ਚੰਡੀਗੜ•/22 ਦਸੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਪਾਸ ਕਰਨ ਲਈ ਵਿਧਾਨ ਸਭਾ ਦੀ ਇੱਕ ਵਿਸੇਥਸ਼ ਬੈਠਕ ਬੁਲਾਉਣ ਲਈ ਆਖਿਆ ਹੈ। ਇਸ ਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਨੂੰ ਪੁੱਛਿਆ ਹੈ ਕਿ ਉਹ ਪੰਜਾਬੀਆਂ ਨੂੰ ਜੁਆਬ ਦੇਵੇ ਕਿ ਉਸ ਨੇ ਕਾਂਗਰਸ ਸਰਕਾਰ ਦੇ ਦਬਾਅ ਹੇਠ ਆ ਕੇ ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਕੇ ਬਾਰੇ ਪਲਟੀ ਕਿਉਂ ਮਾਰੀ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਪੰਜਾਬ ਵਿਚ ਕਾਂਗਰਸ ਪਾਰਟੀ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇਗੀ ਅਤੇ ਰਾਜੀਵ ਗਾਂਧੀ ਨੂੰ ਦਿੱਤਾ ਗਿਆ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਲੈ ਕੇ ਆਵੇਗੀ। ਉਹਨਾਂ ਕਿਹਾ ਕਿ ਇਹ ਮਤਾ ਬਹੁਤ ਹੀ ਮਹੱਤਵਪੂਰਨ ਹੈ , ਕਿਉਂਕਿ ਇਹ ਸਾਬਿਤ ਕਰੇਗਾ ਕਿ ਪੰਜਾਬ ਕਾਂਗਰਸ ਸਾਰਿਆਂ ਤਕ ਇਹ ਸੁਨੇਹਾ ਪਹੁੰਚਾਉਣ ਲਈ ਕਿੰਨੀ ਕੁ ਸੰਜੀਦਾ ਹੈ ਕਿ ਜੋ ਵੀ ਸਮੂਹਿਕ ਕਤਲੇਆਮ ਨੂੰ ਹੱਲਾਸ਼ੇਰੀ ਦਿੰਦਾ ਹੈ ਅਤੇ ਸਹੀ ਠਹਿਰਾਉਂਦਾ ਹੈ, ਜਿਵੇਂਕਿ ਰਾਜੀਵ ਗਾਂਧੀ ਨੇ ਠਹਿਰਾਇਆ ਸੀ, ਉਹ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਦਾ ਹੱਕਦਾਰ ਨਹੀਂ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨਾ ਸਿਰਫ ਇਸ ਮਤੇ ਦੀ ਹਮਾਇਤ ਕਰੇਗਾ, ਸਗੋਂ ਇਹ ਵੀ ਅਪੀਲ ਕਰਦਾ ਹੈ ਕਿ ਸਾਰੇ ਲੋਕਾਂ ਇਹ ਸਪੱਸ਼ਟ ਸੁਨੇਹਾ ਭੇਜਣ ਲਈ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ ਕਿ ਮਨੁੱਖਤਾ ਖ਼ਿਲਾਫ ਅਪਰਾਧਾਂ ਲਈ ਸਮਾਜ ਵਿਚ ਕੋਈ ਥਾਂ ਨਹੀਂ ਹੈ। ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਇਹ ਵੀ ਆਖਿਆ ਕਿ ਅਜਿਹਾ ਮਤਾ ਕਦੋਂ ਅਸੰਬਲੀ ਵਿਚ ਰੱਖਿਆ ਜਾਵੇਗਾ, ਇਸ ਦਾ ਸਮਾਂ ਵੀ ਨਿਸ਼ਚਿਤ ਕਰ ਦੇਣ।
