜਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਨੇ ਨਿਆਇ ਸਕੀਮ ਤੋ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ ਕਿਸਾਨ ਕਰਜ਼ਾ ਮੁਆਫੀ ਸਕੀਮ ਬਣਾਉਣ ਤੋਂ ਪਹਿਲਾਂ ਆਰਥਿਕ ਮਾਹਿਰਾਂ ਦੀ ਰਾਇ ਲਈ ਗਈ ਸੀ। ਉਹਨਾਂ ਨੇ ਕਿਹਾ ਕਿ ਰਾਹੁਲ ਨੇ ਡਾਕਟਰ ਮਨਮੋਹਨ ਸਿੰਘ ਦੇ ਨਾਂ ਦੀ ਵੀ ਦੁਰਵਰਤੋਂ ਕੀਤੀ ਸੀ ਅਤੇ ਕਰਜ਼ਾ ਮੁਆਫੀ ਸਕੀਮ ਉੱਤੇ ਸਾਬਕਾ ਪ੍ਰਧਾਨ ਮੰਤਰੀ ਦੀ ਮੋਹਰ ਲਗਵਾਈ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਮਗਰੋਂ ਰਾਹੁਲ ਗਾਂਧੀ ਹੁਣ ਗਰੀਬਾਂ ਨੂੰ ਇਹ ਕਹਿ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਨਿਆਇ ਸਕੀਮ ਤਹਿਤ ਉਹਨਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦਿੱਤੇ ਜਾਣਗੇ ਜਦਕਿ ਇਸ ਸਕੀਮ ਨੂੰ ਲਾਗੂ ਕਰਨ ਦੀ ਉਸ ਦੀ ਕੋਈ ਨੀਅਤ ਨਹੀਂ ਹੈ।