ਯੂਥ ਆਗੂ ਸਰਬਜੋਤ ਸਾਬੀ ਨੇ ਲੋਕਤੰਤਰੀ ਰੋਸ ਪ੍ਰਦਰਸ਼ਨ ਦਬਾਉਣ ਲਈ ਨੌਜਵਾਨਾਂ ’ਤੇ ਲਾਠੀਚਾਰਜ ਕਰਨ ਦੀ ਜ਼ੋਰਦਾਰ ਨਿਖੇਧੀ
ਕਿਹਾ ਕਿ ਜੇਕਰ ਬਲਬੀਰ ਸਿੱਧੂ ਨੁੰ ਬਰਖ਼ਾਸਤ ਨਾ ਕੀਤਾ ਤਾਂ ਫਿਰ ਨੌਜਵਾਨ ਮੁੱਖ ਮੰਤਰੀ ਦਾ ਵੀ ਘਿਰਾਓ ਕਰਨਗੇ
ਚੰਡੀਗੜ੍ਹ, 7 ਜੂਨ : ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਸਰਕਾਰੀ ਰਿਹਾਇਸ਼ ਨੂੰ ਜਾਂਦੇ ਰਾਹ ’ਤੇ ਧਰਨਾ ਦਿੱਤਾ ਤੇ ਦਲੇਰੀ ਨਾਲ ਲਾਠੀਚਾਰਜ ਦਾ ਵੀ ਸਾਹਮਣਾ ਕੀਤਾ ਅਤੇ ਪੰਜਾਬੀਆਂ ਨੁੰ ਮੁਫਤ ਲੱਗਣ ਵਾਲੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੁੰ ਮੁਨਾਫੇ ’ਤੇ ਵੇਚਣ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਇਹ ਰੋਸ ਪ੍ਰਦਰਸ਼ਨ ਜਿਸਦੀ ਅਗਵਾਈ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਕਰ ਰਹੇ ਸਨ, ਦੌਰਾਨ ਨੌਜਵਾਨਾਂ ਨੇ ਪਹਿਲਾਂ ਮੰਤਰੀ ਦੇ ਘਰ ਦੇ ਵਿਹੜੇ ’ਚ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਸਦੇ ਸਾਹਮਣੇ ਹੀ ਧਰਨਾ ਦਿੱਤਾ।
ਨੌਜਵਾਨਾਂ ਨੇ ਪੁਲਿਸ ਵੱਲੋਂ ਲਾਠੀਚਾਰਜ ਨਾਲ ਅਤੇ ਯੂਥ ਅਕਾਲੀ ਦਲ ਵਰਕਰਾਂ ਦੀ ਖਿੱਚ ਧੂਹ ਕਰ ਕੇ ਉਹਨਾਂ ਦੀ ਆਵਾਜ਼ ਦਬਾਉਣ ਦੇ ਯਤਨਾਂ ਦਾ ਜ਼ੋਰਦਾਰ ਵਿਰੋਧ ਕੀਤਾ।
ਬਲਬੀਰ ਸਿੱਧੂ ਦੇ ਖਿਲਾਫ ਨਾਅਰੇਬਾਜ਼ੀ ਕਰਨ ਤੋਂ ਇਲਾਵਾ ਇਹਨਾਂ ਨੌਜਵਾਨਾਂ ਨੇ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਕਿਉਂਕਿ ਉਹਨਾਂ ਨੇ ਨੌਜਵਾਨਾਂ ਨਾਲ ਬਦਸਲੂਕੀ ਕੀਤੀ।
ਨੌਜਵਾਨਾਂ ਨੁੰ ਡਟੇ ਰਹਿਣ ਲਈ ਆਖਦਿਆਂ ਯੂਥ ਅਕਾਲੀ ਦਲ ਆਗੂ ਸਰਬਜੋਤ ਸਾਬੀ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਵਰਕਰ ਉਦੋਂ ਤੱਕ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ ਜਦੋਂ ਤੱਕ ਬਲਬੀਰ ਸਿੱਧੂ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਨਹੀਂ ਕੀਤਾ ਜਾਂਦਾ। ਉਹਨਾਂ ਇਹ ਵੀ ਮੰਗ ਕੀਤੀ ਕਿ 80 