ਭਾਜਪਾ ਦਾ ਕਾਂਗਰਸ ਵਿਚ ‘ਸਵਤੰਤਰ ਫੌਜੀ’ ਆਪਣੀ ਹੀ ਪਾਰਟੀ ਤੋਂ ਬਚਾਉਣ ਲਈ ਪੂਰੇ ਪੱਖ ਦਾ ਮੁੱਲ ਮੋੜਨ ਲਈ ਯਤਨਸ਼ੀਲ
ਮੁੱਖ ਮੰਤਰੀ ਦੀ ਵੇਖਣ ਤੇ ਸੁਣਨ ਦੀ ਤਾਕਤ ਘੱਟ ਰਹੀ ਐ, ਸੰਸਦ ਵਿਚ ਬਿੱਲ ਪਾਸ ਹੋਣ ਵੇਲੇ ਜੋ ਕੁਝ ਹੋਇਆ, ਉਹਨਾਂ ਨੂੰ ਉਹ ਕੁਝ ਦਿਸਿਆ ਜਾਂ ਸੁਣਿਆ ਨਹੀਂ
ਅਮਰਿੰਦਰ ਸਿੰਘ ਗਟਰ ਦੀ ਭਾਸ਼ਾ ਵਰਤਣ ਲੱਗੇ
ਚੰਡੀਗੜ੍ਹ, 15 ਸਤੰਬਰ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਖਿਲਾਫ ਪਾਇਆ ਰੌਲਾ ਅਸਲ ਵਿਚ ਦਰਸਾਉਂਦਾ ਹੈ ਕਿ ਉਹਨਾਂ ਵੱਲੋਂ ਪੰਜਾਬ ਦੇ ਸ਼ਾਂਤੀਪੂਰਨ ਤੇ ਦੇਸ਼ ਭਗਤ ਕਿਸਾਨਾਂ ਨੂੰ ਮਾੜੇ ਕਹਿਣ ਤੋਂ ਵਰਜਣ ’ਤੇ ਉਹ ਕਿਸ ਤਰੀਕੇ ਬੌਖਲਾ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਾਜਪਾ ਦੇ ਇਸ਼ਾਰਿਆਂ ’ਤੇ ਪੁੱਠੇ ਹੋ ਨੱਚ ਰਹੇ ਹਨ ਕਿਉਂਕਿ ਭਾਜਪਾ ਨੇ ਹੀ ਉਹਨਾਂ ਖਿਲਾਫ ਬਗਾਵਤਾਂ ਕਰਨ ਵਾਲੇ ਕਾਂਗਰਸੀ ਵਿਧਾਹਿਕਾਂ ਨੁੰ ਕੇਂਦਰੀ ਏਜੰਸੀਆਂ ਦੀ ਧਮਕੀ ਕੇ ਉਹਨਾਂ ਨੂੰ ਅੰਦਰੂਨੀ ਸੰਕਟ ਤੋਂ ਬਚਾਇਆ ਹੈ। ਉਹਨਾਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿਚ ਭਾਜਪਾ ਦੇ ‘ਸੁਤੰਤਰ ਫੌਜੀ’ ਹਨ ਅਤੇ ਉਹ ਆਪਣੇ ‘ਅਸਲ ਬੋਸ ਨੂੰ ਖੁਸ਼’ ਰੱਖਣ ਵਾਸਤੇ ਸਭ ਕੁਝ ਕਰਦੇ ਹਨ।
ਅੱਜ ਸ਼ਾਮ ਇਥੇ ਜਾਰੀ ਕੀਤੇ ਬਿਆਨ ਵਿਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਵੱਲੋਂ ਕੀਤੇ ਅਹਿਸਾਨਾਂ ਦਾ ਬਦਲਾ ਮੋੜਨ ਲਈ ਅਪਾਣੇ ਹੀ ਕਿਸਾਨਾਂ ਨਾਲ ਧੋਖਾ ਕਰਦੇ ਫੜੇ ਗਏ ਨਮੋਸ਼ੀ ਨਾਲ ਭਰੇ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਬਿਆਨ ’ਤੇ ਟਿੱਪਣੀ ਕਰ ਰਹੇ ਸਨ। ਉਹਨਾਂ ਕਿਹਾ ਕਿ ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਨੇ ਕਿਸਾਨਾਂ ਦਾ ਬਹੁਤ ਕੁਝ ਦੇਣਾ ਹੈ ਪਰ ਭਾਜਪਾ ਦਾ ਧੰਨਵਾਦ ਆਪਣੇ ਹੀ ਦੇਸ਼ ਦੇ ਆਪਣੇ ਸੂਬੇ ਵਿਚੋਂ ਅੰਨਦਾਤਾ ਦੀ ਕੀਮਤ ਤੋਂ ਨਹੀਂ ਆਉਣਾ ਚਾਹੀਦਾ। ਉਹਨਾਂ ਕਿਹਾ ਕਿ ਹੁਣ ਕਿਸੇ ਨੁੰ ਇਹ ਪਤਾ ਨਹੀਂ ਲੱਗ ਰਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਸਾਹਿਬ ਕਿਸ ਪਾਰਟੀ ਤੋਂ ਉਮੀਦਵਾਰ ਹੋਣਗੇ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਜੇਕਰ ਉਹਨਾਂ ਦਾ ਮੁੱਖ ਮੰਤਰੀ ਦਾ ਅਹੁਦਾ ਖ਼ਤਰੇ ਵਿਚ ਪਿਆ ਤਾਂ ਉਹ ਆਪਣੀ ਪਾਰਟੀ ਵੀ ਬਣਾ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਆਰਥਿਕ ਨੁਕਸਾਨ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾ ਕੇ ਉਹ ਭਾਜਪਾ ਦਾ ਅਹਿਸਾਨ ਮੋੜ ਰਹੇ ਹਨ ਜਦਕਿ ਉਹਨਾਂ ਆਪ ਸੂਬੇ ਨੁੰ ਆਰਥਿਕ ਸੰਕਟ ਵਿਚ ਧੱਕਿਆ ਹੈ।
ਸਰਦਾਰਨੀ ਬਾਦਲ ਨੇ ਕਿਹਾ ਕਿ ਉਹ ਸਮਝ ਰਹੇ ਹਨ ਕਿ ਕਿਸ ਤਰੀਕੇ ਨਮੋਸ਼ੀ ਨਾਲ ਭਰ ਕੇ ਮੁੱਖ ਮੰਤਰੀ ਉਹਨਾਂ ਖਿਲਾਫ ਬੋਲਣ ਲਈ ਗਟਰ ਦੀ ਭਾਸ਼ਾ ਵਰਤ ਰਹੇ ਹਨ ਤੇ ਆਪਣੀ ਉਮਰ ਦੇ ਲਿਹਾਰ ਨਾਲ ਖਾਸ ਤੌਰ ’ਤੇ ਇਕ ਮਹਿਲਾ ਜੋ ਉਹਨਾਂ ਦੀਆਂ ਧੀਆਂ ਦੀ ਉਮਰ ਦੀ ਹੈ, ਨੁੰ ਜਵਾਬ ਦੇਣ ਲਈ ਮਾਣ ਤੇ ਸਤਿਕਾਰ ਨਾਲ ਗੱਲ ਕਰਨਾ ਵੀ ਭੁੱਲ ਗਏ ਹਨ। ਉਹਨਾਂ ਕਿਹਾ ਕਿ ਮੈਂ ਸਮਝਦੀ ਹਾਂ ਕਿ ਉਹਨਾਂ ਨੁੰ ਮੇਰੇ ਤੋਂ ਕੀ ਤਕਲੀਫ ਹੈ। ਉਹਨਾਂ ਕਿਹਾ ਕਿ ਜੋ ਵਿਅਕਤੀ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਕੋਲੋਂ ਖਤਰੇ ਵਿਚ ਪਈ ਆਪਣੀ ਕੁਰਸੀ ਬਚਾਉਣ ਲਈ ਝੁਠ ਬੋਲਿਆਂ ਤੇ ਆਪਣੇ ਲੋਕਾਂ ਖਾਸ ਤੌਰ ’ਤੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਦਾ ਫੜਿਆ ਗਿਆ ਹੋਵੇ, ਉਹ ਕਿਸ ਤਰੀਕੇ ਨਮੋਸ਼ੀ ਤੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ। ਕੈਪਟਨ ਸਾਹਿਬ ਜਾਣਦੇ ਹਨ ਕਿ ਜੇਕਰ ਭਾਜਪਾ ਨਾ ਹੁੰਦੀ ਤਾਂ ਅੱਜ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਨਾ ਹੁੰਦੇ। ਉਹਨਾਂ ਕਿਹਾ ਕਿ ਇਹ ਉਹਨਾਂ ਲਈ ਭਗਵਾਂ ਪਾਰਟੀ ਦੇ ਅਹਿਸਾਨਾਂ ਦਾ ਮੁੱਲ ਮੋੜਨ ਦਾ ਸਮਾਂ ਹੈ। ਪਰ ਤ੍ਰਾਸਦੀ ਇਹ ਹੈ ਕਿ ਉਹ ਅਜਿਹਾ ਆਪਣੇ ਹੀ ਸੂਬੇ ਦੇ ਬਹਾਦਰ ਤੇ ਦੇਸ਼ ਭਗਤ ਕਿਸਾਨਾਂ ਨੁੰ ਬਦਨਾਮ ਕਰ ਕੇ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਆਪਣੇ ਕੁਸ਼ਾਸਨ ਤੇ ਅਯੋਗਤਾ ਕਾਰਨ ਪਹਿਲਾਂ ਹੀ ਕਸੂਤੇ ਫਸੇ ਸੂਬੇ ਦੇ ਹੋਏ ਨੁਕਸਾਨ ਦਾ ਦੋਸ਼ ਕਿਸਾਨਾਂ ਸਿਰ ਮੜ੍ਹ ਰਹੇ ਹਨ।
ਸਰਦਾਰਨੀ ਬਾਦਲ ਨੇ ਕਿਹਾ ਕਿ ਮੈਂ ਮੰਨਦੀ ਹਾਂ ਕਿ ਇਸ ਉਮਰ ਵਿਚ ਮੁੱਖ ਮੰਤਰੀ ਦੀ ਨਜ਼ਰ ਸਹੀ ਹੈ ਤੇ ਇਸ ਲਈ ਮੈਂ ਇਹ ਨਹੀਂ ਮੰਨ ਸਕਦੀ ਕਿ ਤਿੰਨ ਕਾਲੇ ਕਾਨੂੰਨਾਂ ’ਤੇ ਹੋਈ ਚਰਚਾ ਵੇਲੇ ਜੋ ਵਾਪਰਿਆ ਤੇ ਦੁਨੀਆਂ ਨੇ ਵੇਖਿਆ, ਉਹ ਉਹਨਾਂ ਨੇ ਨਹੀਂ ਵੇਖਿਆ। ਉਹਨਾਂ ਕਿਹਾ ਕਿ ਉਹ ਇਹ ਵੇਖਣ ਵਿਚ ਨਾਕਾਮ ਨਹੀਂ ਹੋ ਸਕਦੇ ਕਿ ਸਾਰੇ ਦੇਸ਼ ਵਿਚੋਂ ਸਿਰਫ ਦੋ ਸੰਸਦ ਮੈਂਬਰਾਂ ਨੇ ਇਹਨਾਂ ਬਿੱਲਾਂ ਖਿਲਾਫ ਵੋਟ ਪਾਈ ਤੇ ਦੋਹੇਂ ਉਸ ਸੂਬੇ ਦੇ ਸਨ ਜਿਥੇ ਦੇ ਕਿਸਾਨਾਂ ਨੂੰ ਉਹ ਨਿਆਂ ਮੰਗਦਿਆਂ ਨਹੀਂ ਵੇਖਣਾ ਚਾਹੁੰਦੇ। ਉਹਨਾਂ ਕਿਹਾ ਕਿ ਮੈਂ ਆਪਣੇ ਅਸਤੀਫੇ ਦੀ ਗੱਲ ਨਹੀਂ ਕਰ ਰਹੀ । ਮੈਂ ਤਾਂ ਇਹ ਕਹਿ ਰਹੀ ਹੈ ਕਿ ਸ਼ਾਇਦ ਮੁੱਖ ਮੰਤਰੀ ਦੀ ਸੁਣਨ ਦੀ ਸ਼ਕਤੀ ਇੰਨੀ ਕਮਜ਼ੋਰ ਹੋ ਗਈ ਕਿ ਉਹ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਹੀ ਮੇਰੇ ਅਤੇ ਮੇਰੀ ਪਾਰਟੀ ਦਾ ਐਲਾਨ ਨਹੀਂ ਸੁਣਿਆ ਕਿ ਜੇਕਰ ਭਾਜਪਾ ਨੇ ਬਿੱਲ ਪਾਸ ਨਾ ਕਰਨ ਬਾਰੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਫਿਰ ਅਸੀਂ ਸਰਕਾਰ ਤੇ ਐਨ ਡੀ ਏ ਛੱਡ ਦਿਆਂਗੇ।
ਅਕਾਲੀ ਆਗੂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗ ਰਿਹਾ ਹੈ ਕਿ ਜੋ ਵਿਅਕਤੀ ਉਹਨਾਂ ਤੋਂ ਉਮਰ ਵਿਚ ਇੰਨਾ ਵੱਡਾ ਹੈ, ਉਸਦਾ ਝੂਠ ਉਹ ਦੱਸ ਰਹੇ ਹਨ। ਉਹ ਪੰਜਾਬ ਵਿਚ ਅਜਿਹਾ ਚੰਗਾ ਨਹੀਂ ਸਮਝਦੇ ਕਿਉਂਕਿ ਸਾਨੁੰ ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰਨ ਤੇ ਛੋਟਿਆਂ ਦਾ ਖਿਆਲ ਰੱਖਣ ਦੀ ਸਿੱਖਿਆ ਮਿਲੀ ਹੈ। ਜੇਕਰ ਪੰਜਾਬ ਅਤੇ ਬਾਕੀ ਮੁਲਕ ਦੇ ਲੱਖਾਂ ਕਰੋੜਾਂ ਕਿਸਾਨਾਂ ਦੇ ਹਿੱਤ ਦਾਅ ’ਤੇ ਨਾ ਲੱਗੇ ਹੋਣ ਤਾਂ ਮੈਂ ਕਿਸੇ ਦਾ ਵੀ ਇਸ ਤਿਰਸਕਾਰ ਨਾ ਕਰਾਂ। ਕੈਪਟਨ ਸਾਹਿਬ ਮੈਨੁੰ ਉਹਨਾਂ ਨੂੰ ਸੱਚ ਬੋਲ ਕੇ ਦੱਸਣ ਲਈ ਮੁਆਫ ਕਰਨ। ਮੈਂ ਕਦੇ ਵੀ ਉਹਨਾਂ ਦਾ ਅਪਮਾਨ ਨਹੀਂ ਕਰਨਾ ਚਾਹੁੰਦੀ ਪਰ ਜੇਕਰ ਸੱਚਾਈ ਹੀ ਤਿਰਸਕਾਰ ਵਾਲੀ ਹੈ ਤਾਂ ਮੈਂ ਕੁਝ ਨਹੀਂ ਕਰ ਸਕਦੀ। ਮੈਂ ਕਾਮਨਾ ਕਰਦੀ ਹਾਂ ਕਿ ਅਜਿਹਾ ਨਾ ਹੁੰਦਾ।