ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇੱਕ ਸਾਲ ਪਹਿਲਾਂ ਬੁੱਧ ਸਿੰਘ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਦਿਆਂ ਵਿਧਾਨ ਸਭਾ ਵਿਚ ਵੀ ਝੂਠ ਬੋਲਿਆ ਸੀ
ਕਿਹਾ ਕਿ ਇਹੀ ਸਾਰੇ ਝੂਠ ਹੁਣ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ• ਵਿਚ ਦੁਹਰਾਏ ਜਾ ਰਹੇ ਹਨ
ਚੰਡੀਗੜ•/27 ਦਸੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜੁਆਬ ਮੰਗਦਿਆਂ ਪੁੱਛਿਆ ਹੈ ਕਿ ਉਹਨਾਂ ਨੇ ਆਪਣੀ ਕਰਜ਼ਾ ਮੁਆਫੀ ਸਕੀਮ ਦੇ ਮੁੱਖ ਚਿਹਰੇ ਬੁੱਧ ਸਿੰਘ ਅਤੇ ਪੰਜਾਬ ਦੇ ਲੱਖਾਂ ਕਿਸਾਨਾਂ ਨਾਲ 'ਕਰਜ਼ਾ ਕੁਰਕੀ ਖ਼ਤਮ' ਦਾ ਵਾਅਦਾ ਕਰਨ ਮਗਰੋਂ ਪਿਛਲੇ ਦੋ ਸਾਲ ਤੋਂ ਇਸ ਵਾਅਦੇ ਨੂੰ ਅਮਲ ਵਿਚ ਕਿਉਂ ਨਹੀਂ ਲਿਆਂਦਾ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਰਜ਼ਾ ਮੁਆਫੀ ਸਕੀਮ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਦੀ ਗਰੰਟੀ ਦੇਣ ਵਾਲਿਆਂ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬੁੱਧ ਸਿੰਘ ਨਾਲ ਸਭ ਤੋਂ ਪਹਿਲਾਂ ਉਸ ਦਾ ਕਰਜ਼ਾ ਮੁਆਫ ਕਰਨ ਦੇ ਕੀਤੇ ਵਾਅਦੇ ਤੋਂ ਮੁੱਕਰ ਕੇ ਮਨੁੱਖਤਾ ਖਿਲਾਫ ਸਭ ਤੋਂ ਵੱਡਾ ਅਪਰਾਧ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਨੇ ਰਲ ਕੇ ਲੱਖਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ ਅਤੇ ਸੈਂਕੜੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਅਜੇ ਵੀ ਕਿਸਾਨਾਂ ਦੀ ਦੁਰਦਸ਼ਾ ਵੇਖ ਕੇ ਇਹਨਾਂ ਦਾ ਦਿਲ ਨਹੀਂ ਪਸੀਜਿਆ ਅਤੇ ਉਹ ਬੁੱਧ ਸਿੰਘ ਅਤੇ ਸੂਬੇ ਦਾ ਬਾਕੀ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਇਨਕਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਜਿਹੀ ਹੀ ਧੋਖੇ ਭਰੀ ਕਰਜ਼ਾ ਮੁਆਫੀ ਸਕੀਮ ਦਾ ਵਾਅਦਾ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ• ਦੇ ਕਿਸਾਨਾਂ ਨਾਲ ਕਰ ਚੁੱਕੇ ਹਨ।