ਇਸ ਮਸਲੇ ਉਤੇ ਆਪ ਵੱਲੋਂ ਮਾਰੀ ਪਲਟੀ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਪਹਿਲਾਂ ਰਾਜੀਵ ਗਾਂਧੀ ਖ਼ਿਲਾਫ ਮਤਾ ਪਾਸ ਕਰਕੇ ਅਤੇ ਫਿਰ 'ਮਤਾ ਪਾਸ ਨਹੀਂ ਕੀਤਾ ਗਿਆ'ਕਹਿੰਦਿਆਂ ਇਸ ਮੁੱਦੇ ਉਤੇ ਪਲਟੀ ਮਾਰ ਕੇ ਲੋਕਾਂ ਨੂੰ ਆਪਣੀ ਅਸਲੀ ਚਿਹਰਾ ਵਿਖਾ ਦਿੱਤਾ ਹੈ। ਉਹਨਾਂ ਕਿਹਾ ਕਿ ਮਤੇ ਸੰਬੰਧੀ ਆਪ ਵੱਲੋਂ ਸ਼ਰੇਆਮ ਬੋਲੇ ਝੂਠਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਕਾਂਗਰਸ ਨਾਲ ਮਿਲੀ ਹੋਈ ਹੈ। ਉਹਨਾਂ ਕਿਹਾ ਕਿ ਦਿੱਲੀ ਅਸੰਬਲੀ ਵਿਚ ਰਾਜੀਵ ਗਾਂਧੀ ਖ਼ਿਲਾਫ ਮਤਾ ਪਾਸ ਕੀਤੇ ਜਾਣ ਤੋਂ ਕੁੱਝ ਹੀ ਘੰਟਿਆਂ ਮਗਰੋਂ ਕਾਂਗਰਸ ਪਾਰਟੀ ਨੇ ਅਰਵਿੰਦ ਕੇਜਰੀਵਾਲ ਨੂੰ ਇਹ ਮਤਾ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ। ਇਸ ਗੱਲ ਵਿਚ ਹੁਣ ਕੋਈ ਸ਼ੱਕ ਨਹੀਂ ਰਿਹਾ ਕਿ ਆਪ ਕਾਂਗਰਸ ਪਾਰਟੀ ਦੀ ਬੀ ਟੀਮ ਹੈ ਅਤੇ ਇਸ ਵੱਲੋਂ 1984 ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਪਾਇਆ ਜਾ ਰਿਹਾ ਰੌਲਾ ਸਿਰਫ ਸਿੱਖਾਂ ਨੂੰ ਧੋਖਾ ਦੇਣ ਲਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਦੀ ਪੰਜਾਬ ਇਕਾਈ ਨੂੰ ਵੀ ਇਸ ਪ੍ਰਸਤਾਵਿਤ ਮਤੇ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਲਗਾਤਾਰ ਸਿੱਖ ਮੁੱਦਿਆਂ ਉਤੇ ਦੋਗਲੀ ਬੋਲੀ ਬੋਲਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਵੀ ਉਸ ਨੇ ਦੋਗਲੀ ਬੋਲੀ ਬੋਲ ਕੇ ਸਿੱਖਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਆਪ ਦੀ ਪੰਜਾਬ ਇਕਾਈ ਨੂੰ ਹੁਣ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਰਾਜੀਵ ਗਾਂਧੀ ਅਤੇ ਗਾਂਧੀ ਦੇ ਪਿੱਠੂਆਂ, ਜਿਹਨਾਂ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਸੀ, ਦੀਆਂ ਕਾਰਵਾਈਆਂ ਦਾ ਸਮਰਥਨ ਕਰਦੀ ਹੈ। ਉਹਨਾਂ ਕਿਹਾ ਕਿ ਜਿਸ ਢੰਗ ਨਾਲ ਕੇਜਰੀਵਾਲ ਹਰ ਰੋਜ਼ ਰੰਗ ਬਦਲ ਰਿਹਾ ਹੈ, ਉਹ ਕੱਲ• ਨੂੰ ਇਹ ਵੀ ਦਾਅਵਾ ਕਰ ਸਕਦਾ ਹੈ ਕਿ 1984 ਦਾ ਕਤਲੇਆਮ ਹੋਇਆ ਹੀ ਨਹੀਂ ਸੀ। ਉਹਨਾਂ ਕਿਹਾ ਕਿ ਪੰਜਾਬ ਵਿਚ ਆਪ ਦੇ ਵਿਧਾਇਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਉਹ 1984 ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਗਾਂਧੀ ਪਰਿਵਾਰ ਸਮੇਤ ਕਾਂਗਰਸੀ ਗੁੰਡਿਆਂ ਨੂੰ ਸਜ਼ਾ ਦਿਵਾਉਣ ਲਈ ਸਿੱਖ ਭਾਈਚਾਰੇ ਦੇ ਨਾਲ ਹਨ ਜਾਂ ਉਹ ਕੇਜਰੀਵਾਲ ਵਾਂਗ ਆਪਣੀ ਜ਼ਮੀਰ ਕਾਂਗਰਸ ਪਾਰਟੀ ਨੂੰ ਵੇਚ ਚੁੱਕੇ ਹਨ?
