ਕਿਹਾ ਕਿ ਦੁਬਾਰਾ ਨਵੇਂ ਜੋਸ਼ ਨਾਲ ਮੈਂ ਸਿਆਸਤ 'ਚ ਆ ਗਈ ਹਾਂ
ਚੰਡੀਗੜ•/06 ਦਸੰਬਰ: ਆਮ ਬੰਦਿਆਂ ਵਾਂਗ ਜਦੋਂ ਵਿਰੋਧੀ ਦੁਆਰਾ ਕਾਨੂੰਨੀ ਲੜਾਈਆਂ ਵਿਚ ਉਲਝਾ ਲਏ ਜਾਂਦੇ ਹਨ ਤਾਂ ਸਿਆਸਤਦਾਨ ਵੀ ਬਹੁਤ ਜ਼ਿਆਦਾ ਦੁੱਖ ਅਤੇ ਸੰਤਾਪ ਭੋਗਦੇ ਹਨ। ਇਸ ਤੋਂ ਇਲਾਵਾ ਗੈਰਜ਼ਿੰਮੇਵਾਰ ਮੀਡੀਆ ਟਰਾਇਲ ਉਹਨਾਂ ਦੀਆਂ ਤਕਲੀਫਾਂ ਨੂੰ ਹੋਰ ਵੱਡਾ ਕਰ ਦਿੰਦੀ ਹੈ।
ਇਹ ਟਿੱਪਣੀਆਂ ਹਾਲ ਹੀ ਵਿਚ ਆਪਣੀ ਧੀ ਦੇ ਕੇਸ ਵਿਚੋਂ ਬਰੀ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਕੀਤੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਆਪਣੇ ਬੇਟੀ ਦੀ ਮੌਤ ਪਿੱਛੋਂ 18 ਸਾਲ ਸੰਤਾਪ ਭੋਗਿਆ ਹੈ। ਸੀਬੀਆਈ ਅਦਾਲਤ ਦੁਆਰਾ ਉਹਨਾਂ ਨੂੰ ਦਿੱਤੀ 5 ਸਾਲ ਦੀ ਸਜ਼ਾ ਨੂੰ ਰੱਦ ਕਰਕੇ ਅਖੀਰ ਪੰਜਾਬ ਅਤੇ ਹਰਿਆਣਾ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਅਤੇ ਬੇਕਸੂਰ ਘੋਸ਼ਿਤ ਕੀਤਾ ਹੈ।
ਬੀਬੀ ਜੰਗੀਰ ਕੌਰ ਨੇ ਦੱਸਿਆ ਕਿ ਉਹਨਾਂ ਦੀ ਤਕਲੀਫ ਸਿਰਫ ਪਹਿਲਾਂ ਸੀਬੀਆਈ ਕੋਰਟ ਅਤੇ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਪੇਸ਼ੀਆਂ ਭੁਗਤਣ ਤਕ ਸੀਮਤ ਨਹੀਂ ਸੀ, ਸਗੋਂ ਮੀਡੀਆ ਵੱਲੋਂ ਕੀਤੀ ਜਾ ਰਹੀ ਇੱਕਪਾਸੜ ਟਰਾਇਲ ਵੀ ਉਹਨਾਂ ਦਾ ਸੰਤਾਪ ਵਧਾ ਰਹੀ ਸੀ, ਜੋ ਕਿ ਫਜ਼ੂਲ ਦੀਆਂ ਅਟਕਲਾਂ ਰਾਹੀਂ ਰੋਜ਼ਾਨਾ ਫੈਸਲੇ ਸੁਣਾਉਂਦਾ ਸੀ ਅਤੇ ਅਕਾਲੀ ਆਗੂ ਨੂੰ ਬਿਨਾਂ ਕਿਸੇ ਸਬੂਤ ਤੋਂ ਦੋਸ਼ੀ ਘੋਸ਼ਿਤ ਕਰ ਰਿਹਾ ਸੀ।
ਅਕਾਲੀ ਆਗੂ ਨੇ ਦੱਸਿਆ ਕਿ ਇਸ ਪੀਰੀਅਡ ਦੌਰਾਨ ਇਸ ਕਦੇ ਨਾ ਮੁੱਕਣ ਵਾਲੀ ਨਮੋਸ਼ੀ ਅਤੇ ਭਾਵਨਾਤਮਕ ਅੱਤਿਆਚਾਰ ਨੇ ਉਹਨਾਂ ਦੇ ਸਿਆਸੀ ਕਰੀਅਰ ਨੂੰ ਤਬਾਹ ਕਰ ਦਿੱਤਾ ਸੀ। ਉਹਨਾਂ ਨੂੰ ਚੋਣਾਂ ਲੜਣ ਤੋਂ ਰੋਕ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਭਾਵੇਂ ਅਦਾਲਤ ਨੇ ਉਹਨਾਂ ਨੂੰ ਨਿਰਦੋਸ਼ ਐਲਾਨ ਦਿੱਤਾ ਹੈ, ਪਰ ਸਮੇਂ ਨੂੰ ਪੁੱਠਾ ਨਹੀਂ ਘੁਮਾਇਆ ਜਾ ਸਕਦਾ ਹੈ। ਉਸ ਸਮੇਂ ਜਿਹੜੇ ਮੌਕੇ ਉਹਨਾਂ ਦੇ ਬੂਹੇ ਉੱਤੇ ਦਸਤਕ ਦੇ ਰਹੇ ਸਨ, ਉਹ ਵਾਪਸ ਨਹੀਂ ਆ ਸਕਦੇ।
ਬੀਬੀ ਜੰਗੀਰ ਕੌਰ ਨੇ ਦੇਰੀ ਨਾਲ ਮਿਲੇ ਇਸ ਇਨਸਾਫ ਲਈ ਹਾਈ ਕੋਰਟ ਦੇ ਜੱਜਾਂ ਦਾ ਧੰਨਵਾਦ ਕੀਤਾ। ਉਹਨਾਂ ਆਪਣੀ ਕਿਸਮਤ ਉੱਤੇ ਵੀ ਮਾਣ ਮਹਿਸੂਸ ਕੀਤਾ ,ਕਿਉਂਕਿ ਸਾਰੇ ਇੰਨੇ ਖੁਸ਼ਕਿਸਮਤ ਨਹੀਂ ਹੁੰਦੇ ਕਿ ਉਹਨਾਂ ਨੂੰ ਆਪਣੇ ਜੀ1ੁਂਦੇ ਜੀਅ ਇਨਸਾਫ ਮਿਲ ਸਕੇ। ਬੀਬੀ ਜੰਗੀਰ ਕੌਰ ਨੇ ਕਿਹਾ ਕਿ ਮੇਰੇ ਕੋਲ ਆਪਣੇ ਵਿਰੋਧੀਆਂ ਨਾਲ ਲੜਣ ਵਾਸਤੇ ਸਮਾਂ ਅਤੇ ਪੈਸਾ ਸੀ ਅਤੇ ਪ੍ਰਮਾਤਮਾ ਨੇ ਮੈਨੂੰ ਇਸ ਕਸ਼ਟ ਨੂੰ ਸਹਿਣ ਦੀ ਤਾਕਤ ਬਖ਼ਸ਼ੀ।
ਬੀਬੀ ਜੰਗੀਰ ਕੌਰ ਹੁਣ ਇਹਨਾਂ ਦੇ 18 ਸਾਲਾਂ ਦੇ ਸੰਕਟ ਭਰੇ ਸਮੇਂ ਦਾ ਪਰਛਾਵਾਂ ਆਪਣੇ ਭਵਿੱਖ ਦੇ ਕਾਰਜਾਂ ਉੱਤੇ ਨਹੀਂ ਪੈਣ ਦੇਣਾ ਚਾਹੁੰਦੇ। ਉਹ ਪੂਰੇ ਜੋਸ਼ ਅਤੇ ਦ੍ਰਿੜ ਇਰਾਦੇ ਨਾਲ ਸਿਆਸਤ ਵਿਚ ਵਾਪਸੀ ਕਰਨਗੇ ਅਤੇ ਪੰਜਾਬ ਦੀ ਰਾਜਨੀਤੀ ਅੰਦਰ ਇੱਕ ਹਾਂ-ਪੱਖੀ ਅਤੇ ਉਸਾਰੂ ਭੂਮਿਕਾ ਨਿਭਾਉਣਗੇ।