ਅਮਰਿੰਦਰ ਸਿੰਘ ਨੇ ਆੜ੍ਹਤੀਆਂ ਦੀ ਗੱਲ ਕੇਂਦਰ ਸਰਕਾਰ ਕੋਲ ਜਾਣ ਬੁੱਝ ਕੇ ਨਹੀਂ ਚੁੱਕੀ : ਪਰਮਬੰਸ ਸਿੰਘ ਰੋਮਾਣਾ
ਫਰੀਦਕੋਟ, 2 ਅਪ੍ਰੈਲ : ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਹੈ ਕਿ ਯੂਥ ਅਕਾਲੀ ਦਲ ਕਿਸਾਨੀ ਜਿਣਸਾਂ ਦੀ ਸਰਕਾਰੀ ਖਰੀਦ ਲਈ ਅਦਾਇਗੀ ਆੜ੍ਹਤੀਆਂ ਦੀ ਥਾਂ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਕਰਨ ਲਈ ਲਿਆਂਦੀ ਗਈ ਡੀ ਬੀ ਸਕੀਮ ਦਾ ਪੁਰਜ਼ੋਰ ਵਿਰੋਧ ਕਰੇਗਾ ਕਿਉਂਕਿ ਖੁਦ ਆਪ ਇਸ ਸਕੀਮ ਨਹੀਂ ਚਾਹੁੰਦੇ ਤੇ ਇਸ ਨਾਲ ਮੁਸ਼ਕਿਲਾਂ ਹੋਰ ਵਧਣਗੀਆਂ ਤੇ ਸਮਾਜਿਕ ਟਕਰਾਅ ਵੀ ਪੈਦਾ ਹੋਵੇਗਾ।
ਇਥੇ ਮੰਡੀ ਵਿਚ ਆੜ੍ਹਤੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲਹੈ ਕਿ ਕੇਂਦਰ ਸਰਕਾਰ 2018 ਤੋਂ ਇਹ ਡੀ ਬੀ ਟੀ ਸਕੀਮ ਲਾਗੂ ਕਰਨ ਦੀ ਗੱਲ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਪਰ ਅਮਰਿੰਦਰ ਸਿੰਘ ਸਰਕਾਰ ਨੇ ਇਸ ਯੋਜਨਾ ਦਾ ਵਿਰੋਧ ਕਰਨ ਦੀ ਥਾਂ ’ਤੇ ਸਕੀਮ ਲਾਗੂ ਕਰਨ ਵਾਸਤੇ ਵਾਰ ਵਾਰ ਮੋਹਲਤ ਮੰਗੀ। ਉਹਨਾਂ ਕਿਹਾ ਕਿ ਕੇਂਦਰੀ ਖੁਰਾਕ ਤੇ ਸਪਲਾਈ ਮੰਤਰੀ ਪਿਯੂਸ਼ ਗੋਇਲ, ਜੋ ਕਿ ਕੇਂਦਰੀ ਵਜ਼ਾਰਤ ਵਿਚ ਅੰਬਾਨੀਆਂ ਤੇ ਅਡਾਨੀਆਂ ਦੇ ਨੁਮਾਇੰਦੇ ਹਨ, ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਤੋਂ ਇਹ ਗੱਲ ਜੱਗ ਜ਼ਾਹਰ ਹੋ ਗਈ ਹੈ ਕਿ ਪੰਜਾਬ ਸਰਕਾਰ ਨੇ ਡੀ ਬੀ ਟੀ ਸਕੀਮ ਦਾ ਕਦੇ ਵੀ ਵਿਰੋਧ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹ ਗੱਲ ਮੰਤਰੀ ਨੇ ਆਪਣੀ ਚਿੱਠੀ ਵਿਚ ਲਿਖੀ ਹੈ ਕਿ ਸਰਕਾਰ ਮੋਹਲਤ ਮੰਗਦੀ ਰਹੀ ਪਰ ਵਿਰੋਧ ਕਦੇ ਨਹੀਂ ਕੀਤਾ।
ਸ੍ਰੀ ਰੋਮਾਣਾ ਨੇ ਕਿਹਾ ਕਿ ਇਹ ਤਾਂ ਤਿੰਨ ਖੇਤੀ ਕਾਨੂੰਨਾਂ ਵਾਲੀ ਗੱਲ ਹੋ ਗਈ ਜਿਹਨਾਂ ਨੁੰ ਤਿਆਰ ਕਰਨ ਵਿਚ ਅਮਰਿੰਦਰ ਸਿੰਘ ਸਰਕਾਰ ਨੇ ਪੂਰੀ ਭੂਮਿਕਾ ਨਿਭਾਈ ਤੇ ਕਿਸਾਨਾਂ ਨੂੰ ਧੋਖਾ ਦਿੱਤਾ ਪਰ ਬਾਅਦ ਵਿਚ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਆਪਣੇ ਸੁਰ ਬਦਲ ਲਏ। ਉਹਨਾਂ ਕਿਹਾ ਕਿ ਅਸਲ ਵਿਚ ਅਮਰਿੰਦਰ ਸਿੰਘ ਸਰਕਾਰ ਦੋ ਇੰਜਣਾਂ ਵਾਲੀ ਸਰਕਾਰ ਹੈ ਜਿਸਦਾ ਇਕ ਕੰਟਰੋਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਦੂਜਾ ਅਮਰਿੰਦਰ ਸਿੰਘ ਦੇ ਹੱਥਾਂ ਵਿਚ ਹੈ।
