ਢਿੱਲੋਂ ਦੇ ਸਿਖਰ ਤੱਕ ਗੰਢਤੁੱਪ ਹੋਣ ਬਾਰੇ ਫਰੀਦਕੋਟ ਐਮ ਪੀ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦੇਣ ਮੁੱਖ ਮੰਤਰੀ : ਪਰਮਬੰਸ ਸਿੰਘ ਰੋਮਾਣਾ
ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਸੂਬੇ ਨੂੰ ਭੇਜੇ 809 ਵੈਂਟੀਲੇਟਰ ਵਰਤਣ ਵਿਚ ਨਾਕਾਮ ਰਹਿਣ ’ਤੇ ਬਲਬੀਰ ਸਿੱਧੂ ਖਿਲਾਫ ਵੀ ਕੇਸ ਦਰਜ ਕਰਨ ਦੀ ਕੀਤੀ ਮੰਗ
ਫਰੀਦਕੋਟ, 13 ਮਈ : ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਕਾਂਗਰਸ ਦੇ ਐਮ ਪੀ ਮੁਹੰਮਦ ਸਦੀਕ ਵੱਲੋਂ ਸਥਾਨਕ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖਿਲਾਫ ਲਗਾਏ ਗਏ ਗੰਭੀਰ ਦੋਸ਼ਾਂ ਦੇ ਆਧਾਰ ’ਤੇ ਯੂਥ ਅਕਾਲੀ ਦਲ ਨੇ ਚੀਫ ਡਾਇਰੈਕਟਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿਚ ਵਿਧਾਇਕ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਫਰੀਦਕੋਟ ਦੇ ਐਮ ਪੀ ਨੇ ਕੁਸ਼ਲਦੀਪ ਢਿੱਲੋਂ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ ਅਤੇ ਸੰਕੇਤ ਦਿੱਤਾ ਹੈ ਕਿ ਉਹਨਾਂ ਦੀ ਸਿਖਰਲੇ ਪੱਧਰ ਤੱਕ ਗੰਢਤੁੱਪ ਹੈ ਜਿਸ ਕਾਰਨ ਉਹ ਆਪਣੇ ਗੈਰ ਕਾਨੁੰਨੀ ਕੰਮਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐਮ ਪੀ ਦਾਅਵਿਆਂ ਬਾਰੇ ਤੁਰੰਤ ਸਪਸ਼ਟੀਕਰਨ ਜਾਰੀ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਵੀ ਸ਼ੱਕ ਦੇ ਘੇਰੇ ਵਿਚ ਆ ਜਾਣਗੇ ਤੇ ਉਹਨਾਂ ’ਤੇ ਢਿੱਲੋਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਦੋਸ਼ ਲੱਗਣਗੇ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਕਾਂਗਰਸ ਹਾਈ ਕਮਾਂਡ ਦੱਸੇ ਕਿ ਸਥਾਨਕ ਵਿਧਾਇਕ ਨੂੰ ਮਰਜ਼ੀ ਮੁਤਾਬਕ ਲੁੱਟ ਲਈ ਵਿਸ਼ੇਸ਼ ਰਿਆਇਤ ਕਿਉਂ ਦਿੱਤੀਗਈ ਹੈ। ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੁੰ ਵੀ ਸਦੀਕ ਵੱਲੋਂ ਲਾਏ ਦੋਸ਼ਾਂ ਕਿ ਢਿੱਲੋਂ ਦੇ ਗੈਰ ਕਾਨੂੰਨੀ ਰੇਤ ਮਾਇਨਿੰਗ ਵਿਚ ਸ਼ਾਮਲ ਹੋਣ ਅਤੇ ਟਰਾਂਸਪੋਰਟ ਸੈਕਟਰ ਤੋਂ ਪੈਸਾ ਵਸੂਲਣ ਤੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਗ੍ਰਾਂਟਾਂ ਵਿਚ ਕੱਟ ਲਾਉਣ ਬਾਰੇ ਸ਼ਿਕਾਇਤਾਂ ਹਨ, ਬਾਰੇ ਪ੍ਰਤੀਕਰਮ ਦੇਣਾ ਚਾਹੀਦਾ ਹੈ।
