ਰਾਹੁਲ ਗਾਂਧੀ ਵੱਲੋਂ ਪੰਜਾਬ 'ਚ ਟਰੈਕਟਰ ਰੈਲੀ ਕੱਢਣ ਦਾ ਪ੍ਰੋਗਰਾਮ ਘਟੀਆ ਪਬਲੀਸਿਟੀ ਸਟੰਟ : ਡਾ. ਦਲਜੀਤ ਸਿੰਘ ਚੀਮਾ
ਚੰਡੀਗੜ•, 30 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ਆਗੂ ਸ੍ਰੀ ਰਾਹੁਲ ਗਾਂਧੀ ਨੂੰ ਆਖਿਆ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਦੱਸਣ ਕਿ ਉਹਨਾਂ ਨੇ ਏ ਪੀ ਐਮ ਸੀ ਐਕਟ ਖਤਮ ਕਰਨ ਦੀ ਹਮਾਇਤ ਕਿਉਂ ਕੀਤੀ ਤੇ ਦੱਸਣ ਕਿ ਜਦੋਂ ਕਿਸਾਨ ਵਿਰੋਧੀ ਤਿੰਨ ਖੇਤੀਬਾੜੀ ਬਿੱਲ ਸੰਸਦ ਵਿਚ ਪੇਸ਼ ਕੀਤੇ ਗਏ ਸੀ ਤਾਂ ਉਹਨਾਂ ਨੇ ਇਹਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਹਰ ਮੁਹਾਜ਼ 'ਤੇ ਫੇਲ• ਹੋ ਗਈ ਹੈ ਤੇ 2017 ਵਿਚ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਸੋਧ ਕਰ ਕੇ ਕਿਸਾਨਾਂ ਨੂੰ ਧੋਖਾ ਦੇਣ ਮਗਰੋਂ ਹੁਣ ਘਟੀਆ ਪਬਲੀਸਿਟੀ ਸਟੰਟ ਕਰ ਕੇ ਕਿਸਾਨਾਂ ਦੀ ਹਮਦਰਦੀ ਹਾਸਲ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬ ਵਿਚ ਟਰੈਕਟਰ 'ਤੇ ਬਿਠਾਉਣਾ ਹਰੋ ਕੁਝ ਨਹੀਂ ਬਲਕਿ ਫੋਟੋ ਸੈਸ਼ਨ ਦਾ ਤਰੀਕਾ ਹੈ ਜਿਸਦਾ ਮਕਸਦ ਕਿਸਾਨਾਂ ਨੂੰ ਮੂਰਖ ਬਣਾਉਣਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਕਿਸਾਨ ਵਿਰੋਧੀ ਸਟੈਂਡ ਲਏ ਹਨ ਭਾਵੇਂ ਪਾਰਟੀ ਦੇ 2019 ਦੇ ਚੋਣ ਮਨੋਰਥ ਪੱਤਰ ਦੀ ਗੱਲ ਹੋਵੇ ਜਿਸ ਵਿਚ ਏ ਪੀ ਐਮ ਸੀ ਐਕਟ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਜਾਂ ਫਿਰ ਪੰਜਾਬ ਦੇ ਦੇ ਏ ਪੀ ਐਮ ਸੀ ਐਕਟ ਦੀ ਗੱਲ ਜਿਸ ਵਿਚ 2017 ਵਿਚ ਸੋਧ ਕਰ ਕੇ ਉਹੀ ਮੱਦਾਂ ਸ਼ਾਮਲ ਕੀਤੀਆਂ ਗਈਆਂ ਜੋ ਹੁਣ ਹਾਲ ਹੀ ਵਿਚ ਪਾਸ ਹੋਏ ਤਿੰਨ ਖੇਤੀਬਾੜੀ ਐਕਟਾਂ ਵਿਚ ਸ਼ਾਮਲ ਹਨ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਆਉਣ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਤਿੰਨ ਖੇਤੀਬਾੜੀ ਬਿੱਲ ਸੰਸਦ ਵਿਚ ਪੇਸ਼ ਕੀਤੇ ਗਏ, ਉਸ ਵੇਲੇ ਉਹ ਕਿਥੇ ਸਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿਉਂ ਸੰਸਦ ਵਿਚ ਬਿੱਲਾਂ ਦੇ ਖਿਲਾਫ ਕਾਂਗਰਸ ਪਾਰਟੀ ਦਾ ਇਕ ਵੀ ਚੋਟੀ ਦਾ ਆਗੂ ਕਿਉਂ ਨਹੀਂ ਬੋਲਿਆ ਅਤੇ ਪਾਰਟੀ ਨੇ ਬਿੱਲਾਂ ਖਿਲਾਫ ਵੋਟਾਂ ਪਾਉਣ ਵਾਸਤੇ ਆਪਣੇ ਸੰਸਦ ਮੈਂਬਰਾਂ ਨੂੰ ਵਿਪ• ਜਾਰੀ ਕਿਉਂ ਨਹੀਂ ਕੀਤੀ।
ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਨੂੰ ਦੋਗਲੀ ਖੇਡ ਨਹੀਂ ਖੇਡਣੀ ਚਾਹੀਦੀ ਤੇ ਕਿਸਾਨਾਂ ਨੂੰ ਧੋਖਾ ਦੇਣ ਦਾ ਯਤਨ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਨੂੰ ਦੱਸਣ ਕਿ ਕਿਉਂ ਕਾਂਗਰਸ ਪਾਰਟੀ ਨੇ ਮਹਾਰਾਸ਼ਟਰ ਵਿਚ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਸਰਕਾਰ ਤੋਂ ਹਮਾਇਤ ਵਾਪਸ ਨਹੀਂ ਲਈ ਜਦਕਿ ਸ਼ਿਵ ਸੈਨਾ ਨੇ ਸੰਸਦ ਵਿਚ ਬਿੱਲਾਂ ਦੀ ਹਮਾਇਤ ਕੀਤੀ ਸੀ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਨੂੰ ਇਹ ਵੀ ਦੱਸਣ ਕਿ ਸ਼ਿਵ ਸੈਨਾ ਵੱਲੋਂ ਕਿਸਾਨ ਵਿਰੋਧੀ ਸਟੈਂਡ ਲੈਣ ਤੋਂ ਬਾਅਦ ਵੀ ਕਾਂਗਰਸ ਨੇ ਉਸ ਨਾਲ ਗਠਜੋੜ ਕਾਇਮ ਰੱਖਿਆ ਹੋਇਆ ਹੈ।