ਜਲੰਧਰ, 5 ਅਕਤੂਬਰ : ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੇ ਅੱਜ ਕਾਂਗਰਸ ਦੇ ਆਗੂ ਸ੍ਰੀ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉਹ ਐਸ ਸੀ ਸਕਾਲਰਸ਼ਿਪ ਘੁਟਾਲੇ ਦੇ ਮੁੱਖ ਦੋਸ਼ੀ ਸਾਧੂ ਸਿੰਘ ਧਰਮਸੋਤ ਦਾ ਬਚਾਅ ਕਿਉਂ ਕਰ ਰਹੇ ਹਨ ਅਤੇ ਉਹਨਾਂ ਨੇ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।
ਯੂਥ ਅਕਾਲੀ ਦਲ ਕਾਰਕੁੰਨ ਜੋ ਕਈ ਪੁਲਿਸ ਰੋਕਾਂ ਤੋੜ ਕੇ ਡਿਪਟੀ ਕਮਿਸ਼ਨਰ ਦਫਤਰ ਤੋਂ ਡਾ. ਬੀ ਆਰ ਅੰਬੇਡਕਰ ਚੌਂਕ ਪੁੱਜੇ, ਨੇ ‘ਕਾਂਗਰਸ ਦਾ ਸਾਧੂ ਚੋਰ ਹੈ’, ‘ਰਾਹੁਲ ਦਾ ਸਾਧੂ ਚੋਰ ਹੈ’ ਦੇ ਨਾਅਰੇ ਵੀ ਲਗਾਏ ਤੇ ਕਿਹਾ ਕਿ ਇਹ ਸਪਸ਼ਟ ਹੈ ਕਿ ਧਰਮਸੋਤ ਵੱਲੋਂ ਕੀਤੇ ਗੁਨਾਹ ਦਾ ਪੈਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫਤਰ ਅਤੇ ਪਾਰਟੀ ਹਾਈ ਕਮਾਂਡ ਨੂੰ ਵੀ ਮਿਲਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਅਜਿਹਾ ਹੋਰ ਕੋਈ ਕਾਰਨ ਨਹੀਂ ਹੋ ਸਕਦਾ ਜਿਸ ਕਾਰਨ ਰਾਹੁਲ ਗਾਂਧੀ ਨੇ ਮਾਮਲੇ ’ਤੇ ਚੁੱਪੀ ਧਾਰੀ ਹੋਈ ਹੈ ਅਤੇ ਉਹਨਾਂ ਨੇ ਉਸ ਮੰਤਰੀ ਨੂੰ ਮਿਸਾਲੀ ਸਜ਼ਾ ਦੇਣ ਦੀ ਹਦਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਮੰਤਰੀ ਨੇ ਤਿੰਨ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰ ਦਿੱਤਾ ਹੈ।
ਇਸ ਮੌਕੇ ਜ਼ੋਰਦਾਰ ਤਕਰੀਰ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਵੇਂ ਕੱਲ੍ਹ ਰਾਹੁਲ ਗਾਂਧੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਇਹ ਦੱਸਣ ਤੋਂ ਭੱਜ ਗਏ ਕਿ ਉਹਨਾਂ ਨੇ ਦੋਹਰੇ ਮਾਪਦਡੰ ਕਿਉਂ ਅਪਣਾਏ ਹਨ ਜਿਸ ਨਾਲ ਖੇਤੀ ਬਿੱਲ ਪਾਸ ਕਰਨ ਵਿਚ ਭਾਜਪਾ ਸਰਕਾਰ ਨੂੰ ਮਦਦ ਮਿਲੀ, ਇਸੇ ਤਰੀਕੇ ਉਹ ਦਲਿਤ ਭਾਈਚਾਰੇ ਨੂੰ ਇਹ ਦੱਸਣ ਤੋਂ ਭੱਜ ਰਹੇ ਹਨ ਕਿ ਉਹ ਧਰਮਸੋਤ ਦੀ ਪੁਸ਼ਤ ਪਨਾਹੀ ਕਿਉਂ ਕਰ ਰਹੇ ਹਨ।
ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਦੋਵੇਂ ਕੌਮੀ ਪਾਰਟੀਆਂ ਭਾਵੇਂ ਕਾਂਗਰਸ ਹੋਵੇ ਜਾਂ ਭਾਜਪਾ ਦਲਿਤਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀਆਂ ਹਨ। ਉਹਨਾਂ ਕਿਹਾ ਕਿ ਤਿੰਨ ਲੱਖ ਦਲਿਤ ਵਿਦਿਆਰਥੀਆਂ, ਜਿਹਨਾਂ ਦੀ ਸਕਾਲਰਸ਼ਿਪ ਦਾ ਪੈਸਾ ਧਰਮਸੋਤ ਤੇ ਐਸ ਸੀ ਭਲਾਈ ਵਿਭਾਗ ਦੇ ਸਾਬਕਾ ਡਾਇਰੈਕਟਰ ਤੇ ਹੁਣ ਕਾਂਗਰਸ ਦੇ ਵਿਧਾਇਕ ਬਣੇ ਬਲਵਿੰਦਰ ਸਿੰਘ ਧਾਲੀਵਾਲ ਨੇ ਖਾ ਲਿਆ, ਨੂੰ ਨਿਆਂ ਦੇਣ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਮੁਜਰਿਮਾਂ ਦਾ ਬਚਾਅ ਕਰ ਰਹੀ ਹੈ। ਇਸ ਕੇਸ ਦੀ ਸੀ ਬੀ ਆਈ ਜਾਂਚ ਜ਼ਰੂਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬਲਵਿੰਦਰ ਧਾਲੀਵਾਲ, ਜੋ ਕਿ ਇਸ ਘੁਟਾਲੇ ਦਾ ਇਕ ਮੁੱਖ ਮੁਜਰਮ ਹੈ, ਨੂੰ ਸਰਕਾਰੀ ਨੌਕਰੀ ਤੋਂ ਅਸਤੀਫਾ ਦੇਣ ਦੇ ਇਕ ਮਹੀਨੇ ਬਾਅਦ ਹੀ ਕਾਂਗਰਸ ਦੀ ਟਿਕਟ ਕਿਵੇ ਮਿਲ ਗਈ । ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਦਫਤਰ ਤੇ ਕਾਂਗਰਸ ਹਾਈ ਕਮਾਂਡ ਨੇ ਘੁਟਾਲੇਬਾਜ਼ਾਂ ਨਾਲ ਸਮਝੌਤਾ ਕੀਤਾ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਵੀ ਦਲਿਤ ਭਾਈਚਾਰੇ ਨਾਲ ਸਬੰਧਤ ਮਾਮਲੇ ’ਤੇ ਦੋਹਰੇ ਮਾਪਦੰਡ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਉਹਨਾਂ ਦਲਿਤ ਪਰਿਵਾਰਾਂ ਦੇ ਹੰਝੂ ਪੂੰਝਣ ਤੋਂ ਇਨਕਾਰ ਕਰ ਦਿੱਤਾ ਹੈ ਜਿਹਨਾਂ ਦੇ ਬੱਚੇ ਉਚੇਰੀ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਰਹਿ ਗਏ ਅਤੇ ਇਹਨਾਂ ਦੇ ਕੋਰਸ ਮੁਕੰਮਲ ਹੋਣ ’ਤੇ ਇਹਨਾਂ ਨੂੰ ਡਿਗਰੀਆਂ ਨਹੀਂ ਮਿਲੀਆਂ ਕਿਉਂਕਿ ਕਾਂਗਰਸ ਸਰਕਾਰ ਨੇ ਵਿਦਿਅਕ ਅਦਾਰਿਆਂ ਨੂੰ ਸਕਾਲਰਸ਼ਿਪ ਦੇ ਪੈਸੇ ਨਹੀਂ ਦਿੱਤੇ।
ਯੂਥ ਅਕਾਲੀ ਦਲ ਨੇ ਇਸ ਕੇਸ ਦੀ ਮੁੜ ਜਾਂਚ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਹੁਕਮਾਂ ਨੂੰ ਵੀ ਰੱਦ ਕਰ ਦਿੱਤਾ। ਉਸਨੇ ਕਿਹਾ ਕਿ ਇਕ ਜੂਨੀਅਰ ਅਧਿਕਾਰੀ, ਐਡੀਸ਼ਨਲ ਚੀਫ ਸੈਕਟਰੀ ਰੈਂਕ ਦੇ ਅਫਸਰ ਵੱਲੋਂ 69 ਕਰੋੜ ਰੁਪਏ ਦੇ ਘੁਟਾਲੇ ਵਿਚ ਧਰਮਸੋਤ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਮਾਮਲੇ ਦੀ ਮੁੜ ਜਾਂਚ ਕਰਕੇ ਕਲੀਨ ਚਿੱਟ ਨਹੀਂ ਦੇ ਸਕਦਾ। ਇਸਨੇ ਇਹ ਵੀ ਕਿਹਾ ਕਿ ਧਰਮਸੋਤ ਤੇ ਧਾਲੀਵਾਲ ਨੂੰ ਅਸਲ ਜਾਂਚ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਪਰ ਇਹ ਦੋਸ਼ ਹੁਣ ਕਲੈਰੀਕਲ ਸਟਾਫ ਸਿਰ ਮੜ੍ਹਨ ਦਾ ਯਤਨ ਕੀਤਾ ਜਾ ਰਿਹਾ ਹੈ।
ਸ੍ਰੀ ਰੋਮਾਣਾ ਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਯੂਥ ਅਕਾਲੀ ਵਰਕਰਾਂ ਨੇ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਨੂੰ ਅੰਬੇਡਕਰ ਚੌਂਕ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਪ੍ਰਣ ਲਿਆ ਕਿ ਜਦੋਂ ਤੱਕ ਇਸ ਕੇਸ ਵਿਚ ਧਰਮਸੋਤ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਨਹੀਂ ਭੇਜਿਆ ਜਾਂਦਾ, ਉਹ ਨਿਆਂ ਲੈਣ ਵਾਸਤੇ ਸੰਘਰਸ਼ ਕਰਦੇ ਰਹਿਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪ੍ਰੀਤ ਸਿੰਘ ਰਾਣਾ, ਤੇਜਿੰਦਰ ਸਿੰਘ ਨਿੱਝਰ ਅਤੇ ਦਲਜੀਤ ਮਾਹੀ ਚੱਕ ਵੀ ਹਾਜ਼ਰ ਸਨ।