ਉਹਨਾਂ ਕਿਹਾ ਕਿ ਡੀ ਬੀ ਟੀਮ ਦਾ ਵਿਰੋਧ ਕਰਨ ਅਤੇ ਆੜ੍ਹਤੀਆਂ ਦੇ ਹਿੱਤਾਂ ਦੀ ਰਾਖੀ ਦੀ ਗੱਲ ਕੇਂਦਰ ਸਰਕਾਰ ਕੋਲ ਨਾ ਚੁੱਕ ਕੇ ਅਮਰਿੰਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਫਾਰਮ ਹਾਉਸ ਤੋਂ ਬਾਹਰ ਨਹੀਂ ਨਿਕਲੇ ਤੇ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ।
ਉਹਨਾਂ ਕਿਹਾ ਕਿ ਜੇਕਰ ਪਾਕਿਸਤਾਨੀ ਮਿੱਤਰ ਦਾ ਵੀਜ਼ਾ ਰੁਕ ਜਾਂਦਾ ਹੈ ਤਾਂ ਤੁਰੰਤ ਮੁੱਖ ਮੰਤਰੀ ਤੁਰੰਤ ਅਮਿਤ ਸ਼ਾਹ ਕੋਲ ਜਾ ਪਹੁੰਚਦੇ ਹਨ। ਉਹਨਾਂ ਸਵਾਲ ਕੀਤਾ ਕਿ ਕੀ ਪਾਕਿਸਤਾਨੀ ਮਿੱਤਰ ਦਾ ਵੀਜ਼ਾ ਆੜ੍ਹਤੀਆਂ ਤੇ ਕਿਸਾਨਾਂ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ।
ਉਹਨਾਂ ਕਿਹਾ ਕਿ ਆੜ੍ਹਤੀਆਂ ਨੇ ਵੀ ਮੁਲਕ ਲਈ ਵੱਡੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਹਰ ਸੀਜ਼ਨ ਵਿਚ ਡੇਢ ਸੌ ਲੱਖ ਟਨ ਅਨਾਜ ਬਿਨਾਂ ਕਿਸੇ ਦਿੱਕਤ ਤੋਂ ਖਰੀਦ ਕਰ ਕੇ ਅੰਨ ਦੇ ਭੰਡਾਰਾਂ ਵਿਚ ਜਾਣਾ ਤੇ ਉਸ ਤੋਂ ਬਾਅਦ ਪੀ ਡੀ ਐਸ ਸਿਸਟਮ ਰਾਹੀਂ ਹਿੰਦੋਸਤਾਨ ਦੇ ਗਰੀਬਾਂ ਕੋਲ ਅਨਾਜ ਪਹੁੰਚਦਾ ਹੈ ਤਾਂ ਇਸ ਵਿਚ ਸਭ ਤੋਂ ਵੱਡਾ ਯੋਗਦਾਨ ਕਿਸਾਨ ਦੇ ਨਾਲ ਨਾਲ ਆੜ੍ਹਤੀਆਂ ਦਾ ਹੈ। ਉਹਨਾਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਦੀ ਲੁੱਟਣ ਰੋਕਣ ਵਿਚ ਵੀ ਆੜ੍ਹਤੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ।
ਸ੍ਰੀ ਰੋਮਾਣਾ ਨੇ ਕਿਹਾ ਕਿ ਜੇਕਰ ਡੀ ਬੀ ਟੀ ਸਕੀਮ ਲਾਗੂ ਹੋ ਗਈ ਤਾਂ ਸਰਕਾਰੀ ਖਰੀਦ ਦੀ ਲੁੱਟ ਵੀ ਕਹਾਣੀ ਬਣ ਕੇ ਰਹਿ ਜਾਵੇਗੀ।
ਉਹਨਾਂ ਇਹ ਵੀ ਦੱਸਿਆ ਕਿ ਡੀ ਬੀ ਟੀ ਦੀ ਇਹ ਯੋਜਨਾ 2015 ਵਿਚ ਡਾ. ਮਨਮੋਹਨ ਸਿੰਘ ਸਰਕਾਰ ਵੇਲੇ ਆਈ ਸੀ ਜਦੋਂ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 15 ਵਾਰ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਨਾਲ ਮੀਟਿੰਗਾਂ ਕਰ ਕੇ ਇਸ ਬਾਰੇ ਸਮਝਾ ਕੇ ਇਸਨੂੰ ਰੋਕਿਆ ਸੀ।
ਉਹਨਾਂ ਕਿਹਾ ਕਿ ਹੁਣ ਕੇਂਦਰ ਤੇ ਪੰਜਾਬ ਵਿਚ ਸੱਤਾ ਤਬਦੀਲ ਹੋਣ ਮਗਰੋਂ ਸਕੀਮ ਫੇਰ ਲਿਆਂਦੀ ਜਾ ਰਹੀ ਹੈ ਜਿਸਦਾ ਯੂਥ ਅਕਾਲੀ ਦਲਪੁਰਜ਼ੋਰ ਵਿਰੋਧ ਕਰੇਗਾ।
ਉਹਨਾਂ ਕਿਹਾ ਕਿਆੜ੍ਹਤੀਆਂ ਤੇ ਕਿਸਾਨਾਂ ਦਾ ਰਿਸ਼ਤਾ ਨਹੁੰ ਮਾਸ ਦਾ ਰਿਸ਼ਤਾ ਹੈ ਜੋ ਇਸ ਸਕੀਮ ਨਾਲ ਖਤਮ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।