ਚੰਡੀਗੜ੍ਹ, 31 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਮੂਣਕ ਵਿਚ ਆਏ ਹੜ੍ਹਾਂ ਨਾਲ ਹਜ਼ਾਰਾਂ ਏਕੜ ਜ਼ਮੀਨ ਮਾਰ ਹੇਠ ਆ ਜਾਣ ਦੇ ਹਾਲਾਤ ਦੀ ਤੁਰੰਤ ਸਮੀਖਿਆ ਕਰਨ ਅਤੇ ਤੁਰੰਤ ਹੜ੍ਹਾਂ ਤੋਂ ਰਾਹਤ ਵਾਲੇ ਕਦਮ ਚੁੱਕੇ ਜਾਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਪ੍ਰਭਾਵਤ ਪਿੰਡਾਂ ਵਿਚ ਕੋਈ ਰਾਹਤ ਟੀਮ ਤਾਇਨਾਤ ਨਹੀਂ ਕੀਤੀ ਤੇ ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹਾਲਾਤ ਨੁੰ ਕਾਬੂ ਕਰਨ ਅਤੇ ਇਸਨੁੰ ਹੋਰ ਵਿਗੜਨ ਤੋਂ ਰੋਕਣ।
ਸ੍ਰੀ ਮਲੂਕਾ ਨੇ ਕਿਹਾ ਕਿ ਪ੍ਰਭਾਵਤ ਲੋਕਾਂ ਨੁੰ ਖਾਣੇ ਦੇ ਪੈਕਟ ਤੇ ਸੁੱਕਾ ਰਾਸ਼ਨ ਪ੍ਰਦਾਨ ਕੀਤਾ ਜਾਵੇ ਤੇ ਦੁਧਾਰੂ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਵੇ। ਉਹਨਾ ਕਿਹਾ ਕਿ ਪ੍ਰਭਾਵਤ ਇਲਾਕਿਆਂ ਵਿਚ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਐਮਰਜੰਸੀ ਹਾਲਾਤ ਦਾ ਸਾਹਮਣਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪਾਣੀ ਉਤਰਣ ਤੋਂ ਬਾਅਦ ਜਿਹੜੇ ਕਿਸਾਨਾਂ ਦੀ ਝੋਨੇ ਦੀ ਫਸਲ ਮਾਰੀ ਗਈ ਹੈ, ਉਸਦੀ ਗਿਰਦਾਵਰੀ ਕਰਵਾਈ ਜਾਵੇ ਤੇ 30 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਅਕਾਲੀ ਆਗੂ ਨੇ ਕਿਹਾ ਕਿ ਹੜ੍ਹਾਂ ਦੇ ਮੌਜੂਦਾ ਹਾਲਾਤ ਕਾਂਗਰਸ ਸਰਕਾਰ ਦੇ ਕੁਪ੍ਰਬੰਧਨ ਦਾ ਨਤੀਜਾ ਹੈ।
ਉਹਨਾਂ ਕਿਹਾ ਕਿ ਫੀਲਡ ਵਿਚੋ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਸਥਾਨਕ ਪ੍ਰਸ਼ਾਸਨ ਬਹੁਤ ਲੋੜੀਂਦੇ ਹੜ੍ਹ ਰੋਕੂ ਕੰਮ ਕਰਨ ਵਿਚ ਨਾਕਾਮ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਵੀ ਖੇਤਾਂ ਵਿਚੋਂ ਪਾਣੀ ਮੁੜ ਘੱਗਰ ਦਰਿਆ ਵਿਚ ਪਾਉਣ ਲਈ ਪਾਈਪਾਂ ਦੀ ਮੇਨਟੇਨੈਂਸ ਨਹੀਂ ਕਰਵਾ ਸਕੀ ਤੇ ਨਾ ਹੀ ਇਹਨਾਂ ਦੀ ਸੰਭਾਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਕੁਪ੍ਰਬੰਧਨ ਕਾਰਨ ਹੀ ਸੈਂਕੜੇ ਪਿੰਡਾਂ ਵਿਚ ਕਿਸਾਨਾਂ ਨੇ ਕੱਲ੍ਹ ਕੌਮੀ ਸ਼ਾਹ ਮਾਰਗ ਬਲਾਕ ਕਰ ਦਿੱਤੇ ਸਨ।
ਸ੍ਰੀ ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਚਿਰ ਕਾਲੀ ਹੜ੍ਹ ਰੋਕੂ ਕੰਮ ਕਰਨ ਵਿਚ ਵੀ ਨਾਕਾਮ ਰਹੀ ਹੈ। ਘੱਗਰ ਦਰਿਆ ਦਾ ਕੰਮ ਵੀ ਕਈ ਸਾਲਾਂ ਤੋਂ ਠੱਪ ਹੈ । ਇਸੇ ਤਰੀਕੇ ਘੱਗਰ ਦੇ ਬੰਨ ਪੱਕੇ ਕਰਨ ਦਾ ਕੰਮ ਵੀ ਨਹੀਂ ਕੀਤਾ ਗਿਆ ਹਾਲਾਂਕਿ ਇਸਦੀ ਬਹੁਤ ਜ਼ਰੂਰਤ ਸੀ। ਉਹਨਾਂ ਕਿਹਾ ਕਿ ਜਿਹੜੀਆਂ ਥਾਵਾਂ ਤੋਂ ਹੜ੍ਹਾਂ ਦਾ ਖ਼ਤਰਾ ਰਹਿੰਦਾ ਹੈ, ਉਹਨਾਂ ਲਈ ਮੌਨਸੂਨ ਸੀਜ਼ਨ ਤੋਂ ਪਹਿਲਾਂ ਪ੍ਰਬੰਧ ਨਹੀਂ ਕੀਤੇ ਗਏ ਤੇ ਮੌਜੂਦਾ ਹਾਲਾਤ ਬਣ ਗਏ ਹਨ।