ਚੰਡੀਗੜ•/22 ਨਵੰਬਰ:ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਕਾਸ਼ ਉਤਸਵ ਉੱਤੇ ਆਪਣੀ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਵਿੱਤਰ ਗੁਰਬਾਣੀ ਦਾ ਰੂਹਾਨੀ ਆਨੰਦ ਮਾਣਦਿਆਂ ਬਿਤਾਉਣਗੇ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀ ਸਫਦਰਜੰਗ ਰੋਡ ਵਾਲੀ ਰਿਹਾਇਸ਼ ਉੱਤੇ ਕਰਵਾਏ ਜਾ ਰਹੇ ਕੀਰਤਨ ਦਰਬਾਰ ਵਿਚ ਹਾਜ਼ਰੀ ਭਰਨਗੇ।
ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਉਤਸਵ ਦੇ ਚੱਲ ਰਹੇ ਜਸ਼ਨਾਂ ਤਹਿਤ ਇੱਕ ਧਾਰਮਿਕ ਸਮਾਗਮ ਤੇ ਕੀਰਤਨ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਜਨਤਕ ਹਾਜ਼ਰੀ ਹੋਵੇਗੀ। ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਅੱਜ ਦੁਪਹਿਰ ਐਨਡੀਏ ਸਰਕਾਰ ਵੱਲੋਂ ਲਏ ਉਹਨਾਂ ਅਹਿਮ ਫੈਸਲਿਆਂ ਦੀ ਰੋਸ਼ਨੀ ਵਿਚ ਵੇਖਿਆ ਜਾ ਸਕਦਾ ਹੈ, ਜਿਹਨਾਂ ਵਿਚ ਹੋਰਨਾਂ ਫੈਸਲਿਆਂ ਤੋਂ ਇਲਾਵਾ ਸਰਕਾਰ ਨੇ ਪਹਿਲੇ ਗੁਰੂ ਸਾਹਿਬਾਨ ਨਾਲ ਜੁੜੇ ਇਤਿਹਾਸਕ ਗੁਰਧਾਮ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਭਾਰਤ ਵਾਲੇ ਪਾਸੇ ਇੱਕ ਆਧੁਨਿਕ ਲਾਂਘਾ ਬਣਾਉਣ ਦਾ ਐਲਾਨ ਕੀਤਾ ਸੀ।
ਸ੍ਰੀ ਬੈਂਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਸ਼ਾਮ ਪਵਿੱਤਰ ਗੁਰਬਾਣੀ ਸੁਣਦਿਆਂ ਸਿੱਖ ਸੰਗਤ ਵਿਚ ਬੈਠ ਕੇ ਬਿਤਾਉਣ ਦੀ ਇੱਛਾ ਪ੍ਰਗਟਾਈ ਹੈ। ਸਾਰੇ ਪਰਕਾਸ਼ ਪੁਰਬਾਂ ਉੱਤੇ ਧਾਰਮਿਕ ਸੇਵਾ ਦੇ ਨਾਲ ਨਾਲ ਪਵਿੱਤਰ ਗੁਰਬਾਣੀ ਦਾ ਪ੍ਰਵਾਹ ਹੁੰਦਾ ਹੈ, ਜਿਸ ਨੂੰ ਸੁਣ ਕੇ ਰੂਹਾਨੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਰਦਾਰ ਬਾਦਲ ਦੀ ਰਿਹਾਇਸ਼ ਉਤੇ ਇਹ ਗੁਰਾਬਣੀ ਕੀਰਤਨ ਸ਼ਾਮੀ 7 ਵਜੇ ਸ਼ੁਰੂ ਹੋਵੇਗਾ।