ਚੋਣ ਕਮਿਸ਼ਨ ਤੋਂ ਦਖਲ ਮੰਗਿਆ, ਕਾਂਗਰਸ ਨੂੰ ਹਿੰਸਾ ਤੇ ਫਿਰਕੂ ਤਣਾਅ ਭੜਕਾਉਣ ਤੋਂ ਰੋਕਣ ਦੀ ਕੀਤੀ ਮੰਗ
ਬਠਿੰਡਾ, 12 ਮਈ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਖਿਆ ਕਿ ਕਾਂਗਰਸ ਦੇ ਉਮੀਦਵਾਰ ਰਾਜਾ ਵੜਿ•ੰਗ ਦੀ ਸ਼ਹਿ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਸ਼ੀਰਵਾਦ ਨਾਲ 'ਗੁੰਡੇ' ਬਠਿੰਡਾ ਵਿਚ ਦਾਖਲ ਹੋਏ ਹਨ ਅਤੇ ਰਾਜ ਦੀ ਪੁਲਿਸ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਵਿਚ ਖਲਲ ਪਾਉਣ ਵਾਸਤੇ ਪੂਰਾ ਸਹਿਯੋਗ ਤੇ ਸਹੂਲਤ ਦੇ ਰਹੀ ਹੈ।
ਬੁਢਲਾਡਾ ਹਲਕੇ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਚੋਣ ਕਮਿਸ਼ਨ ਨੂੰ ਆਖਿਆ ਕਿ ਉਹ ਤੁਰੰਤ ਮਾਮਲੇ ਵਿਚ ਦਖਲ ਦੇਵੇ ਅਤੇ ਕਾਂਗਰਸ ਦੇ ਗੁੰਡਿਆਂ ਨੂੰ ਬਠਿੰਡਾ ਵਿਚ ਜੰਗ ਦਾ ਰਾਜ ਕਾਇਮ ਕਰਨ ਤੋਂ ਰੋਕੇ। ਉਹਨਾਂ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਬਾਹਰੀ ਲੋਕਾਂ 'ਤੇ ਨਕੇਲ ਕਸੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜ਼ਿਲ•ਾ ਪੁਲਿਸ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਜਾਣ ਕਿ ਵਿਰੋਧੀ ਧਿਰ ਆਜ਼ਾਦ ਤੇ ਨਿਰਪੱਖ ਚੋਣ ਪ੍ਰਚਾਰ ਕਰ ਸਕੇ ਅਤੇ ਨਾਲ ਹੀ ਅਕਾਲੀ ਦਲ ਦੀਆਂ ਮੀਟਿੰਗਾਂ ਵਿਚ ਖਲਲ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਸ਼ਨਾਖਤ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਹਲਕੇ ਵਿਚ ਗੜਬੜ ਫੈਲਾ ਕੇ ਇਸਦਾ ਦੋਸ਼ ਸ਼੍ਰੋਮਣੀ ਅਕਾਲੀ ਦਲ ਸਿਰ ਮੜ•ਨ ਵਾਸਤੇ ਵੱਡੀ ਸਾਜ਼ਿਸ਼ ਰਚੀ ਗਈ ਹੈ। ਉਹਨਾਂ ਕਿਹਾ ਕਿ ਕੱਲ• ਮੰਡੀ ਕਲਾਂ ਵਿਚ ਪੁਲਿਸ ਨੇ ਅਕਾਲੀ ਵਰਕਰਾਂ 'ਤੇ ਇੱਟਾਂ ਰੋੜੇ ਸੁੱਟ ਰਹੇ ਸ਼ਰਾਰਤੀ ਅਨਸਰਾਂ ਨੂੰ ਰੋਕਣ ਦਾ ਯਤਨ ਹੀ ਨਹੀਂ ਕੀਤਾ। ਉਹਨਾਂ ਕਿਹਾ ਕਿ ਸਾਜ਼ਿਸ਼ ਰਚੀ ਗਈ ਹੈ ਕਿ ਪਹਿਲਾਂ ਹਿੰਸਾ ਭੜਕਾਈ ਜਾਵੇ ਤੇ ਫਿਰ ਇਸਦਾ ਦੋਸ਼ ਅਕਾਲੀ ਦਲ ਸਿਰ ਲਗਾ ਕੇ ਅਕਾਲੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਬਠਿੰਡਾ ਦੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਨਾਲ ਹੀ ਹਲਕੇ ਵਿਚ ਫਿਰਕੂ ਤਣਾਅ ਪੈਦਾ ਕਰਨ ਦੀ ਯੋਜਨਾ ਉਲੀਕੀ ਗਈ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਰਾਜਾ ਵੜਿ•ੰਗ ਨੇ ਬੁਢਲਾਡਾ ਵਿਚ ਇਕ ਫਿਰਕੂ ਭਾਸ਼ਣ ਦਿੱਤਾ ਜਿਸ ਵਿਚ ਉਸਨੇ ਇਕ ਭਾਈਚਾਰੇ ਨੂੰ ਦੂਜੇ ਖਿਲਾਫ ਭੜਕਾਉਣ ਦਾ ਯਤਨ ਕੀਤਾ ਤੇ ਅਤਿਵਾਦ ਵੇਲੇ ਇਕ ਭਾਈਚਾਰੇ 'ਤੇ ਹੋਏ ਤਸ਼ੱਦਦ ਦਾ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਉਸਦਾ ਨਫਰਤ ਭਰਿਆ ਭਾਸ਼ਣ ਜਨਤਕ ਹੋਣ ਦੇ ਬਾਵਜੂਦ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਘਟਨਾ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਹਿੰਸਾ ਭੜਕਾਉਣ ਦਾ ਕੇਸ ਵੜਿ•ੰਗ 'ਤੇ ਦਰਜ ਕਰਨਾ ਚਾਹੀਦਾ ਹੈ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਕਾਂਗਰਸ ਵੱਲੋਂ ਰਚੀ ਗਈ ਵੱਡੀ ਸਾਜ਼ਿਸ਼ ਤਹਿਤ ਬਠਿੰਡਾ ਵਿਚ ਫਿਰਕੂ ਸਦਭਾਵਨਾ ਭੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੋਲਿੰਗ ਬੂਥਾਂ ਤੋਂ ਦੂਰ ਰਹਿਣ ਲਈ ਧਮਕਾਇਆ ਜਾ ਰਿਹ ਹੈ। ਉਹਨਾਂ ਕਿਹਾ ਕਿ ਪੁਲਿਸ ਫੋਰਸ ਵੀ ਕਾਂਗਰਸ ਪਾਰਟੀ ਤੋਂ ਹੁਕਮ ਪ੍ਰਾਪਤ ਕਰ ਰਹੀ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਪੁਲਿਸ ਨੇ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਰੋਸ ਵਿਖਾਵਾ ਕਰਨ ਵਾਲਿਆਂ ਨੂੰ ਬਾਦਲ ਪਿੰਡ ਵਿਚ ਉਹਨਾਂ ਦੀ ਰਿਹਾਇਸ਼ ਤੱਕ ਪਹੁੰਚਣ ਵਾਸਤੇ ਬਕਾਇਦਾ ਸੁਰੱਖਿਆ ਪ੍ਰਦਾਨ ਕੀਤੀ ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਇੰਨੇ ਨੀਵੇਂ ਪੱਧਰ 'ਤੇ ਘਟੀਅ ਹਰਕਤਾਂ 'ਤੇ ਉਤਰ ਆਈ ਹੈ ਕਿਉਂਕਿ ਉਸਨੈ ਮਹਿਸੂਸ ਕਰ ਲਿਆ ਹੈ ਕਿ ਚੋਣ ਵਾਅਦੇ ਪੂਰੇ ਨਾ ਕਰਨ ਕਾਰਨ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਉਹਨਾਂ ਨੇ ਅਕਾਲੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਚੜ•ਦੀਕਲਾ ਵਿਚ ਰਹਿਣ ਅਤੇ ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਹੈ ਜੋ ਵੀ ਜ਼ਬਰ ਤੇ ਧੱਕਾ ਨਹੀਂ ਹੋਣ ਦੇਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਿੰਸਾ ਭੜਕਾਉਣ ਅਤੇ ਪੰਜਾਬੀਆਂ ਨੂੰ ਫਿਰਕੂ ਲੀਹਾਂ 'ਤੇ ਵੰਡਣ ਦੀ ਕਾਂਗਰਸ ਦੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ।