ਚੰਡੀਗੜ੍ਹ/23 ਸਤੰਬਰ:ਸ਼੍ਰੋਮਣੀ
ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹੈ ਅਤੇ ਸ੍ਰੀ ਦਰਬਾਰ
ਸਾਹਿਬ ਅਤੇ ਸੂਬੇ ਦੇ ਬਾਕੀ ਧਾਰਮਿਕ ਸੰਸਥਾਨਾਂ ਲਈ ਲੰਗਰ ਉੱਤੇ ਸਟੇਟ ਜੀਐਸਟੀ ਦਾ
ਹਿੱਸਾ ਰੀਫੰਡ ਕਰਨ ਦੇ ਵਾਅਦੇ ਤੋਂ ਮੁਕਰ ਕੇ ਪੁਰਾਣੇ ਅਪਰਾਧੀਆਂ ਵਾਂਗ ਵਿਵਹਾਰ ਕਰ ਰਿਹਾ
ਹੈ।
ਇੱਥੇ
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇੱਕ ਮੁੱਖ
ਮੰਤਰੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਅਜਿਹੇ ਬਿਆਨ ਦੇ ਕੇ ਸਿੱਖ ਸੰਗਤ ਨੂੰ ਮੂਰਖ
ਬਣਾਉਣ ਦੀ ਕੋਸ਼ਿਸ਼ ਕਰੇ ਕਿ ਐਸਜੀਪੀਸੀ ਨੂੰ ਦੇਣ ਵਾਸਤੇ ਲੰਗਰ ਉੱਤੇ ਸਟੇਟ ਜੀਐਸਟੀ ਰੀਫੰਡ
ਦਾ ਪੈਸਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੋਲ ਪਹੁੰਚਾ ਦਿੱਤਾ ਗਿਆ ਹੈ, ਜਦਕਿ ਸ਼੍ਰੋਮਣੀ
ਕਮੇਟੀ ਵੱਲੋਂ ਵਾਰ ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਪੈਸਾ ਜਾਰੀ ਨਹੀਂ
ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਰ ਤੁਸੀਂ ਕਿਸੇ ਅਜਿਹੇ ਵਿਅਕਤੀ ਤੋਂ ਹੋਰ ਕੀ
ਉਮੀਦ ਕਰ ਸਕਦੇ ਹੋ, ਜਿਸਨੇ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
ਚਰਨਾਂ ਦੀ ਝੂਠੀ ਸਹੁੰ ਖਾਧੀ ਹੋਵੇ।
ਸਰਦਾਰ
ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਬੰਦਾ ਵਾਰ ਵਾਰ ਝੂਠ
ਬੋਲਦਾ ਫੜਿਆ ਜਾ ਚੁੱਕਾ ਹੋਵੇ, ਉਹ ਕਾਂਗਰਸ ਸਰਕਾਰ ਨੂੰ ਜੀਐਸਟੀ ਰੀਫੰਡ ਦਾ ਵਾਅਦਾ ਪੂਰਾ
ਕਰਨ ਲਈ ਕਹਿਣ ਵਾਲੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਝੂਠਾ ਕਰਾਰ ਦੇ
ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਮੀਡੀਆ ਟੀਮ ਇਹ ਸਵੀਕਾਰ ਕਰਨ ਲਈ ਵਧਾਈ ਦੀ