ਇਹ ਟਿੱਪਣੀ ਕਰਦਿਆਂ ਕਿ ਜੇਕਰ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਸੰਬੰਧੀ ਕਾਂਗਰਸ ਅਤੇ ਆਪ ਨੇ ਆਪਣਾ ਸਟੈਂਡ ਸਪੱਸ਼ਟ ਨਾ ਕੀਤਾ ਤਾਂ ਅਕਾਲੀ ਦਲ ਇਹ ਮੁੱਦਾ ਲੋਕਾਂ ਵਿਚ ਲੈ ਕੇ ਜਾਵੇਗਾ, ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕਿਆ ਹੈ ਕਿ ਉਹ 1984 ਕਤਲੇਆਮ ਦੇ ਜਗਦੀਸ਼ ਟਾਈਟਲਰ ਵਰਗੇ ਦੋਸ਼ੀਆਂ ਵੱਲ ਹੈ ਅਤੇ ਉਸ ਨੂੰ ਕਲੀਨ ਚਿਟ ਵੀ ਦੇ ਚੁੱਕਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਾਂਗਰਸ ਦਾ ਪਿੱਠੂ ਹੈ। ਉਸ ਨੇ ਸਿਰਫ ਸਰਕਾਰ ਬਣਾਉਣ ਲਈ ਹੀ ਕਾਂਗਰਸ ਦੀ ਮੱਦਦ ਨਹੀਂ ਲਈ ਸੀ, ਜਲਦੀ ਹੀ ਉਹ ਕਾਂਗਰਸ ਦਾ ਸਹਿਯੋਗੀ ਵੀ ਬਣਨ ਜਾ ਰਿਹਾ ਹੈ। ਇਸੇ ਵਜ•ਾ ਕਰਕੇ ਉਹ ਕਾਂਗਰਸੀ ਮੈਨੇਜਰਾਂ ਦੇ ਹੁਕਮ ਅਨੁਸਾਰ ਚੱਲਦਾ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਰਾਜੀਵ ਗਾਂਧੀ ਦੇ ਮੁੱਦੇ ਉੱਤੇ ਕੋਈ ਮਤਾ ਪਾਸ ਨਹੀਂ ਕੀਤਾ ਗਿਆ। ਹੁਣ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦਿਆਂ ਦੋਵੇਂ ਪਾਰਟੀਆਂ ਨੂੰ ਆਪਣਾ ਸਟੈਂਡ ਦਰੁਸਤ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਇਹ ਭਾਂਡਾ ਫੁੱਟ ਜਾਵੇਗਾ ਕਿ ਸਿੱਖ ਭਾਈਚਾਰੇ ਨੂੰ ਇਨਸਾਫ ਤੋਂ ਵਾਂਝੇ ਕਰਨ ਲਈ ਇਹ ਦੋਵੇਂ ਪਾਰਟੀਆਂ ਆਪਸ ਵਿਚ ਮਿਲ ਚੁੱਕੀਆਂ ਹਨ।