ਪੰਜਾਬ ਦੇ ਕਿਸਾਨਾਂ ਦੀ ਮੌਜੂਦਾ ਦੁਰਦਸ਼ਾ ਨੂੰ ਇੱਕ ਵੱਡਾ ਦੁਖਾਂਤ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਬਤੌਰ ਪ੍ਰਦੇਸ਼ ਕਾਂਗਰਸ ਮੁਖੀ ਡੇਰਾ ਬਾਬਾ ਨਾਨਕ ਹਲਕੇ ਦੇ ਬੁੱਧ ਸਿੰਘ ਨੂੰ ਕਾਂਗਰਸ ਪਾਰਟੀ ਦੀ ਕਰਜ਼ਾ ਮੁਆਫੀ ਸਕੀਮ ' ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਰਕਮ' ਵਾਸਤੇ ਮੁੱਖ ਚਿਹਰੇ ਵਜੋਂ ਇਸਤੇਮਾਲ ਕੀਤਾ ਸੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਸ਼ਟਰੀ ਅਤੇ ਸਹਿਕਾਰੀ ਬੈਂਕਾਂ ਤੋਂ ਇਲਾਵਾ ਆੜ•ਤੀਆਂ ਵਾਲੇ ਕਰਜ਼ੇ ਮੁਆਫ ਕਰਨ ਲਈ 90 ਹਜ਼ਾਰ ਕਰੋੜ ਦੀ ਮੁਕੰਮਲ ਕਰਜ਼ਾ ਮੁਆਫੀ ਲਾਗੂ ਕਰਨ ਦਾ ਵੀਡਿਓ ਅਪਲੋਡ ਕੀਤਾ ਗਿਆ ਸੀ, ਜਿਸ ਨੂੰ ਵੇਖ ਕੇ ਬੁੱਧ ਸਿੰਘ ਸਮੇਤ ਸੂਬੇ ਦੇ ਕਿੰਨੇ ਹੀ ਕਿਸਾਨਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਪਾਈ ਸੀ। ਉਹਨਾਂ ਕਿਹਾ ਕਿ ਇਸ ਵਾਅਦੇ ਮਗਰੋਂ ਦੋ ਸਾਲ ਬੀਤ ਗਏ। ਸਾਰੇ ਕਿਸਾਨ ਖੁਦ ਨੂੰ ਠੱਗੇ ਮਹਿਸੂਸ ਕਰਦੇ ਹਨ। ਜਦੋਂ ਬੁੱਧ ਸਿੰਘ ਵਾਂਗ ਜਲਦੀ ਕਰਜ਼ਾ ਮੁਆਫੀ ਹੋਣ ਦੀ ਉਮੀਦ ਵਿਚ ਉਹਨਾਂ ਨੇ ਬੈਂਕਾਂ ਨੂੰ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਤਾਂ ਉਹਨਾਂ ਦੇ ਕਰਜ਼ੇ ਹੋਰ ਵੱਡੇ ਹੋ ਗਏ, ਜਿਸ ਮਗਰੋਂ 500 ਤੋਂ ਵੱਧ ਕਿਸਾਨ ਆਪਣੀਆਂ ਜ਼ਿੰਦਗੀਆਂ ਦਾ ਖਾਤਮਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਇੰਨੀ ਮਾੜੀ ਹਾਲਤ ਦੇਖ ਕੇ ਸਰਕਾਰ ਨਹੀੰ ਪਸੀਜੀ, ਇਹ ਤਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਦੇਣ ਤੋਂ ਵੀ ਇਨਕਾਰ ਕਰ ਚੁੱਕੀ ਹੈ।
ਇਹ ਕਹਿੰਦਿਆਂ ਕਿ ਇੱਕ ਸਾਲ ਪਹਿਲਾਂ ਉਹਨਾਂ ਨੇ ਬੁੱਧ ਸਿੰਘ ਦੀ ਮਾੜੀ ਹਾਲਤ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿਚ ਉਠਾਇਆ ਸੀ, ਸਰਦਾਰ ਮਜੀਠੀਆ ਨੇ ਕਿਹਾ ਕਿ ਉਸ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਇਸ ਕਿਸਾਨ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਫ ਦਿਸਦਾ ਹੈ ਕਿ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਅੰਦਰ ਵੀ ਝੂਠ ਬੋਲਣ ਦੀ ਆਦਤ ਹੈ। ਉਹਨਾਂ ਕਿਹਾ ਕਿ ਸਰਕਾਰ ਸਿਰਫ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਵਿਚ ਹੀ ਨਾਕਾਮ ਨਹੀਂ ਹੋਈ ਹੈ, ਸਗੋਂ ਇਸ ਨੇ ਕਿਸਾਨਾਂ ਦੀ ਕੁਰਕੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅਜਿਹਾ ਇੱਕ ਨੋਟਿਸ ਗੁਰਦਾਸਪੁਰ ਜ਼ਿਲ•ੇ ਵਿਚ ਪੈਂਦੇ ਪਿੰਡ ਕੋਟਲੀ ਸੂਰਤ ਸਿੰਘ ਵਿਚ ਬੁੱਧ ਸਿੰਘ ਦੇ ਘਰ ਉੱਤੇ ਵੀ ਚਿਪਕਾਇਆ ਗਿਆ ਸੀ। ਉਹਨਾਂ ਕਿਹਾ ਕਿ ਬਾਕੀ ਕਿਸਾਨਾਂ ਨਾਲ ਵੀ ਇਹੋ ਕੁੱਝ ਹੋਇਆ ਹੈ। ਕਾਂਗਰਸ ਵੱਲੋਂ ਵਿਧਾਨ ਸਭਾ ਵਿਚ 'ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਕੀਤੀ ਜਾ ਰਹੀ ਹੈ' ਜਿਹੇ ਝੂਠ ਬੋਲਣ ਦੇ ਬਾਵਜੂਦ ਕਿਸਾਨਾਂ ਦੀ ਸ਼ਰੇਆਮ ਕੁਰਕੀ ਕੀਤੀ ਜਾ ਰਹੀ ਹੈ।
ਇਹ ਟਿੱਪਣੀ ਕਰਦਿਆਂ ਕਿ ਪੰਜਾਬ ਦੇ ਕਿਸਾਨ ਹੁਣ ਤਕ ਦੇ ਸਭ ਤੋਂ ਵੱਡੇ ਸੰਕਟ ਵਿਚੋਂ ਲੰਘ ਰਹੇ ਹਨ, ਅਕਾਲੀ ਆਗੂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਉਹਨਾਂ ਨੂੰ ਫਸਲੀ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਕਾਂਗਰਸ ਸਰਕਾਰ ਦੇ ਝੋਨੇ ਦੀ ਬਿਜਾਈ 10 ਦਿਨ ਲੇਟ ਕਰਵਾਉਣ ਦੇ ਨਾਦਰਸ਼ਾਹੀ ਹੁਕਮ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਉਹਨਾਂ ਕਿਹਾ ਕਿ ਲੇਟ ਬਿਜਾਈ ਨਾਲ ਝਾੜ ਘਟ ਗਿਆ ਅਤੇ ਫਸਲ ਵਿਚ ਨਮੀ ਦੀ ਮਾਤਰਾ ਵਧ ਗਈ, ਜਿਸ ਕਰਕੇ ਕਿਸਾਨਾਂ ਨੂੰ ਫਸਲ ਵੇਚਣ ਲਈ 100 ਰੁਪਏ ਤੋਂ 150 ਰੁਪਏ ਪ੍ਰਤੀ ਕੁਇੰਟਲ ਦੀ ਰਿਸ਼ਵਤ ਦੇਣੀ ਪਈ। ਉਹਨਾਂ ਕਿਹਾ ਕਿ ਉੱਤਰੀ ਭਾਰਤ ਵਿਚ ਗੰਨੇ ਦਾ ਸਭ ਤੋਂ ਘੱਟ ਭਾਅ ਹੋਣ ਦੇ ਬਾਵਜੂਦ ਪਿਛਲੇ ਇੱਕ ਸਾਲ ਤੋਂ ਗੰਨਾ ਉਤਪਾਦਕਾਂ ਨੂੰ ਉਹਨਾਂ ਦੇ 400 ਕਰੋੜ ਰੁਪਏ ਦੇ ਬਕਾਏ ਨਹੀਂ ਦਿੱਤੇ ਗਏ। ਉਹਨਾਂ ਕਿਹਾ ਕਿ ਹਾਲ ਹੀ ਵਿਚ ਆਲੂ ਉਤਪਾਦਕਾਂ ਦਾ ਭਾਰੀ ਨੁਕਸਾਨ ਹੋਇਆ ਹੈ, ਪਰ ਸਰਕਾਰ ਨੇ ਉਹਨਾਂ ਨੂੰ ਤਬਾਹੀ ਤੋਂ ਬਚਾਉਣ ਲਈ ਕੋਈ ਰਾਹਤ ਪੈਕਜ ਨਹੀਂ ਦਿੱਤਾ ਹੈ। ਪੰਜਾਬ ਵਿਚ ਅਜਿਹੀ ਕਿਸਾਨ-ਵਿਰੋਧੀ ਸਰਕਾਰ ਪਹਿਲਾਂ ਕਦੇ ਨਹੀਂ ਆਈ।