ਹਜ਼ਾਰ ਵੈਕਸੀਨ ਡੋਜ਼ ਮੁਨਾਫਾ ਕਮਾ ਕੇ ਪ੍ਰਾਈਵੇਟ ਹਸਪਤਾਲਾਂ ਨੁੰ ਵੇਚ ਕੇ ਭ੍ਰਿਸ਼ਟਾਚਾਰ ਕਰਨ ਅਤੇ ਆਮ ਲੋਕਾਂ ਨੂੰ ਜੀਵਨ ਬਚਾਉਣ ਲਈ ਵੈਕਸੀਨ ਦੇਣ ਤੋਂ ਇਨਕਾਰ ਕਰਨ ਲਈ ਸਿਹਤ ਮੰਤਰੀ ਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਹ ਮੰਤਰੀ ਤੇ ਪ੍ਰਾਈਵੇਟ ਹਸਪਤਾਲਾਂ ਦਰਮਿਆਨ ਸ਼ਰ੍ਹੇਆਮ ਲੈਣ ਦੇਣ ਦਾ ਮਾਮਲਾ ਹੈ ਜਿਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਮਨੁੱਖਤਾ ਖਿਲਾਫ ਇਸ ਅਪਰਾਧ ਦੇ ਦੋਸ਼ੀਆਂ ਨੁੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਯੂਥ ਅਕਾਲੀ ਦਲ ਮੁੱਖ ਮੰਤਰੀ ਦੇਖਿਲਾਫ ਵੀ ਰੋਸ ਪ੍ਰਦਰਸ਼ਨ ਕਰੇਗਾ।
ਇਸ ਮੌਕੇ ਸੀਨੀਅਰ ਯੂਥ ਆਗੂ ਸਰਬਜੀਤ ਸਿੰਘ ਝਿੰਜਰ, ਸੁਖਵਿੰਦਰ ਸਿੰਘ ਸੋਨੂੰ ਲੰਗਾਹ, ਕੰਵਲਪ੍ਰੀਤ ਸਿੰਘ ਕਾਕੀ ਤੇ ਜਸਪ੍ਰੀਤ ਸਿੰਘ ਰਾਣਾ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਭ੍ਰਿਸ਼ਟ ਮੰਤਰੀ ਦਾ ਬਚਾਅ ਕਰਨ ਨਾਲੋਂ ਕੋਰੋਨਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਦਾ ਸਾਥ ਦੇਣ। ਉਹਨਾਂ ਕਿਹਾ ਕਿ ਸਰਕਾਰੀ ਡਿਸਪੈਂਸਰੀਆਂ ਤੇ ਹਸਪਤਾਲਾਂ ਵਿਚ ਲੋਕਾਂ ਨੂੰ ਵੈਕਸੀਨ ਨਹੀਂ ਮਿਲ ਅਤੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਪ੍ਰਤੀ ਡੋਜ਼ 1500 ਤੋਂ 2000 ਰੁਪਏ ਤੱਕ ਖਰਚ ਕਰਨੇ ਪੈ ਰਹੇ ਹਨ। ਉਹਨਾਂ ਕਿਹਾ ਕਿ ਇਹ ਵੈਕਸੀਨ ਲੋਕਾਂ ਨੁੰ ਮੁਫਤ ਲੱਗਣੀ ਸੀ।
ਯੂਥ ਆਗੂਆਂ ਨੇ ਮੰਗ ਕੀਤੀ ਕਿ ਵੈਕਸੀਨ ਘੁਟਾਲੇ ਤੋਂ ਇਲਾਵਾ ਬਲਬੀਰ ਸਿੱਧੂ ਦੇ ਫਤਿਹ ਕਿੱਟ ਘੁਟਾਲੇ ਵਿਚ ਰੋਲ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਨਕਾਬ ਕੀਤਾ ਹੈ, ਅਤੇ ਪੀ ਪੀ ਈ ਘੁਟਾਲਾ ਤੇ ਬਿਊਪ੍ਰੇਨੋਰਫੀਨ ਗੋਲੀਆਂ ਦੇ ਘੁਟਾਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਿਹਤ ਐਮਰਜੰਸੀ ਵੇਲੇ ਅਜਿਹੇ ਭ੍ਰਿਸ਼ਟ ਮੰਤਰੀ ਦੀ ਸਿਹਤ ਵਿਭਾਗ ਦੀ ਅਗਵਾਈ ਵਾਸਤੇ ਜ਼ਰੂਰ ਨਹੀਂ ਹੈ।