ਸ੍ਰੀ ਰੋਮਾਣਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਟਰਾਂਸਪੋਰਟ ਦੇ ਲੇਬਰ ਟੈਂਡਰ ਅਲਾਟ ਕਰਨ ਵਾਸਤੇ ਵੀ ਰਿਸ਼ਵਤ ਲੈਂਦਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਉਸ ਵੱਲੋਂ ਮਨਰੇਗਾ ਫੰਡਾਂ ਵਿਚ ਘੁਟਾਲਾ ਕਰਨ ਦੀ ਰਸਮੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਕੇਂਦਰ ਦਰਮਿਆਨ ਦੋਸਤਾਨਾ ਮੈਚ ਦੇ ਕਾਰਨ ਕੇਂਦਰੀ ਟੀਮ ਵੱਲੋਂ ਬੇਨਿਯਮੀਆਂ ਦਾ ਸਬੂਤ ਲੱਭਣ ਦੇ ਬਾਵਜੂਦ ਵੀ ਜਾਂਚ ਖੁਰਦ ਬੁਰਦ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਅਸੀਂ ਨਿਆਂ ਲਈ ਆਪਣਾ ਸੰਘਰਸ਼ ਜਾਰੀ ਰੱਖਾਂਗੇ ਤੇ ਸੂਬਾ ਵਿਜੀਲੈਂਸ ਵਿਭਾਗ ਕੋਲ ਕੁਸ਼ਲਦੀਪ ਢਿੱਲੋਂ ਖਿਲਾਫ ਸ਼ਿਕਾਇਤ ਦਰਜ ਕਰਵਾਂਗੇ।
ਯੂਥ ਅਕਾਲੀ ਦਲ ਦੇ ਆਗੂ ਨੇ ਇਹ ਵੀ ਦੱਸਿਆ ਕਿ ਫਰੀਦਕੋਟ ਦੇ ਵਸਨੀਕ ਵੀ ਕਈ ਸਾਲਾਂ ਤੋਂ ਕੁਸ਼ਲਦੀਪ ਢਿੱਲੋਂ ਦੇ ਖਿਲਾਫ ਸਬੰਧਤ ਅਧਿਕਾਰੀਆਂ ਕੋਲ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ । ਉਹਨਾਂ ਕਿਹਾ ਕਿ ਹੁਣ ਜਦੋਂ ਹਲਕੇ ਦੇ ਕਾਂਗਰਸੀ ਐਮ ਪੀ ਨੇ ਹੀ ਗੰਭੀਰ ਦੋਸ਼ ਲਗਾ ਦਿੱਤੇ ਹਨ ਤਾਂ ਇਸਦੀ ਬਾਰੀਕੀ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ।
ਇਕ ਸਵਾਲ ਦੇ ਜਵਾਬ ਵਿਚ ਸ੍ਰੀ ਰੋਮਾਣਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਜ਼ਿੰਮੇਵਾਰੀ ਹੈ ਕਿ ਉਹ ਕੋਰੋਨਾ ਖਿਲਾਫ ਲੜਾਈ ਵਿਚ ਅੱਗੇ ਹੋ ਕੇ ਅਗਵਾਈ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ਵਿਚ ਬੰਦ ਕਰ ਲਿਆ ਹੈ। ਸਿਹਤ ਮੰਤਰੀ ਵੀ ਪੂਰੀ ਤਰ੍ਹਾਂ ਨਿਕੰਮੇ ਹਨ। ਪੰਜਾਬੀਆਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਭੇਜੇ 809 ਵੈਂਟੀਲੇਟਰ ਖੋਲ੍ਹ ਕੇ ਨਹੀਂ ਵੇਖੇ। ਉਹਨਾਂ ਕਿਹਾ ਕਿ ਹੁਣ ਵੀ ਕੇਂਦਰ ਸਰਕਾਰ ਨੇ 11 ਅਪ੍ਰੈਲ ਨੂੰ ਚਿੱਠੀ ਲਿਖ ਕੇ ਸੂਬੇ ਨੂੰ ਕਿਹਾ ਹੈ ਕਿ ਉਹ ਵੈਂਟੀਲੇਟਰਾਂ ਦੀ ਵਰਤੋਂ ਕਰੇ ਜਦਕਿ ਸੁਬਾ ਸਰਕਾਰ ਨੇ 1 ਮਈ ਨੂੰ ਦਾਅਵਾ ਕਰ ਦਿੱਤਾ ਕਿ ਬਹੁਤੇ ਵੈਂਟੀਲੇਟਰ ਨੁਕਸਦਾਰ ਹਨ। ਉਹਨਾਂ ਪੁੱਛਿਆ ਕਿ ਕੀ ਹੁਣ ਤੱਕ ਇਹ ਸੁੱਤੇ ਪਏ ਸੀ ?
ਸ੍ਰੀ ਰੋਮਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਫੌਜਦਾਰੀ ਅਣਗਹਿਲੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਹੋਰ ਕੁਝ ਨਹੀਂ ਬਲਕਿ ਕਤਲ ਹੈ। ਇਸ ਮਾਮਲੇ ਵਿਚ ਸਿਹਤ ਮੰਤਰੀ ਬਲਬੀਰ ਸਿੱਧੂ ਤੇ ਇੰਨੇ ਮਹੀਨਿਆਂ ਤੱਕ ਵੈਂਟੀਲੇਟਰ ਨਾ ਵਰਤੇ ਜਾਣ ਦੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕੋਰੋਨਾ ਦੇ ਖਿਲਾਫ ਜੰਗ ਲੜਨ ਦੀ ਥਾਂ ਕੁਰਸੀ ਦੀ ਲੜਾਈ ਵਿਚ ਉਲਝਣ ਲਈ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੇ ਹਨ, ਮੁੱਖ ਮੰਤਰੀ ਸਿਧੂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਪ੍ਰਤਾਪ ਸਿੰਘ ਬਾਜਵਾ ਐਡਵੋਕੇਟ ਜਨਰਲ ਨੂੰ ਨਿਸ਼ਾਨਾ ਬਣਾ ਰਹੇ ਹਨ। ਕੋਰੋਨਾ ਨਾਲ ਜੰਗ ਕੌਣ ਲੜੇਗਾ ?