ਕਿਹਾ ਕਿ ਕੀ ਮੈਂ ਟਰੱਕ ਵੀ ਹਰਿਆਣਾ ਵਿਚ ਭੇਜੇ ਹਨ?
ਬਠਿੰਡਾ/08 ਮਈ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰੀ ਮੰਤਰੀ ਵੱਲੋਂ ਬਾਰਦਾਨਾ ਹਰਿਆਣਾ ਭੇਜਣ ਦੀਆਂ ਝੂਠੀਆਂ ਅਫਵਾਹਾਂ ਫੈਲਾਉਣ ਦੀ ਥਾਂ ਇਹ ਦੱਸਣਾ ਚਾਹੀਦਾ ਹੈ ਕਿ ਕਣਕ ਦੀਆਂ ਬੋਰੀਆਂ ਨਾਲ ਭਰੀਆਂ ਅਨਾਜ ਮੰਡੀਆਂ ਵਿਚੋਂ ਚੁਕਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ?
ਉਹਨਾਂ ਕਿਹਾ ਕਿ ਕੀ ਮੈਂ ਟਰੱਕ ਵੀ ਹਰਿਆਣਾ ਵਿਚ ਭੇਜੇ ਹਨ? ਉਹਨਾਂ ਕਿਹਾ ਕਿ ਰਾਜਾ ਸਾਹਿਬ! ਝੂਠੀਆਂ ਸਿਆਸੀ ਅਫਵਾਹਾਂ ਫੈਲਾਉਣ ਦੀ ਥਾਂ ਚੰਗਾ ਹੁੰਦਾ ਕਿ ਜੇਕਰ ਬਠਿੰਡਾ ਦੇ ਦੌਰੇ ਸਮੇਂ ਤੁਸੀਂ ਆਪਣੀਆਂ ਅੱਖਾਂ ਨਾਲ ਨੱਕੋ-ਨੱਕ ਭਰੀਆਂ ਮੰਡੀਆਂ ਨੂੰ ਵੇਖ ਲਿਆ ਹੁੰਦਾ।
ਇਹ ਟਿੱਪਣੀ ਕਰਦਿਆਂ ਕਿ ਉਹ ਕਰਾਂਡੀ ਦੀ ਮੰਡੀ ਵਿਚ ਗਏ ਸੀ, ਜੋ ਕਿ ਅਮਰਿੰਦਰ ਵੱਲੋਂ ਕੱਲ੍ਹ ਸਰਦੂਲਗੜ੍ਹ ਵਿਖੇ ਕੀਤੀ ਰੈਲੀ ਤੋਂ ਮਹਿਜ਼ 15 ਕਿਲੋਮੀਟਰ ਦੂਰ ਸੀ, ਬੀਬੀ ਬਾਦਲ ਨੇ ਕਿਹਾ ਕਿ ਇਸ ਮੰਡੀਆਂ ਵਿਚ ਤਕਰੀਬਨ ਤਿੰਨ ਲੱਖ ਕਣਕ ਦੀਆਂ ਭਰੀਆਂ ਬੋਰੀਆਂ ਪਈਆਂ ਸਨ। ਇੱਥੋਂ ਤਕ ਕਿਸਾਨਾਂ ਦੇ ਖੇਤਾਂ ਅਤੇ ਪਿੰਡ ਦੀ ਸ਼ਾਮਲਾਟ ਵੀ ਭਰੀ ਪਈ ਸੀ। ਉਹਨਾਂ ਕਿਹਾ ਕਿ ਇਹ ਕਣਕ ਦੀਆਂ ਬੋਰੀਆਂ ਚੁਕਾਈ ਵਾਸਤੇ ਟਰੱਕ ਨਾ ਹੋਣ ਕਰਕੇ ਮੰਡੀ ਅਤੇ ਦੂਜੀਆਂ ਥਾਂਵਾਂ ਉੱਤੇ ਪਈਆਂ ਰੁਲ ਰਹੀਆਂ ਹਨ।
ਇਹ ਟਿੱਪਣੀ ਕਰਦਿਆਂ ਕਿ ਉਹਨਾਂ ਪਹਿਲਾਂ ਵੀ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਉਹ ਆਪਣੇ ਵੱਲੋਂ ਲਾਏ ਝੂਠੇ ਦੋਸ਼ਾਂ ਨੂੰ ਸਾਬਿਤ ਕਰੇ, ਬੀਬੀ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਸਰਕਾਰ ਵੱਲੋਂ ਆਰਡਰ ਦੇਣ ਵਿਚ ਕੀਤੀ ਦੇਰੀ ਕਰਕੇ ਬਾਰਦਾਨੇ ਦੀ ਸਪਲਾਈ ਵਿਚ ਦੇਰੀ ਹੋਈ ਹੈ। ਰਵਾਇਤ ਅਨੁਸਾਰ ਨਵੰਬਰ ਵਿਚ ਬਾਰਦਾਨੇ ਦਾ ਆਰਡਰ ਭੇਜਣ ਦੀ ਥਾਂ ਸਰਕਾਰ ਨੇ ਜਨਵਰੀ ਵਿਚ ਇਹ ਆਰਡਰ ਭੇਜੇ ਸਨ। ਉਹਨਾਂ ਕਿਹਾ ਕਿ ਕਰਾਂਡੀ ਵਰਗੀਆਂ ਇੱਥੇ ਕਿੰਨੀਆਂ ਹੀ ਮੰਡੀਆਂ ਹਨ, ਜਿੱਥੇ ਟਰੱਕਾਂ ਦੀ ਕਮੀ ਕਰਕੇ ਚੁਕਾਈ ਨਹੀਂ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਆਪਣੀ ਏਸੀ ਕਾਰ ਵਿਚੋਂ ਬਾਹਰ ਨਿਕਲ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੁੰਦੀ ਤਾਂ ਤੁਹਾਨੂੰ ਇਹ ਸਭ ਕੁੱਝ ਨਜ਼ਰ ਆ ਜਾਣਾ ਸੀ।
ਮੁੱਖ ਮੰਤਰੀ ਨੂੰ ਕਿਸਾਨਾਂ ਦੀ ਮੁਸ਼ਕਿਲਾਂ ਦੂਰ ਕਰਨ ਲਈ ਆਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਲੋਕ ਇਸ ਗਰਮੀ ਦੇ ਮਹੀਨੇ ਵਿਚ ਬਿਨਾਂ ਬਿਜਲੀ ਤੋਂ ਰਹਿਣ ਲਈ ਮਜ਼ਬੂਰ ਹਨ, ਕਿਉਂਕਿ ਸਰਕਾਰ ਵੱਲੋਂ ਭੇਜੇ ਭਾਰੀ ਬਿੱਲ ਭਰਨ ਤੋਂ ਅਸਮਰਥ ਲੋਕਾਂ ਦੇ ਬਿਜਲੀ ਦੇ ਮੀਟਰ ਪੁੱਟੇ ਜਾ ਰਹੇ ਹਨ। ਉਹਨਾਂ ਕਿਹਾ ਕਿ ਗਰੀਬਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦੀ ਥਾਂ 30 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤਕ ਦੀ ਬਿਲ ਭੇਜ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸ ਸਮੱਸਿਆ ਨੂੰ ਦੂਰ ਕਰਨ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਉਸੇ ਤਰ੍ਹਾਂ ਝੂਠ ਬੋਲ ਕੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਵੇਂ ਉਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬਣਾਇਆ ਸੀ।