ਹੱਕਦਾਰ ਹੈ ਕਿ 3.27 ਕਰੋੜ ਰੁਪਏ ਦਾ ਬਕਾਇਆ ਜੀਐਸਟੀ ਰੀਫੰਡ ਅਜੇ ਤਕ ਐਸਜੀਪੀਸੀ ਨੂੰ
ਨਹੀਂ ਦਿੱਤਾ ਗਿਆ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਬੀਬਾ ਬਾਦਲ ਨੇ ਮੁੱਖ ਮੰਤਰੀ ਨੂੰ
ਆਪਣਾ ਵਾਅਦਾ ਪੂਰਾ ਕਰਨ ਲਈ ਕਹਿ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਪ੍ਰਗਟਾਇਆ
ਸੀ।ਇਹ ਵਾਅਦਾ ਪੂਰਾ ਕਰਨ ਦੀ ਥਾਂ ਮੁੱਖ ਮੰਤਰੀ ਨੇ ਇੱਕ ਲੰਬੀ ਕਹਾਣੀ ਸੁਣਾ ਦਿੱਤੀ, ਜਿਸ
ਦਾ ਤੱਤ ਇਹ ਸੀ ਕਿ ਜੀਐਸਟੀ ਰੀਫੰਡ ਲਈ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਪਰ ਮਹੀਨਿਆਂ
ਤੋਂ ਇਹ ਪੈਸਾ ਐਸਜੀਪੀਸੀ ਨੂੰ ਜਾਰੀ ਨਹੀਂ ਕੀਤਾ ਹੈ।
ਇਹ
ਕਹਿੰਦਿਆਂ ਕਿ ਇੱਕ ਕੇਂਦਰੀ ਮੰਤਰੀ ਅਤੇ ਪੰਜਾਬ ਦੀ ਧੀ ਨਾਲ ਅਜਿਹਾ ਸਲੂਕ ਕਰਨਾ
ਬਿਲਕੁੱਲ ਹੀ ਗਲਤ ਸੀ, ਸਰਦਾਰ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਘਟੀਆ
ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਤੁਸੀਂ 22 ਮਾਰਚ
2018 ਨੂੰ ਵਿਧਾਨ ਸਭਾ ਅੰਦਰ ਡੈਸਕਾਂ ਉੱਤੇ ਕੀਤੀ ਜਾ ਰਹੀ ਠਕਠਕ ਦੌਰਾਨ ਇਹ ਐਲਾਨ ਕੀਤਾ
ਸੀ ਕਿ ਸ੍ਰੀ ਦਰਬਾਰ ਸਾਹਿਬ, ਬਾਕੀ ਦੋਵੇਂ ਤਖ਼ਤਾਂ, ਦੁਰਗਿਆਣਾ ਮੰਦਿਰ ਅਤੇ ਮਲੇਰ ਕੋਟਲਾ
ਦੀ ਮਸਜਿਦ ਨੂੰ ਸਟੇਟ ਜੀਐਸਟੀ ਦਾ ਹਿੱਸਾ ਰੀਫੰਡ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ
ਕੰਮ ਅਜੇ ਤੀਕ ਨਹੀਂ ਹੋਇਆ ਹੈ। ਇਸ ਲਈ ਚੰਗਾ ਹੋਵੇਗਾ ਕਿ ਇਹ ਰੀਫੰਡ ਤੁਸੀਂ ਤੁਰੰਤ ਜਾਰੀ
ਕਰਵਾ ਦਿਓ। ਜੇਕਰ ਇਸ ਸੰਬੰਧੀ ਅੰਮ੍ਰਿਤਸਰ ਦੇ ਡੀਸੀ ਵੱਲੋਂ ਕੁਤਾਹੀ ਹੋਈ ਹੈ, ਤਾਂ ਉਸ
ਨੂੰ ਤੁਰੰਤ ਮੁਅੱਤਲ ਕੀਤਾ ਜਾਵੇ।
ਇਸ
ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਵੱਲੋਂ
ਮੁੱਖ ਮੰਤਰੀ ਦੇ ਦਾਅਵਿਆਂ ਦੀ ਪੋਲ੍ਹ ਖੋਲ੍ਹੇ ਜਾਣ ਮਗਰੋਂ ਅੰਮ੍ਰਿਤਸਰ ਡੀਸੀ ਨੇ ਕਹਿ
ਦਿੱਤਾ ਹੈ ਕਿ ਇਸ ਸਾਲ ਦਾ ਜੀਐਸਟੀ ਰੀਫੰਡ ਜਲਦੀ ਹੀ ਐਸਜੀਪੀਸੀ ਨੂੰ ਜਾਰੀ ਕਰ ਦਿੱਤਾ
ਜਾਵੇਗਾ। ਉਹਨਾਂ ਦੱਸਿਆ ਕਿ ਪਰੰਤੂ ਅਗਸਤ 2017 ਤੋਂ 2018 ਤਕ ਦਾ 1.68 ਕਰੋੜ ਰੁਪਏ
ਸਟੇਟ ਜੀਐਸਟੀ ਰੀਫੰਡ ਅਜੇ ਵੀ ਬਕਾਇਆ ਹੀ ਰਹੇਗਾ ਅਤੇ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ
ਗਈ ਕਿ ਇਹ ਰਾਸ਼ੀ ਐਸਜੀਪੀਸੀ ਨੂੰ ਕਦੋਂ ਜਾਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਇਸ
ਗੱਲ ਦਾ ਸਬੂਤ ਹੈ ਕਿ ਜੇਕਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਇਹ ਮੁੱਦਾ ਨਾ ਉਠਾਇਆ
ਹੁੰਦਾ ਤਾਂ ਜਿਹੜੀ ਇਹ ਅੰਸ਼ਿਕ ਰਾਸ਼ੀ ਦਿੱਤੀ ਜਾ ਰਹੀ ਹੈ, ਇਹ ਵੀ ਨਹੀਂ ਸੀ ਦੇਣੀ।
ਇਹ
ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਸਿਰਫ ਖਾਨਾਪੂਰਤੀ ਵਿਚ ਯਕੀਨ ਰੱਖਦੀ ਹੈ ਅਤੇ ਇਸ
ਨੇ ਅਜੇ ਤੀਕ ਕੋਈ ਕੰਮ ਨਹੀਂ ਕੀਤਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਹਾਲ ਹੀ ਵਿਚ
ਸਰਕਾਰ ਨੇ ਡੇਰਾ ਬਾਬਾ ਨਾਨਕ ਵਿਖੇ ਇੱਕ ਕੈਬਨਿਟ ਮੀਟਿੰਗ ਕੀਤੀ ਸੀ, ਪਰ ਇਸ ਨੇ ਸ਼ਹਿਰ ਲਈ
ਕੁੱਝ ਨਹੀਂ ਕੀਤਾ। ਉਹਨਾਂ ਕਿਹਾ ਕਿ ਨਕਲੀ ਰੁਜ਼ਗਾਰ ਮੇਲਿਆਂ ਵਿਚ ਨੌਕਰੀ ਦੇਣਾ ਤਾਂ ਦੂਰ
ਗੱਲ ਹੈ, ਸੱਚਾਈ ਇਹ ਹੈ ਕਿ ਕੱਲ੍ਹ ਜਦੋਂ ਬੇਰੁਜ਼ਗਾਰ ਨੌਜਵਾਨ ਸੰਗਰੂਰ ਵਿਖੇ ਕਾਂਗਰਸ
ਸਰਕਾਰ ਨੂੰ ਉਹਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਇਕੱਠੇ ਹੋਏ ਸਨ ਤਾਂ ਉੁਹਨਾਂ
ਉੱਤੇ ਬੁਰੀ ਤਰ੍ਹਾਂ ਲਾਠੀਚਾਰਜ ਕੀਤਾ ਗਿਆ। ਉਹਨਾਂ ਕਿਹਾ ਕਿ ਆ ਰਹੀਆਂ ਜ਼ਿਮਨੀ ਚੋਣਾਂ
ਵਿਚ ਪੰਜਾਬੀ ਕਾਂਗਰਸ ਸਰਕਾਰ ਨੂੰ ਕਰਾਰਾ ਸਬਕ ਸਿਖਾਉਣਗੇ ਅਤੇ ਚਾਰੇ ਸੀਟਾਂ ਉਤੇ ਇਸ ਦਾ
ਸਫਾਇਆ ਕਰਨਗੇ।