ਫਗਵਾੜਾ, 9 ਸਤੰਬਰ, 2020 : ਯੂਥ ਅਕਾਲੀ ਦਲ ਨੇ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਹਨਾਂ ਦੇ ਨਜ਼ਦੀਕੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਐਸ ਸੀ ਸਕਾਲਰਸ਼ਿਪ ਦੇ ਪੈਸੇ ਦਾ ਘੁਟਾਲਾ ਕਰਨ ਖਿਲਾਫ ਸ਼ਹਿਰ ਵਿਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਤੇ ਦੋਹਾਂ ਆਗੂਆਂ ਖਿਲਾਫ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਇਥੇ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਨੇ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਵਿਚ ਕੀਤੇ ਨਿਵੇਸ਼ ਨੂੰ ਖਾ ਲਿਆ ਹੈ। ਉਹਨਾਂ ਕਿਹਾ ਕਿ ਐਸ ਸੀ ਸਕਾਲਰਸ਼ਿਪ ਸਕੀਮ ਰਾਹੀਂ ਇਹਨਾਂ ਦਲਿਤ ਵਿਦਿਆਰਥੀਆਂ ਨੇ ਉਚੇਰੀ ਸਿੱਖਿਆ ਹਾਸਲ ਕਰ ਕੇ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਸੀ ਪਰ ਧਰਮਸੋਤ ਤ ਧਾਲੀਵਾਲ ਨੇ ਉਹਨਾਂ ਦੇ ਇਹਨਾਂ ਸੁਫਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ ਤੇ ਉਹਨਾਂ ਦੇ ਹੱਕ ਦੇ ਪੈਸੇ ਖਾ ਲਏ ਹਨ।
ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਿਛਲੇ ਤਕਰੀਬਨ ਚਾਰ ਸਾਲਾਂ ਦੌਰਾਨ ਪੰਜਾਬ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਵਿਚ ਦਲਿਤ ਵਿਦਿਆਰਥੀਆਂ ਦੀ ਗਿਣਤੀ ਤਕਰੀਬਨ ਦੋ ਲੱਖ ਤੋਂ ਜ਼ਿਆਦਾ ਘੱਟ ਗਈ ਹੈ ਕਿਉਂਕਿ ਵਿਭਾਗ ਦੇ ਮੰਤਰੀ ਧਰਮਸੋਤ ਆਪਣੇ ਨਜ਼ਦੀਕੀ ਧਾਲੀਵਾਲ ਦੇ ਨਾਲ ਰਲ ਕੇ ਐਸ ਸੀ ਵਿਦਿਆਰਥੀਆਂ ਲਈ ਆਏ ਸਕਾਲਰਸ਼ਿਪ ਦੇ ਪੈਸੇ ਖਾਂਦੇ ਰਹੇ । ਉਹਨਾਂ ਕਿਹਾ ਕਿ ਇਹਨਾਂ ਸਾਲਾਂ ਦੌਰਾਨ 811 ਕਰੋੜ ਰੁਪਏ ਕੇਂਦਰ ਤੋਂ ਪ੍ਰਾਪਤ ਹੋਏ ਸਨ ਤੇ ਇਹ ਨਾ ਤਾਂ ਸਹੀ ਤਰੀਕੇ ਵੰਡੇ ਗਏ ਤੇ ਨਾ ਹੀ ਵਿਦਿਆਰਥੀਆਂ ਦੀ ਭਲਾਈ ਬਾਰੇ ਸੋਚਿਆ ਗਿਆ।
ਉਹਨਾਂ ਕਿਹਾ ਕਿ ਐਸ ਸੀ ਸਕਾਲਰਸ਼ੀਪ ਵਿੱਚ ਹੋਏ ਘੁਟਾਲੇ ਵਿੱਚ ਸਾਧੂ ਸਿੰਘ ਧਰਮਸੋਤ ਨਾਲ ਫਗਵਾੜੇ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ 25 ਕਰੋੜ ਦੇ ਹਿੱਸੇਦਾਰ ਹਨ। ਯੂਥ ਅਕਾਲੀ ਦਲ ਵੱਲੋਂ ਇਸ ਮੌਕੇ ਐਸ ਐਸ ਪੀ ਤੇ ਤਹਿਸੀਲਦਾਰ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂ ਪੱਤਰ ਦੇ ਕੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਗਈ ਤਾਂ ਜੋ ਸੱਚ ਸਾਹਮਣੇ ਆ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਨਿਝਰ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਦਿਹਾਤੀ , ਰਣਜੀਤ ਸਿੰਘ ਖੁਰਾਣਾ ਜਿਲ੍ਹਾ ਪ੍ਰਧਾਨ ਕਪੂਰਥਲਾ ਸ਼ਹਿਰੀ , ਸੁਖਦੇਵ ਸਿੰਘ ਨਾਨਕਪੂਰ , ਹਨੀ ਟੋਨਸਾ , ਬਿਕਰਮ ਸਿੰਘ ਉਚ ,
ਸੁਖਦੇਵ ਸਿੰਘ ਕਾਦੂਪੁਰ ਅਤੇ ਅਮਿਤ ਮੈਂਣੀ ਵੀ ਹਾਜ਼ਰ ਸਨ।