ਕਿਹਾ ਕਿ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਉੱਤੇ ਭਾਰੀ ਟੈਕਸ ਵਸੂਲ ਰਹੀ ਹੈ। ਇਸ ਤੋਂ ਇਲਾਵਾ ਕੇਂਦਰ ਵੱਲੋਂ ਵਸੂਲੇ ਜਾਂਦੇ ਟੈਕਸ ਵਿਚੋਂ 42 ਫੀਸਦੀ ਮੋੜਵੀਂ ਗਰਾਂਟ ਲੈ ਰਹੀ ਹੈ
ਕਿਹਾ ਕਿ ਕਾਂਗਰਸ ਦੇ ਕਪਟ ਦਾ ਇੱਥੋਂ ਪਤਾ ਚੱਲਦਾ ਹੈ ਕਿ ਰਾਹੁਲ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਥੱਲੇ ਲਿਆਉਣ ਦੀ ਮੰਗ ਕਰ ਰਿਹਾ ਹੈ, ਜਦਕਿ ਪੰਜਾਬ ਸਰਕਾਰ ਅਜਿਹਾ ਕਰਨ ਤੋਂ ਸਾਫ ਇਨਕਾਰ ਕਰ ਰਹੀ ਹੈ
ਚੰਡੀਗੜ੍ਹ/11 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 'ਆਪਣੀਆਂ ਨਸੀਹਤਾਂ ਨੂੰ ਅਮਲ 'ਚ ਲਿਆਉਣ' ਲਈ ਆਖਦਿਆਂ ਕਿਹਾ ਹੈ ਕਿ ਉਹ ਆਮ ਆਦਮੀ ਨੂੰ ਰਾਹਤ ਦਿਵਾਉਣ ਵਾਸਤੇ ਪੰਜਾਬ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤੁਰੰਤ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਹੁਕਮ ਦੇਣ।
ਇਹ ਕਹਿੰਦਿਆਂ ਕਿ ਲੋਕਾਂ ਦੀ ਮੱਦਦ ਸਿਆਸੀ ਤਮਾਸ਼ਾ ਕਰਨ ਨਾਲ ਨਹੀਂ ਸਗੋਂ ਠੋਸ ਕਦਮ ਚੁੱਕਣ ਨਾਲ ਹੋਵੇਗੀ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ ਕਿ ਉਹ ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਦੇ ਨਕਸ਼ੇ ਕਦਮਾਂ ਉੱਤੇ ਚੱਲਦੇ ਹੋਏ ਪੈਟਰੋਲ ਅਤੇ ਡੀਜ਼ਲ ਉੱਤੇ ਲਾਏ ਜਾਂਦੇ ਵੈਟ ਅਤੇ ਸਰਚਾਰਜ ਵਿਚ ਤੁਰੰਤ ਕਟੌਤੀ ਕਰਨ। ਉਹਨਾਂ ਕਿਹਾ ਕਿ ਰਾਹੁਲ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਅਜੇ ਤਕ ਇਹ ਨਿਰਦੇਸ਼ ਕਿਉਂ ਨਹੀਂ ਦਿੱਤਾ ਜਦਕਿ ਪੰਜਾਬ ਵਿਚ ਪੈਟਰੋਲੀਅਮ ਵਸਤਾਂ ਦੀ ਕੀਮਤਾਂ ਉੱਤਰੀ ਭਾਰਤ ਵਿਚ ਸਭ ਤੋਂ ਵੱਧ ਅਤੇ ਦੇਸ਼ ਭਰ ਵਿਚ ਤੀਜੇ ਨੰਬਰ ਉੱਤੇ ਹਨ।
ਆਮ ਆਦਮੀ ਨਾਲ ਜੁੜੇ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ ਉੱਤੇ ਕਾਂਗਰਸੀ ਦੀ ਦੋਗਲੀ ਬੋਲੀ ਦਾ ਭਾਂਡਾ ਭੰਨਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਉੱਤੇ ਕ੍ਰਮਵਾਰ 23 ਰੁਪਏ ਅਤੇ 11 ਰੁਪਏ ਪ੍ਰਤੀ ਲੀਟਰ ਦਾ ਟੈਕਸ ਵਸੂਲ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੇਂਦਰ ਵੱਲੋਂ ਪੈਟਰੋਲੀਅਮ ਵਸਤਾਂ ਉੱਤੇ ਵਸੂਲੇ ਜਾਂਦੇ ਟੈਕਸ ਵਿਚੋਂ ਸੂਬਾ ਸਰਕਾਰ 42 ਫੀਸਦੀ ਮੋੜਵੀਂ ਗਰਾਂਟ ਦੇ ਰੂਪ ਵਿਚ ਲੈ ਰਹੀ ਹੈ, ਜਿਸ ਨਾਲ ਪੈਟਰੋਲੀਅਮ ਵਸਤਾਂ ਉਤੇ ਟੈਕਸਾਂ ਦੇ ਰੂਪ ਵਿਚ ਇਸ ਦੀ ਸਾਲਾਨਾ ਕਮਾਈ 5800 ਕਰੋੜ ਰੁਪਏ ਬਣਦੀ ਹੈ। ਉਹਨਾਂ ਕਿਹਾ ਕਿ ਕਿਉਂਕਿ ਸੂਬੇ 'ਚ ਵਿਕਾਸ ਕਾਰਜ ਬੰਦ ਹਨ, ਇਸ ਲਈ ਸਰਕਾਰ ਕੋਲ ਫਜ਼ੂਲਖਰਚੀ ਤੋਂ ਇਲਾਵਾ ਇਹਨਾਂ ਫੰਡਾਂ ਦੀ ਵਰਤੋਂ ਦਾ ਹੋਰ ਕੋਈ ਰਾਹ ਨਹੀਂ ਹੈ। ਯਕੀਨੀ ਤੌਰ ਤੇ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਕੇ ਆਮ ਆਦਮੀ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਦੇ ਸਕਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ਮਗਰੋਂ ਕਾਂਗਰਸ ਤੇਲ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ ਕਰੇਗੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਪਹਿਲਾਂ ਹੀ ਇਸ ਵਾਅਦੇ ਨੂੰ ਪੂਰਾ ਕਰਨ ਵਿਚ ਡੇਢ ਸਾਲ ਦਾ ਸਮਾਂ ਲੰਘਾ ਚੁੱਕੇ ਹਨ। ਉਹਨਾਂ ਨੂੰ ਇਹ ਕਦਮ ਉਠਾਉਣ ਵਿਚ ਹੁਣ ਹੋਰ ਦੇਰੀ ਨਹੀਂ ਕਰਨੀ ਚਾਹੀਦੀ।
ਕਾਂਗਰਸ ਪਾਰਟੀ ਦੀ ਕਪਟੀ ਸਿਆਸਤ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਰਾਹੁਲ ਗਾਂਧੀ ਤਾਂ ਇਹ ਮੰਗ ਕਰ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜੀਐਸਟੀ ਥੱਲੇ ਲਿਆਂਦਾ ਜਾਵੇ, ਪਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਅਜਿਹਾ ਕਰਨ ਤੋਂ ਸਾਫ ਇਨਕਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਰਾਹੁਲ ਅਤੇ ਪੰਜਾਬ ਸਰਕਾਰ ਨੂੰ ਪੈਟਰਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਆਪਣੇ ਇਸ ਆਪਾਵਿਰੋਧੀ ਸਟੈਂਡ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ, ਇਸ ਤੋਂ ਪਹਿਲਾਂ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਪਾਰਟੀ ਦੀ ਸਰਕਾਰ ਨੂੰ ਪੈਟਰੋਲੀਅਮ ਵਸਤਾਂ ਉੱਤੇ ਟੈਕਸ ਘਟਾਉਣ ਲਈ ਕਹੇਗਾ ਤਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇੱਕ ਪੈਸਾ ਵੀ ਘਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਨੂੰ ਘਟਾਉਣ ਵਿਚ ਇਸ ਦੀ ਆਪਣੀ ਨਾਕਾਮੀ ਨੂੰ ਲੁਕੋਣ ਵਾਸਤੇ ਨਕਲੀ ਧਰਨੇ ਦੇ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਭਖਦੇ ਮੁੱਦਿਆਂ ਜਿਵੇਂ 90 ਹਜ਼ਾਰ ਕਰੋੜ ਦੀ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ 'ਚ ਨਾਕਾਮੀ, ਘਰ ਘਰ ਨੌਕਰੀ ਦੇਣ ਤੇ ਵਾਅਦੇ ਤੋਂ ਮੁਕਰਨਾ, ਸਮਾਜ ਭਲਾਈ ਸਕੀਮਾਂ ਦੀ ਰਾਸ਼ੀ ਵਧਾਉਣ ਤੋਂ ਨਾਂਹ ਕਰਨਾ, ਗਰਮਖ਼ਿਆਲੀ ਤੱਤਾਂ ਨਾਲ ਮਿਲ ਕੇ ਪੰਜਾਬੀ ਸਮਾਜ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨਾ ਅਤੇ ਸੂਬੇ ਦੇ ਅਮਨ ਅਤੇ ਫਿਰਕੂ ਸਦਭਾਵਨਾ ਖਤਰੇ ਵਿਚ ਪਾਉਣਾ ਆਦਿ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਵੀ ਅਜਿਹੇ ਡਰਾਮੇ ਕਰ ਰਹੀ ਹੈ।