ਜਦੋਂ ਤੱਕ ਮਾਮਲੇ ਵਿਚ ਨਿਆਂ ਨਹੀਂ ਮਿਲਦਾ ਟਿਕ ਕੇ ਨਹੀਂ ਬੈਠਾਂਗੇ : ਯੂਥ ਅਕਾਲੀ ਦਲ, ਐਸ ਓ ਆਈ
ਚੰਡੀਗੜ੍ਹ, 4 ਅਕਤੂਬਰ : :ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਨੇ ਅੱਜ ਉੱਤਰਾਖੰਡ ਵਿਚ ਲਖੀਮਪੁਰ ਖੇੜੀ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਕਿਸਾਨਾਂ ਨੂੰ ਆਪਣੀ ਗੱਡੀ ਥੱਲੇ ਕੁਚਲ ਕੇ ਮਾਰਨ ਵਿਰੁੱਧ ਕੈਂਡਲ ਮਾਰਚ ਕੱਢਿਆ।
ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਯੁਥ ਅਕਾਲੀ ਦਲ ਦੇ ਬੁਲਾਰੇ ਅਤੇ ਫਤਿਹਗੜ੍ਹ ਸਾਹਿਬ ਇਕਾਈ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਐਸ ਓ ਆਈ ਦੇ ਪ੍ਰਧਾਨ ਰੋਬਿਨ ਬਰਾੜ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਭਾਜਪਾ ਦੀ ਅਗਵਾਈਵ ਾਲੀਆਂ ਸਰਕਾਰਾਂ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰਾਂ ਦੀ ਪਰਵਾਹ ਕੀਤੇ ਬਗੈਰ ਧੱਕੇ ਨਾਲ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਿਸਾਨ ਜੋ ਤਿੰਨ ਨਫਰਤ ਭਰੇ ਖੇਤੀ ਕਾਨੂੰਨਾਂ ਦੇ ਖਿਲਾਫ ਲਖੀਮਪੁਰ ਖੇੜੀ ਵਿਖੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ, ਨੂੰ ਭਾਜਪਾ ਆਗੂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਗੱਡੀਆਂ ਥੱਲੇ ਕੁਚਲ ਦਿੱਤਾ।
ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਨੇ ਵਿਦਵਾਨਾਂ ਦੀ ਉਸ ਸੋਚ ਨੁੰ ਦ੍ਰਿੜ੍ਹ ਕੀਤਾ ਹੈ ਕਿ ਕੇਂਦਰ ਸਰਕਾਰ ਤੇ ਭਾਜਪਾ ਦੀਆਂ ਰਾਜ ਸਰਕਾਰਾਂ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀਆਂ ਹਨ ਤੇ ਉਹ ਕਿਸਾਨਾਂ ਦੇ ਸ਼ਾਂਤੀਪੂਰਨ ਅੰਦੋਲਨ ਨੁੰ ਕੁਚਲਣ ਵਾਸਤੇ ਤਿਆਰ ਹਨ।
ਇਹਨਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਜਿਵੇਂ ਬੀਤੇ ਸਮੇਂ ਦੌਰਾਨ ਇਹ ਪਰਖ ਦੀ ਘੜੀ ਵਿਚ ਕਿਸਾਨਾਂ ਨਾਲ ਖੜਿ੍ਹਆ, ਉਵੇਂ ਹੀ ਹਰ ਵੇਲੇ ਖੜ੍ਹਾ ਰਹੇਗਾ। ਉਹਨਾਂ ਕਿਹਾ ਕਿ ਨਾ ਤਾਂ ਭਾਜਪਾ ਨਾ ਹੀ ਕਿਸੇ ਹੋਰ ਨੂੰ ਕਿਸਾਨਾਂ ਨੁੰ ਕੁਚਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਹਨਾਂ ਯੁਥ ਅਕਾਲੀ ਦਲ ਤੇ ਐਸ ਓ ਆਈ ਕਾਰਕੁੰਨਾਂ ਨੇ ਬਾਅਦ ਵਿਚ ਪੰਜਾਬ ਦੇ ਰਾਜਪਾਲ ਦੀ ਸਰਕਾਰੀ ਰਿਹਾਇਸ਼ ਰਾਜ ਭਵਨ ਤੱਕ ਰੋਸ ਮਾਰਚ ਕੀਤਾ ਤੇ ਉਥੇ ਦੇਰ ਰਾਤ ਤੱਕ ਧਰਨਾ ਦਿੱਤਾ।
ਦੇਰ ਰਾਤ ਖਬਰ ਲਿਖੇ ਜਾਣ ਤੱਕ ਇਹ ਧਰਨਾ ਜਾਰੀ ਸੀ…..